ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ 'ਤੇ ਪਾਕਿਸਤਾਨ ਜਾਣ ਵਾਲੇ ਜਥੇ 'ਤੇ ਪਾਬੰਦੀ ਭਾਜਪਾ ਸਰਕਾਰ ਦਾ ਸਿੱਖਾਂ 'ਤੇ ਸਿੱਧਾ ਹਮਲਾ

ਵਰਲਡ ਸਿੱਖ ਪਾਰਲੀਮੈਂਟ ਵੱਲੋਂ ਭਾਰਤੀ ਹਕੂਮਤ ਦੇ ਤਾਨਾਸ਼ਾਹੀ ਫੈਸਲੇ ਦੀ ਸਖ਼ਤ ਨਿਖੇਧੀ
ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਮਰੀਕਾ, ਕੋ-ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ , ਭਾਈ ਜਤਿੰਦਰ ਸਿੰਘ ਜਰਮਨੀ, ਮੁੱਖ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ ਇੰਗਲੈਂਡ, ਭਾਈ ਮਨਬੀਰ ਸਿੰਘ ਸੰਧੂ ਭਾਈ ਭਗਤ ਸਿੰਘ ਕਨੇਡਾ ,ਭਾਈ ਪਿ੍ਰਤਪਾਲ ਸਿੰਘ ਸਵਿਟਜ਼ਰਲੈਂਡ , ਜਸਵਿੰਦਰ ਸਿੰਘ ਹਾਲੈਡ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਕਰਦਿਆਂ ਹੋਇਆਂ
ਭਾਰਤ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ 'ਤੇ ਜਾਣ ਤੋਂ ਰੋਕਣ ਦੇ ਘਿਨਾਉਣੇ ਅਤੇ ਪੱਖਪਾਤੀ ਫੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਹਿੰਦੂਵਾਦੀ ਸੋਚ ਦੀ ਧਾਰਨੀ ਭਾਜਪਾ ਸਰਕਾਰ ਦਾ ਇਹ ਫੈਸਲਾ ਸਿੱਖਾਂ ਉੱਤੇ ਸਿੱਧਾ ਹਮਲਾ ਹੈ ਅਤੇ ਇਹ ਫੈਸਲਾ ਸਿੱਖਾਂ ਪ੍ਰਤੀ ਭਾਰਤ ਸਰਕਾਰ ਦੀ ਨਫ਼ਰਤ ਦੀ ਭਾਵਨਾ ਨੂੰ ਸਪੱਸ਼ਟ ਰੂਪ ਵਿੱਚ ਦਰਸਾਉਂਦਾ ਹੈ।
ਇੱਕ ਪਾਸੇ ਜਦੋਂ ਪੰਜਾਬ ਦੇ ਲੋਕ ਭਾਰਤ ਸਰਕਾਰ ਦੀ ਸਾਜ਼ਿਸ਼ ਨਾਲ ਆਏ ਹੜ੍ਹਾਂ ਦੀ ਮਾਰ ਝੱਲ ਰਹੇ ਹਨ ਅਤੇ ਸਰਕਾਰੀ ਅਣਦੇਖੀ ਅਤੇ ਬੇਗਾਨਗੀ ਦਾ ਸ਼ਿਕਾਰ ਹਨ, ਤਾਂ ਉਸ ਸਮੇਂ ਭਾਰਤ ਸਰਕਾਰ ਨੇ ਇਹ ਫੈਸਲਾ ਲੈ ਕੇ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਿਆ ਹੈ। ਇਹ ਕਦਮ ਸਾਬਤ ਕਰਦਾ ਹੈ ਕਿ ਸਿੱਖਾਂ ਦੇ ਹਾਲਾਤਾਂ ਅਤੇ ਕਦਰਾਂ ਕੀਮਤਾਂ ਦੀ ਇਸ ਸਰਕਾਰ ਦੀ ਨਜ਼ਰ ਵਿੱਚ ਕੋਈ ਕੀਮਤ ਨਹੀਂ ਹੈ।
ਭਾਰਤ ਸਰਕਾਰ ਦਾ ਇਹ ਦੋਗਲਾਪਣ ਹੁਣ ਜੱਗ ਜ਼ਾਹਰ ਹੈ ਕਿ ਜਦੋਂ ਕ੍ਰਿਕਟ ਮੈਚਾਂ ਰਾਹੀਂ ਪੈਸਾ ਕਮਾਉਣ ਦੀ ਗੱਲ ਆਉਂਦੀ ਹੈ ਤਾਂ ਪਾਕਿਸਤਾਨ ਨਾਲ ਸਬੰਧ ਚੰਗੇ ਹੋ ਜਾਂਦੇ ਹਨ, ਪਰ ਜਦੋਂ ਸਿੱਖਾਂ ਦੀ ਆਪਣੇ ਗੁਰੂ ਦੇ ਜਨਮ ਅਸਥਾਨ 'ਤੇ ਸ਼ਰਧਾ ਪ੍ਰਗਟਾਉਣ ਦੀ ਵਾਰੀ ਆਉਂਦੀ ਹੈ ਤਾਂ "ਸੁਰੱਖਿਆ" ਦਾ ਝੂਠਾ ਬਹਾਨਾ ਬਣਾ ਲਿਆ ਜਾਂਦਾ ਹੈ।
ਵਰਲਡ ਸਿੱਖ ਪਾਰਲੀਮੈਂਟ ਇਹ ਸਪੱਸ਼ਟ ਕਰਨਾ ਚਾਹੁੰਦੀ ਹੈ ਕਿ ਹਾਲ ਹੀ ਵਿੱਚ ਭਾਰਤ ਵੱਲੋਂ ਬਿਨਾਂ ਕਿਸੇ ਠੋਸ ਆਧਾਰ ਤੋਂ ਬਿਨਾਂ ਪਾਕਿਸਤਾਨ ਉੱਤੇ ਕੀਤੇ ਹਮਲੇ ਵਿੱਚ ਸਿੱਖ ਕੌਮ ਧਿਰ ਨਹੀਂ ਸੀ, ਸਗੋਂ ਸਿੱਖਾਂ ਨੇ ਹਮੇਸ਼ਾ ਦੱਖਣੀ ਏਸ਼ੀਆ ਖਿੱਤੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਦੀ ਵਕਾਲਤ ਕੀਤੀ ਹੈ। ਸਿੱਖਾਂ ਦਾ ਆਪਣੇ ਗੁਰਧਾਮਾਂ ਨਾਲ ਰਿਸ਼ਤਾ ਰਾਜਨੀਤਿਕ ਸਰਹੱਦਾਂ ਅਤੇ ਸਰਕਾਰੀ ਨੀਤੀਆਂ ਤੋਂ ਉੱਪਰ ਅਤੇ ਸਦੀਵੀ ਹੈ। ਪਰ ਭਾਰਤ ਸਰਕਾਰ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ 'ਰਾਸ਼ਟਰੀ ਹਿੱਤਾਂ' ਅਤੇ 'ਸੁਰੱਖਿਆਂ' ਦਾ ਹਵਾਲਾ ਦੇ ਕੇ ਬੰਦ ਕਰਨਾ ਤੇ ਆਪ ਮਨੋਰੰਜਨ ਅਤੇ ਵਪਾਰ ਨੂੰ ਮੁੱਖ ਰੱਖ ਕੇ ਪਾਕਿਸਤਾਨ ਨਾਲ ਕ੍ਰਿਕਟ ਮੈਚ ਖੇਡਣੇ ਸਾਬਤ ਕਰਦਾ ਹੈ ਕਿ ਭਾਜਪਾ ਸਰਕਾਰ ਗਿਣ ਮਿੱਥ ਕੇ ਸਿੱਖਾਂ ਨੂੰ ਆਪਣੀ ਹਿੰਦੂਵਾਦੀ ਸੋਚ ਦੇ ਅਧੀਨ ਨਿਸ਼ਾਨਾ ਬਣਾ ਰਹੀ ਹੈ ।
ਭਾਰਤ ਸਰਕਾਰ ਦੀ ਇਹ ਕਾਰਵਾਈ ਸਿੱਖਾਂ ਨੂੰ ਭਾਰਤ ਵਿੱਚ ਉਨ੍ਹਾਂ ਦੀ ਅਸਲ ਸਥਿਤੀ ਦਾ ਅਹਿਸਾਸ ਕਰਵਾਉਣ ਲਈ ਕਾਫੀ ਹੈ। ਹੜ੍ਹਾਂ ਦੀ ਤਬਾਹੀ ਵਿੱਚ ਅਣਦੇਖੀ ਅਤੇ ਹੁਣ ਸਿੱਖਾਂ ਦੀ ਧਾਰਮਿਕ ਆਜ਼ਾਦੀ 'ਤੇ ਹਮਲੇ ਤੋਂ ਬਾਅਦ ਸਿੱਖ ਕੌਮ ਆਪਣੀ ਸਥਿਤੀ ਨੂੰ ਪਛਾਣੇ ਅਤੇ ਅਜਿਹੀ ਸਰਕਾਰ ਦਾ ਕਿਸੇ ਵੀ ਤਰੀਕੇ ਨਾਲ ਤਾਲਮੇਲ ਕਰਨਾ ਬੰਦ ਕਰੇ ਜੋ ਉਨ੍ਹਾਂ ਦੇ ਹੱਕਾਂ ਅਤੇ ਭਾਵਨਾਵਾਂ ਨੂੰ ਲਗਾਤਾਰ ਕੁਚਲ ਰਹੀ ਹੈ।
ਵਰਲਡ ਸਿੱਖ ਪਾਰਲੀਮੈਂਟ ਦੁਨੀਆ ਭਰ ਦੀਆਂ ਸਾਰੀਆਂ ਸਿੱਖ ਸੰਸਥਾਵਾਂ, ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਨੂੰ ਪੁਰਜ਼ੋਰ ਅਪੀਲ ਕਰਦੀ ਹੈ ਕਿ ਉਹ ਇਸ ਤਾਨਾਸ਼ਾਹੀ ਫੈਸਲੇ ਵਿਰੁੱਧ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ। ਭਾਰਤ ਦੇ ਹਿੰਦੂਵਾਦੀ ਹਾਕਮਾਂ ਨੂੰ ਇਹ ਸਪੱਸ਼ਟ ਸੁਨੇਹਾ ਜਾਣਾ ਚਾਹੀਦਾ ਹੈ ਕਿ ਸ੍ਰੀ ਨਨਕਾਣਾ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਅਤੇ ਪਾਕਿਸਤਾਨ ਵਿਚਲੇ ਹੋਰ ਗੁਰਧਾਮ ਸਿੱਖਾਂ ਲਈ ਅਹਿਮ ਹਨ, ਅਤੇ ਕੋਈ ਵੀ ਤਾਕਤ ਸਿੱਖਾਂ ਨੂੰ ਉਨ੍ਹਾਂ ਦੇ ਗੁਰੂਆਂ ਦੇ ਘਰਾਂ ਤੋਂ ਦੂਰ ਨਹੀਂ ਕਰ ਸਕਦੀ ।
ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਮਿਲ ਕੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਦੇ ਜਥੇ ਉੱਤੇ ਪਾਬੰਦੀ ਲਗਾਉਣ ਦੇ ਕਦਮ ਦਾ ਸਖ਼ਤ ਵਿਰੋਧ ਕਰਨਾ ਚਾਹੀਦਾ ਹੈ ਤਾਂ ਜੋ ਭਾਰਤ ਸਰਕਾਰ ਸਿੱਖਾਂ ਦੀ ਧਾਰਮਿਕ ਆਜ਼ਾਦੀ ਨਾਲ ਖਿਲਵਾੜ ਕਰਨ ਦੀ ਹਿੰਮਤ ਨਾ ਕਰ ਸਕੇ। ਇਹ ਸਿਰਫ਼ ਗੁਰਧਾਮਾਂ ਦੀ ਯਾਤਰਾ 'ਤੇ ਪਾਬੰਦੀ ਨਹੀਂ, ਸਗੋਂ ਸਿੱਖਾਂ ਦੀ ਅੱਡਰੀ ਹੋਂਦ ਹਸਤੀ 'ਤੇ ਸਿੱਧਾ ਹਮਲਾ ਹੈ, ਜਿਸ ਨੂੰ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ।