ਪੰਜਾਬ ਵਿੱਚ ਅਮਰੀਕੀ ਔਰਤ ਦਾ ਕਤਲ – ਵਿਆਹ ਦਾ ਝਾਂਸਾ ਦੇ ਲੱਖਾਂ ਰੁਪਏ ਦੀ ਠੱਗੀ ਦੀ ਸਾਜ਼ਿਸ਼ ਬੇਨਕਾਬ

ਲੁਧਿਆਣਾ ਨੇੜਲੇ ਪਿੰਡ ਕਿਲਾ ਰਾਏਪੁਰ ਵਿੱਚ ਜੁਲਾਈ ਮਹੀਨੇ ਹੋਏ 71 ਸਾਲਾ ਅਮਰੀਕੀ ਨਾਗਰਿਕ ਅਤੇ ਭਾਰਤੀ ਮੂਲ ਦੀ ਰੁਪਿੰਦਰ ਕੌਰ ਪੰਧੇਰ ਦੇ ਕਤਲ ਦਾ ਭੇਦ ਖੁਲ੍ਹ ਗਿਆ ਹੈ। ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਇਹ ਕਤਲ ਇੱਕ ਵਿਆਹ ਦਾ ਝਾਂਸਾ ਦੇ ਕੇ ਰਚੀ ਗਈ ਲੱਖਾਂ ਰੁਪਏ ਦੀ ਠੱਗੀ ਦੀ ਸਾਜ਼ਿਸ਼ ਦਾ ਹਿੱਸਾ ਸੀ।

ਪੁਲਿਸ ਅਨੁਸਾਰ ਮੁੱਖ ਦੋਸ਼ੀ ਸੁਖਜੀਤ ਸਿੰਘ ਸੋਨੂੰ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਦਕਿ ਇਸ ਸਾਜ਼ਿਸ਼ ਦਾ ਮਾਸਟਰਮਾਈਂਡ ਚਰਨਜੀਤ ਇਸ ਵੇਲੇ ਇੰਗਲੈਂਡ ਵਿੱਚ ਹੈ।

ਜਾਂਚ ਰਿਪੋਰਟ ਅਨੁਸਾਰ ਰੁਪਿੰਦਰ ਕੌਰ ਪੰਧੇਰ, ਜੋ ਤਲਾਕਸ਼ੁਦਾ ਸੀ ਅਤੇ ਕਈ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੀ ਸੀ, ਮੁਲਜ਼ਮ ਸੁਖਜੀਤ ਸਿੰਘ ਸੋਨੂੰ ਨਾਲ ਸੰਪਰਕ ਵਿੱਚ ਸੀ। ਵਿਆਹ ਦੇ ਵਾਅਦੇ ਦਾ ਭਰੋਸਾ ਦਿਵਾ ਕੇ ਉਸ ਤੋਂ ਵੱਡੀ ਰਕਮ ਹੜਪ ਲਈ ਗਈ। ਇੱਥੋਂ ਤਕ ਕਿ ਰੁਪਿੰਦਰ ਕੌਰ ਨੇ ਮੁਲਜ਼ਮ ਸੋਨੂੰ ਅਤੇ ਉਸਦੇ ਭਰਾ ਦੇ ਖਾਤਿਆਂ ਵਿੱਚ ਵੱਡੀ ਰਕਮ ਟ੍ਰਾਂਸਫਰ ਵੀ ਕੀਤੀ ਸੀ।

ਡੇਹਲੋਂ ਦੇ ਐਸਐਚਓ ਸੁਖਜਿੰਦਰ ਸਿੰਘ ਵੱਲੋਂ ਦਿੱਤੀ ਗਈ ਸਟੇਟਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੋਨੂੰ ਨੇ ਆਪਣੇ ਸਾਥੀ ਚਰਨਜੀਤ ਨਾਲ ਮਿਲ ਕੇ ਇਸ ਕਤਲ ਦੀ ਯੋਜਨਾ ਤਿਆਰ ਕੀਤੀ ਸੀ।