ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਰਬ ਧਰਮ ਸੰਮੇਲਨ 20 ਸਤੰਬਰ ਨੂੰ: ਕਾਲਕਾ/ਕਾਹਲੋਂ

 ਨਵੀਂ ਦਿੱਲੀ,  (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਨਾਲ ਸ਼ਹੀਦ ਹੋਏ ਅਨਿੰਨ ਗੁਰਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ , ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ &ldquo ਸਰਬ ਧਰਮ ਸੰਮੇਲਨ &ldquo ਸ਼ਨਿੱਚਰਵਾਰ, 20 ਸਤੰਬਰ 2025 ਨੂੰ ਸਵੇਰੇ 10 ਵਜੇ ਤੋਂ ਆਈ.ਸੀ.ਏ. ਆਰ. ਕਨਵੈਂਸ਼ਨ ਸੈਂਟਰ, ਪੂਸਾ ਰੋਡ , ਟੋਡਾਪੁਰ, ਨਵੀਂ ਦਿੱਲੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਸਰਬ ਧਰਮ ਸੰਮੇਲਨ ਵਿਚ ਵੱਖ-ਵੱਖ ਧਰਮਾਂ ਦੀਆਂ ਸ਼ਖਸੀਅਤਾਂ ਸ਼ਮੂਲੀਅਤ ਕਰਨਗੀਆਂ ਅਤੇ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਨਗੀਆਂ। ਉਹਨਾਂ ਦੱਸਿਆ ਕਿ ਸਰਬ ਧਰਮ ਸੰਮੇਲਨ ਦੀ ਤਿਆਰੀ ਮੁਕੰਮਲ ਕਰ ਲਈ ਗਈ ਹੈ। ਉਹਨਾਂ ਦੱਸਿਆ ਕਿ ਇਸ ਸੰਮੇਲਨ ਵਿਚ ਦਿੱਲੀ ਦੀਆਂ ਸੰਗਤਾਂ ਵੱਧ ਚੜ੍ਹ ਕੇ ਸ਼ਮੂਲੀਅਤ ਕਰਨਗੀਆਂ। ਇਸ ਵਾਸਤੇ ਮੈਂਬਰਾਂ ਦੀ ਡਿਊਟੀ ਵੀ ਲਗਾ ਦਿੱਤੀ ਗਈ ਹੈ ਜੋ ਆਪੋ ਆਪਣੇ ਹਲਕਿਆਂ ਤੋਂ ਸੰਗਤਾਂ ਨੂੰ ਲਿਆਉਣ ਵਾਸਤੇ ਤਾਲਮੇਲ ਕਰਨਗੇ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ 25 ਨਵੰਬਰ ਤੱਕ ਲਗਾਤਾਰ ਚੱਲਣਗੇ ਤੇ 23 ਤੋਂ 25 ਨਵੰਬਰ ਤੱਕ ਲਾਲ ਕਿਲ੍ਹੇ &rsquoਤੇ ਵਿਸ਼ਾਲ ਤੇ ਯਾਦਗਾਰੀ ਸਮਾਗਮ ਹੋਣਗੇ ਜਿਸ ਵਿਚ ਦੇਸ਼ ਦੀ ਸਿਖ਼ਰਲੀ ਲੀਡਰਸ਼ਿਪ ਵੀ ਸ਼ਮੂਲੀਅਤ ਕਰੇਗੀ। ਉਹਨਾਂ ਕਿਹਾ ਕਿ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਨਗਰ ਕੀਰਤਨ ਵੀ ਦੇਸ਼ ਦੇ ਵੱਖ-ਵੱਖ ਭਾਗਾਂ ਤੋਂ ਕੌਮੀ ਰਾਜਧਾਨੀ ਪਹੁੰਚ ਰਹੇ ਹਨ ਜਿਹਨਾਂ ਦਾ ਦਿੱਲੀ ਦੀਆਂ ਸੰਗਤਾਂ ਨਾਲ ਰਲ ਕੇ ਦਿੱਲੀ ਗੁਰਦੁਆਰਾ ਕਮੇਟੀ ਭਰਵਾਂ ਸਵਾਗਤ ਕਰੇਗੀ। ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਯਾਦਗਾਰੀ ਪ੍ਰੋਗਰਾਮਾਂ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਮੂਲੀਅਤ ਕਰਨ