ਪੰਜਾਬੀਆਂ ਨੂੰ ਜਾਣਬੁੱਝ ਕੇ ਹੜ੍ਹਾਂ ਚ ਡਬੋਇਆ ਜਾ ਰਿਹਾ ਹੈ!

ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਕੇ ਜੀ ਐਸ ਢਿੱਲੋਂ ਨੇ ਚਾਰ ਕੁ ਮਹੀਨੇ ਪਹਿਲਾਂ ਆਪਣੀ ਇਕ ਇੰਟਰਵਿਊ, ਜੋ ਇਸ ਵੇਲੇ ਮੁੜ ਤੋਂ ਸ਼ੋਸ਼ਲ ਮੀਡੀਏ ਉੱਤੇ ਵਾਇਰਲ ਹੈ, ਵਿਚ ਕਿਹਾ ਸੀ ਕਿ ਡੈਮਾਂ ਦੇ ਪਾਣੀ ਨੂੰ ਹਥਿਆਰ ਵਜੋਂ ਵਰਤਿਆ ਜਾ ਸਕਦਾ ਹੈ| ਉਸ ਮੁਤਾਬਿਕ ਲੋੜ ਵੇਲੇ ਪਾਣੀ ਦੀ ਸਪਲਾਈ ਰੋਕ ਦਿਓ ਤੇ ਜਦੋਂ ਬਰਸਾਤੀ ਸੀਜਨ ਹੋਵੇ, ਹਰ ਪਾਸੇ ਪਾਣੀ ਦੀ ਬਹੁਤਾਤ ਹੋਵੇ ਤੇ ਪਾਣੀ ਦੀ ਲੋੜ ਨਾ ਹੋਵੇ ਤਾਂ ਡੈਮਾਂ ਨੂੰ ਉੱਪਰ ਤੱਕ ਭਰਕੇ, ਯਕਦਮ ਉਹਨਾਂ ਦੇ ਗੇਟ ਖੋਹਲ ਦਿਓ| ਕਹਿਣ ਦਾ ਭਾਵ ਇਹ ਕਿ ਪੰਜਾਬ (ਚੜ੍ਹਦਾ ਤੇ ਲਹਿੰਦਾ) ਮੈਦਾਨੀ ਇਲਾਕਾ ਹੈ ਜਿਸਦਾ ਦਾ ਨੁਕਸਾਨ ਦੋਵੇਂ ਤਰਾਂ ਹੀ ਕੀਤਾ ਜਾ ਸਕਦਾ ਹੈ, ਇਹ ਉਕਤ ਦੋਵੇਂ ਤਰੀਕੇ ਪੰਜਾਬ ਦਾ ਆਰਥਿਕ ਪੱਖੋਂ ਲੱਕ ਤੋੜਨ ਵਾਸਤੇ ਬਹੁਤ ਹੀ ਕਾਰਗਾਰ ਹਨ, ਪੰਜਾਬ &lsquoਤੇ ਹੋਰ ਕੋਈ ਹਥਿਆਰ ਵਰਤਣ ਦੀ ਲੋੜ ਨਹੀਂ ਬੱਸ ਵਾਟਰ ਬੰਬ ਦਾ ਵਾਰ ਹੀ ਕਾਫੀ ਹੈ| ਇਕ ਵਾਰ ਅਜਿਹਾ ਕੀਤਿਆਂ, ਇਥੋਂ ਦੇ ਲੋਕਾਂ ਨੂੰ ਮੁੜ ਪੈਰੀ ਆਉਂਦਿਆਂ ਕਰਦਿਆਂ ਸਾਲ ਦੋ ਸਾਲ ਲੱਗ ਜਾਣਗੇ, ਉਸ ਤੋਂ ਬਾਅਦ ਦੁਬਾਰਾ ਫਿਰ ਵਾਟਰ ਬੰਬ ਦਾ ਇਸਤੇਮਾਲ ਕਰਕੇ ਮੁੜ ਇਹਨਾਂ ਦਾ ਸਭ ਕੁੱਝ ਹੜ੍ਹਾਅ ਦਿੱਤਾ ਜਾਵੇ ਤੇ ਇਹ ਸਿਲਸਿਲਾ ਲਗਾਤਾਰ ਚਾਲੂ ਰੱਖਿਆ ਜਾਵੇ| ਇਸ ਤਰਾਂ ਵਾਰ ਵਾਰ ਕਰਨ ਦੇ ਦੋ ਮੁੱਖ ਨਤੀਜੇ ਸਾਹਮਣੇ ਆਉਣਗੇ - ਪਹਿਲਾ ਇਹ ਕਿ ਪੰਜਾਬ ਦੇ ਲੋਕ ਮਾਲੀ ਤੌਰ ਤੇ ਉੱਠਣ ਜੋਗੇ ਨਹੀਂ ਰਹਿਣਗੇ ਤੇ ਦੂਜਾ ਇਥੋਂ ਦੀ ਨੌਜਵਾਨੀ ਵਿਦੇਸ਼ਾਂ ਵੱਲ ਪਲਾਇਨ ਕਰ ਜਾਵੇਗੀ| ਇਹਨਾਂ ਉਕਤ ਦੋਵੇਂ ਨਤੀਜਿਆਂ ਦਾ ਲਾਭ ਇਹ ਹੋਵੇਗਾ ਕਿ ਇਥੋਂ ਦੇ ਲੋਕ ਨੂੰ ਆਪਣੇ ਹੱਕਾਂ ਦੀ ਮੰਗ ਕਰਨ ਵਾਸਤੇ ਫੁਰਸਤ ਹੀ ਨਹੀਂ ਮਿਲੇਗੀ ਤੇ ਫਿਰ ਕੇਂਦਰ ਸਰਕਾਰ ਆਪਣੀ ਜੋ ਵੀ ਮਨ ਮਾਨੀ ਕਰਨੀ ਚਾਹੇ ਉਹ ਕਰ ਸਕੇਗੀ, ਕਿਸਾਨ ਵਿਰੋਧੀ ਕਾਲੇ ਕਾਨੂੰਨ ਬਣਾ ਕੇ ਜ਼ਮੀਨਾਂ ਹੜੱਪ ਕਰ ਸਕੇਗੀ ਤੇ ਪੰਜਾਬ ਨੂੰ ਜਿਵੇਂ ਵੀ ਇਸਤੇਮਾਲ ਕਰਨਾ ਹੈ, ਕਰ ਸਕੇਗੀ|
ਦਰਅਸਲ ਪਿਛਲੇ ਕੁੱਝ ਕੁ ਸਾਲਾਂ ਤੋਂ ਲਗਾਤਾਰ ਪੰਜਾਬ ਵਿਚ ਆ ਰਹੇ ਹੜ੍ਹ ਏਹੀ ਦਰਸਾਉਂਦੇ ਹਨ ਕਿ ਪੰਜਾਬ ਵਿਚ ਵਾਟਰ ਬੰਬ ਦੀ ਵਰਤੋਂ ਬਹੁਤ ਹੀ ਧੜੱਲੇ ਤੇ ਯੋਜਨਾਬੱਧ ਸਾਜ਼ਿਸ਼ ਤਹਿਤ ਹੋ ਰਹੀ ਹੈ| ਇਸ ਰਾਜ ਵਿਚ ਹਰ ਸਾਲ ਦੋ ਸਾਲ ਬਾਅਦ ਡੈਮਾਂ ਦਾ ਬੇਤਹਾਸ਼ਾ ਪਾਣੀ ਛੱਡਿਆ ਜਾਂਦਾ ਹੈ ਤੇ ਫਿਰ ਹੋਏ ਜਾਨੀ ਤੇ ਮਾਲੀ ਨੁਕਸਾਨ ਨੂੰ ਕੁਦਰਤੀ ਕਰੋਪੀ ਦਾ ਨਾਮ ਦੇ ਕੇ ਢਕ ਦਿੱਤਾ ਜਾਂਦਾ ਹੈ| ਕੁੱਝ ਕੁ ਦਿਨ ਸਰਵਿਆਂ ਦੇ ਬਹਾਨੇ ਮੰਤਰੀਆਂ ਵਲੋਂ ਹੈਲੀਕਾਪਟਰ ਝੂਟੇ ਜਾਂਦੇ ਹਨ, ਹੜ੍ਹ ਪੀੜਤਾਂ ਨੂੰ ਰਾਹਤ ਦੇਣ ਦੇ ਐਲਾਨ ਕੀਤੇ ਜਾਂਦੇ ਹਨ ਤੇ ਮੁੜ ਗੱਲ ਅਗਲੇ ਸਾਲਾਂ ਵਿਚ ਆਉਣ ਵਾਲੇ ਹੜਾਂ ਦੀ ਇੰਤਜਾਰ ਤੱਕ ਆਈ ਗਈ ਕਰ ਦਿੱਤੀ ਜਾਂਦੀ ਹੈ| ਕਿਹਨੂੰ, ਕਿੰਨਾ ਮੁਆਵਜਾ ਮਿਲਿਆ ? ਕਦੋ, ਕਿਸਨੇ ਤੇ ਕਿਥੇ ਦਿੱਤਾ, ਇਸ ਦਾ ਕਦੇ ਬਾਦ ਚ ਨਾਂ ਤੋਪਾ ਵੀ ਨਹੀਂ ਭਰਿਆ ਗਿਆ ਤੇ ਨਾ ਹੀ ਕੋਈ ਉੱਘ ਸੁੱਘ ਹੀ ਨਿਕਲੀ ਹੈ|
ਆਮ ਤੌਰ ਤੇ ਹਰ ਵਾਰ ਹੀ ਜਿਹਨਾਂ ਲੋਕਾਂ ਦਾ ਹੜ੍ਹਾਂ ਨਾਲ ਨੁਕਸਾਨ ਹੋ ਗਿਆ ਹੁੰਦਾ ਹੈ, ਉਹ ਆਪਣੀ ਜਿੰਦਗੀ ਨੂੰ ਹੜ੍ਹਾਂ ਦੀ ਮਾਰ &lsquoਚੋਂ ਬਾਹਰ ਕੱਢਕੇ ਆਪ ਹੀ ਲੀਹੇ ਪਾਉਂਦੇ ਦੇਖੇ ਜਾਂਦੇ ਰਹੇ ਹਨ, ਪਰ ਇਸ ਵਾਰ ਪੰਜਾਬੀਆਂ ਨੇ ਪੂਰੇ ਜਗਤ ਨੂੰ ਦਿਖਾ ਦਿੱਤਾ ਹੈ ਕਿ ਬੇਸ਼ਕ ਕਿਸੇ ਆਫਤ ਵੇਲੇ ਉਹ ਦੁਨੀਆ ਦੇ ਹਰ ਕੋਨੇ ਚ ਪਹੁੰਚਕੇ ਨਿਸ਼ਕਾਮ ਸੇਵਾ ਕਰਦੇ ਹਨ ਤੇ ਹੁਣ ਉਹਨਾਂ ਨੂੰ ਨਵਾਂ ਸਬਕ ਮਿਲ ਗਿਆ ਹੈ ਕਿ ਆਪਣੇ ਲੋਕਾਂ &lsquoਤੇ ਜੇਕਰ ਕੋਈ ਆਫਤ ਆਣ ਬਣੇ ਤਾਂ ਉਸ ਮੁਸ਼ਕਲ &lsquoਚੋਂ ਬਾਹਰ ਨਿਕਲਣ ਵਾਸਤੇ ਉੱਦਮ ਉਪਰਾਲੇ, ਉਹਨਾਂ ਨੂੰ ਪੰਜਾਬੋਂ ਬਾਹਰਲੇ ਕਿਸੇ ਸਰਕਾਰੀ ਗੈਰ ਸਰਕਾਰੀ ਅਦਾਰੇ ਤੋਂ ਮੱਦਦ ਦੀ ਆਸ ਰੱਖਣ ਦੀ ਬਜਾਏ ਆਪਣੀ ਮੱਦਦ ਆਪ ਹੀ ਕਰਨੀ ਪਵੇਗੀ ਤੇ ਪੰਜਾਬੀਆਂ ਨੇ ਇਸ ਵਾਰ ਇਸ ਨੂੰ ਸਾਕਾਰ ਕਰਕੇ ਪੂਰੀ ਦੁਨੀਆਂ ਨੂੰ ਦੱਸ ਵੀ ਦਿੱਤਾ ਹੈ ਕਿ ਉਹ ਕਿਸ ਜ਼ਰਖੇਜ ਧਰਤ ਦੇ ਜਾਏ ਹਨ, ਉਹਨਾਂ ਦੇ ਸੰਸਕਾਰ ਕੀ ਹਨ ਤੇ ਉਹ ਕਿਵੇਂ ਅਸੰਭਵ ਨੂੰ ਵੀ ਸੰਭਵ ਬਣਾ ਸਕਦੇ ਹਨ?
ਇਸ ਹੁਣਵੇਂ ਹੜ੍ਹ ਤੋਂ ਬਾਅਦ ਪੰਜਾਬੀਆਂ ਨੇ ਇਹ ਸਬਕ ਵੀ ਸਿੱਖ ਲਿਆ ਹੈ ਤੇ ਇਹ ਗੱਲ ਪੂਰੀ ਤਰਾਂ ਲੜ ਬੰਨ੍ਹ ਲਈ ਹੈ ਕਿ ਇਹ ਆਏ ਸਾਲ ਆਉਣ ਵਾਲੇ ਹੜ੍ਹ ਉਹਨਾਂ ਦੀ ਹੋਣੀ ਨਹੀਂ, ਇਹ ਕੋਈ ਕੁਦਰਤੀ ਆਫਤ ਨਹੀਂ, ਬਲਕਿ ਇਹ ਤਾਂ ਸ਼ੈਤਾਨਾਂ ਤੇ ਹੈਵਾਨਾਂ ਦੀ ਪੰਜਾਬ ਵਿਰੁੱਧ ਕੁਦਰਤੀ ਆਫਤ ਦੇ ਓਹਲੇ ਹੇਠ ਕੀਤੀ ਜਾ ਰਹੀ ਇੱਕ ਬਹੁਤ ਹੀ ਵਿਓਂਤੀ ਹੋਈ ਕੋਝੀ ਸਾਜ਼ਿਸ਼ ਹੈ|
ਪਿਛਲੇ ਛੇ ਸਾਲਾਂ ਵਿਚ (2019, 2023 ਅਤੇ 2025 ) ਤਿੰਨ ਵਾਰ ਹੜ੍ਹ ਆ ਚੁੱਕੇ ਹਨ ਤੇ ਸਰਕਾਰਾਂ ਕਦੇ ਮੁਆਵਜੇ ਦੇ ਐਲਾਨਾਂ ਤੋਂ ਅੱਗੇ ਨਹੀਂ ਵਧੀਆਂ| ਇਹ ਮੁਆਵਜੇ ਕਿਹਨਾਂ ਲੋਕਾਂ ਨੂੰ ਕਿੰਨੇ ਦਿੱਤੇ ਗਏ, ਇਸ ਦਾ ਕੋਈ ਲੇਖਾ ਜੋਖਾ ਕਦੇ ਵੀ ਨਹੀਂ ਕੀਤਾ ਗਿਆ ਤੇ ਨਾ ਹੀ ਕਦੇ ਕਿਸੇ ਨੇ ਅਜਿਹਾ ਕੀਤੇ ਜਾਣ ਦੀ ਕਦੇ ਕੋਈ ਮੰਗ ਹੀ ਕੀਤੀ ਹੈ| | ਹੜਾਂ ਨੂੰ ਕੁਦਰਤੀ ਕਰੋਪੀ ਮੰਨਕੇ ਹੀ ਗੱਲ ਆਈ ਗਈ ਕਰ ਦਿੱਤੀ ਜਾਂਦੀ ਹੈ| ਕੁੱਝ ਸਮੇਂ ਬਾਅਦ ਹਾਲਾਤ ਆਮ ਵਰਗੇ ਹੋ ਜਾਂਦੇ ਹਨ ਤੇ ਲੋਕ ਸਭ ਕੁੱਝ ਭੁੱਲ ਭੁਲਾ ਕੇ ਆਪਣੀ ਜਿੰਦਗੀ ਵਿਚ ਅੱਗੇ ਵਧ ਜਾਂਦੇ ਹਨ, ਪਰ ਇਹਨਾਂ ਹੜ੍ਹਾਂ ਦੇ ਪਿਛੇ ਕਿਹੜੀ ਸ਼ਾਜਿਸ਼ ਕਥਿਤ ਰੂਪ ਵਿਚ ਕਾਰਜਸ਼ੀਲ ਰਹੀ, ਉਸ ਦੀਆਂ ਤੰਦਾਂ ਪਰਤੀਂ ਖੇਹਲਣ ਦੀ ਕਦੇ ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਅਦਾਰੇ ਨੇ ਕੋਸ਼ਿਸ਼ ਹੀ ਨਹੀਂ ਕੀਤੀ| ਸਿੱਟਾ ਇਹ ਨਿਕਲਦਾ ਰਿਹਾ ਹੈ ਕਿ ਪੰਜਾਬ ਵਿਚ ਹੜ੍ਹਾਂ ਦਾ ਆਉਣਾ ਆਮ ਹੋ ਗਿਆ, ਲੋਕਾਂ ਨੇ ਇਸ ਨੂੰ ਆਪਣੀ ਹੋਣੀ ਮੰਨ ਲਿਆ, ਜਦ ਕਿ ਅਜਿਹਾ ਬਿਲਕੁਲ ਵੀ ਨਹੀਂ ਹੈ, ਇਹਨਾਂ ਹੜ੍ਹਾਂ ਦੇ ਪਿੱਛੇ ਬਹੁਤ ਹੀ ਗਹਿਰੀ ਤੇ ਸੋਚੀ ਸਮਝੀ ਸਾਜਿਸ਼ ਹੈ, ਜਿਸ ਦਾ ਪਰਦਾ ਫਾਸ਼ ਹੋਣਾ ਬਹੁਤ ਜਰੂਰੀ ਹੈ|
ਹੜ੍ਹ ਆਉਂਦੇ ਨਹੀਂ ਲਿਆਏ ਜਾਂਦੇ ਹਨ| ਏਹੀ ਕਾਰਨ ਹੈ ਹਰ ਵਾਰ ਸਰਕਾਰਾਂ ਨੇ ਗੋਂਗਲੂਆਂ ਤੋਂ ਮਿੱਟੀ ਝਾੜਨ ਤੇ ਸਿਆਸੀ ਪਾਰਟੀਆਂ ਨੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਤੋਂ ਸਿਵਾਏ ਇਸ ਦਿਸ਼ਾ ਵਿਚ ਕਦੇ ਵੀ ਕੋਈ ਠੋਸ ਕੰਮ ਨਹੀਂ ਕੀਤਾ| ਅਸੀਂ ਦੇਖਿਆ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਫਗਾਨਿਸਤਾਨ ਚ ਆਏ ਭੁਚਾਲ ਝਟਕਿਆ ਬਾਰੇ ਤਾਂ ਚਿੰਤਾ ਗ੍ਰਸਤ ਹਨ ਤੇ ਦੋ ਘੰਟੇ ਅੰਦਰ ਹੀ ਟਵੀਟ ਕਰਕੇ ਅਫਗਾਨਿਸਤਾਨ ਨੂੰ ਹਰ ਤਰਾਂ ਦੀ ਮੱਦਦ ਦੇਣ ਦਾ ਭਰੋਸਾ ਦੇ ਦਿੰਦੇ ਹਨ ਜਦ ਕਿ ਦੂਜੇ ਪਾਸੇ ਪੰਜਾਬ ਵਿਚ ਹੜ੍ਹ ਆਇਆ ਲਗਭਗ ਮਹੀਨਾਂ ਹੋ ਗਿਆ ਹੈ, ਉਹਨਾਂ ਨੇ ਮੂੰਹ ਚ ਘੁੰਗਣੀਆਂ ਪਾ ਰੱਖੀਆਂ ਹਨ, ਹੜਾਂ ਨਾਲ ਹੋਈ ਤਬਾਹੀ ਉੱਤੇ ਸੱਚੇ ਝੂਠੇ ਮਨੋਂ ਇਕ ਵੀ ਸਟੇਟਮੈਂਟ ਦੇਣ ਦੀ ਜਰੂਰਤ ਨਹੀਂ ਸਮਝੀ, ਜਿਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਜਾਂ ਤਾਂ ਦੇਸ਼ ਦੀ ਸਰਕਾਰ ਪੰਜਾਬ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦੀ ਤੇ ਜਾਂ ਫੇਰ ਡੈਮਾਂ ਦੇ ਫੱਟੇ ਕਿਸੇ ਗੁੱਝੀ ਸ਼ਾਜਿਸ਼ ਤਹਿਤ ਖੋਹਲੇ ਜਾਂਦੇ ਹਨ|
ਪੰਜਾਬ ਵਿਚ ਹੋਈ ਘੋਰ ਆਲੋਚਨਾ ਤੋਂ ਬਾਅਦ, ਦੇਸ਼ ਦਾ ਪ੍ਰਧਾਨਮੰਤਰੀ ਬੀਤੇ ਦਿਨ ਪੰਜਾਬ ਵਿੱਚ ਹੜ੍ਹਾਂ ਦਾ ਦੌਰਾ ਕਰਨ ਵਾਸਤੇ ਆਇਆ ਤੇ 1600 ਕਰੋੜ ਦੀ ਛੋਟੀ ਜਿਹੀ ਰਾਸ਼ੀ ਦਾ ਐਲਾਨ ਕਰਕੇ ਵਾਪਸ ਚਲਾ ਗਿਆ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਤੋਂ ਇੰਜ ਲੱਗਾ ਕਿ ਜਿਵੇਂ ਉਹਨਾਂ ਨੂੰ ਪੰਜਾਬ ਚ ਆਏ ਹੜ੍ਹਾਂ ਦੀ ਕੋਈ ਸੰਵੇਦਨਾ ਨਾ ਹੋਵੇ ਤੇ ਉਹ ਬਸ ਇਕ ਫਾਰਮਿਲਟੀ ਜਿਹੀ ਹੀ ਪੂਰੀ ਕਰਨ ਆਏ ਹੋਣ|
ਸੋ ਪੰਜਾਬੀਆਂ ਨੂੰ ਹੁਣ ਇਹ ਗੱਲ ਚੰਗੀ ਤਰਾਂ ਸਮਝ ਲੈਣੀ ਚਾਹੀਦੀ ਹੈ ਕਿ ਅਜਿਹੇ ਕਠਿਨ ਮੌਕਿਆਂ ਉੱਤੇ ਸਰਕਾਰੀ ਮੱਦਦ ਦੀ ਆਸ ਬਿਲਕੁਲ ਨਾ ਰੱਖਣ ਤੇ ਨਾ ਹੀ ਕਿਸੇ ਸਰਕਾਰ ਨੇ ਇਹ ਕਰਨੀ ਹੀ ਹੈ|
ਇਸ ਵੇਲੇ ਹਰ ਪੰਜਾਬੀ ਆਪੋ ਆਪਣੇ ਵਿੱਤ ਮੂਜਬ ਇਕ ਦੂਸਰੇ ਦੀ ਮੱਦਦ ਕਰ ਰਿਹਾ ਹੈ| ਬਹੁਤ ਸਾਰੇ ਕਲਾਕਾਰ ਤੇ ਸਮਾਜ ਸੇਵੀ ਅੱਗੇ ਆਏ ਹਨ, ਉਹਨਾਂ ਨੇ ਹੜ੍ਹ ਪੀੜਤਾਂ ਦੀ ਬਾਂਹ ਫੜੀ ਹੈ ਤੇ ਮੁੜ ਵਲੇਬੇ ਦਾ ਅਹਿਦ ਲਿਆ ਹੈ ਜੋ ਕਿ ਬਹੁਤ ਵੱਡਾ ਪੁੰਨ ਹੈ| ਹੜ੍ਰ ਪੀੜਤਾਂ ਨੂੰ ਉਹਨਾਂ ਦੀ ਇਸ ਬਹੁਤ ਹੀ ਔਖੀ ਘੜੀ ਚ ਸਹਾਰਾ ਦੇਣਾ ਬਹੁਤ ਵੱਡਾ ਕਾਰਜ ਹੈ ਜਿਸ ਵਾਸਤੇ ਸ਼ੁਕਰੀਆ ਜਾਂ ਧਨਵਾਦ ਆਦਿ ਲਫ਼ਜ ਬਹੁਤ ਬੌਨੇ ਹਨ ਤੇ ਉਹਨਾਂ ਦੁਆਰਾ ਕੀਤਾ ਜਾ ਰਿਹਾ ਕਾਰਜ ਬਹੁਤ ਮਹਾਨ ਹੈ| ਇਸ ਵਾਸਤੇ ਸਮੂਹ ਪੰਜਾਬੀ ਉਹਨਾਂ ਦੇ ਰੋਮ ਰੋਮ ਤੋਂ ਹਮੇਸ਼ਾਂ ਵਾਸਤੇ ਰਿਣੀ ਰਹਿਣਗੇ|
ਅਗਲੀ ਗੱਲ ਇਹ ਹੈ ਕਿ ਭਵਿੱਖ ਵਿਚ ਇਹਨਾਂ ਹੜਾਂ ਨੂੰ ਡੱਕਾ ਵੀ ਸਾਨੂੰ ਆਪ ਹੀ ਰਲ ਮਿਲਕੇ ਲਾਉਣਾ ਪੈਣਾ ਹੈ, ਇਸ ਕਰਕੇ ਅੱਗੋਂ ਤੋਂ ਪੱਕੇ ਕਮਰ ਕੱਸੇ ਕਰ ਲੈਣੇ ਚਾਹੀਦੇ ਹਨ| ਇਹ ਆਮ ਕਹਿੰਦੇ ਹਨ ਕਿ ਦਰਿਆਵਾਂ ਨੂੰ ਨੱਕੇ ਨਹੀਂ ਲਗਦੇ, ਪਰ ਪੰਜਾਬੀਆਂ ਨੇ ਲਗਾ ਕੇ ਦਿਖਾਉਣੇ ਆ ਕਿ ਪੰਜਾਬ ਦੇ ਜਾਏ ਆਪਣੀ ਆਈ ਤੇ ਆ ਜਾਣ ਤਾਂ ਫਿਰ ਦਰਿਆਵਾਂ ਨੂੰ ਨੱਕੇ ਹੀ ਨਹੀਂ ਬਲਕਿ ਦਰਿਆਵਾ ਦੇ ਵਹਿਣਾ ਦਾ ਰੁੱਖ ਵੀ ਮੋੜ ਸਕਦੇ ਹਨ|
ਇਥੇ ਇੱਕ ਗੱਲ ਬਹੁਤ ਡੂੰਘੀ ਵਿਚਾਰ ਦੀ ਮੰਗ ਕਰਦੀ ਹੈ ਕਿ ਪੰਜਾਬ ਦੇ ਚਾਰ ਮੁੱਖ ਡੈਮਾਂ (ਭਾਖੜਾ, ਹਣਜੀਤ ਸਾਗਰ, ਥੀਨਡੈਮ ਤੇ ਪੋਂਗਡੈਮ) ਦੀ ਉਸਾਰੀ ਪਾਣੀ ਦੀ ਸਹੀ ਵੰਡ ਅਤੇ ਹੜ੍ਹਾਂ ਦੀ ਰੋਕਥਾਮ ਵਾਸਤੇ ਕੀਤੀ ਗਈ ਸੀ| ਇਸ ਦੇ ਨਾਲ ਹੀ ਇਹਨਾਂ ਡੈਮਾਂ ਦਾ ਮਕਸਦ ਇਹ ਵੀ ਸੀ ਕਿ ਪੰਜਾਬ ਵਿਚ ਨਹਿਰਾਂ ਦਾ ਜਾਲ ਵਿਛਾ ਕੇ ਪੂਰੇ ਪੰਜਾਬ ਦੀ ਜਮੀਨ ਨੂੰ ਜ਼ਰਖੇਜ ਬਣਾਇਆ ਜਾਵੇਗਾ ਤੇ ਸਸਤੀ ਬਿਜਲੀ ਪੈਦਾ ਕਰਕੇ ਪੰਜਾਬ ਦੇ ਹਰ ਕੌਨੇ ਨੂੰ ਰੁਸ਼ਨਾਇਆ ਜਾਵੇਗਾ| 
ਇਸ ਕਰਕੇ ਡੈਮ ਉਸਾਰੇ ਗਏ, ਨਹਿਰਾਂ ਕੱਢੀਆਂ ਗਈਆਂ ਗਈਆਂ ਤੇ ਬਿਜਲੀ ਪੈਦਾ ਕਰਨ ਵਾਸਤੇ ਹਾਈਡਲ ਪਰੋਜੈਕਟ ਲਗਾਏ ਗਏ, ਪਰ ਇਹ ਸਭ ਕੁੱਝ ਕਰ ਲੈਣ ਤੋਂ ਬਾਅਦ, ਉਸੇ ਸਮੇਂ ਬਿਨਾ ਕਿਸੇ ਦੇਰੀ ਕੇਂਦਰ ਸਰਕਾਰ ਵਲੋਂ ਇਸ ਦੀ ਯੋਜਨਾਂਬੱਧ ਲੁੱਟ ਸ਼ੁਰੂ ਕਰ ਦਿੱਤੀ ਗਈ| ਸਸਤੀ ਬਿਜਲੀ ਪੰਜਾਬੋਂ ਬਾਹਰ ਦਿੱਲੀ ਤੇ ਹਰਿਆਣੇ ਨੂੰ ਭੇਜੀ ਗਈ, ਪਾਣੀ ਮੁਫਤ ਦੇ ਭਾਅ ਦੂਜੇ ਰਾਜਾਂ ਨੂੰ ਤੇ ਬਰਸਾਤਾਂ ਦੇ ਓਹਲੇ ਹੇਠ ਡੈਮ ਪੰਜਾਬ ਵਿਚ ਹੜ੍ਹ ਲਿਆਉਣ ਲਈ ਵਰਤੇ ਜਾਣ ਲੱਗ ਪਏ|
ਆਰਥਿਕਤਾ ਕਿਸੇ ਵਿਅਕਤੀ, ਰਾਜ ਅਤੇ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ, ਪੰਜਾਬ ਦੀ ਰੀੜ੍ਹ ਦੀ ਹੱਡੀ ਤੋੜਨ ਵਾਸਤੇ ਡੈਮਾਂ ਦੀ ਵਾਰ ਵਾਰ ਵਰਤੋਂ ਕੀਤੀ ਜਾ ਰਹੀ ਹੈ| ਇਸ ਨੁਕਤੇ ਨੂੰ ਅਸੀਂ ਪੰਜਾਬੀ ਜਿੰਨੀ ਜਲਦੀ ਹੁਣ ਸਮਝ ਲਈਏ, ਉਂਨਾ ਹੀ ਚੰਗਾ ਹੈ| ਮੈ ਪਹਿਲਾਂ ਵੀ ਇਸ ਬਾਰੇ ਲਿਖਿਆ ਸੀ ਕਿ ਪੰਜਾਬ ਵਿਚਲੇ ਹੜ੍ਹ ਕੋਈ ਕੁਦਰਤੀ ਕਰੋਪੀ ਜਾਂ ਆਫਤ ਨਹੀਂ, ਇਹ ਤਾਂ ਇਕ ਬਹੁਤ ਹੀ ਸੋਚੀ ਸਮਝੀ ਸ਼ਜਿਸ਼ ਹੈ| ਡੈਮਾਂ ਤੇ ਹਾਈਡਲ ਪਰੋਜੈਕਟਾਂ ਦਾ ਸਮੁੱਚਾ ਪਰਬੰਧ ਕੇਂਦਰ ਸਰਕਾਰ ਦੇ ਕੰਟਰੋਲ ਹੇਠ ਹੈ, ਇਹਨਾਂ ਉੱਤੇ ਬਹੁ ਗਿਣਤੀ ਅਮਲਾ ਫੈਲਾ ਵੀ ਪੰਜਾਬੋਂ ਬਾਹਰਲੇ ਉਹਨਾਂ ਲੋਕਾਂ ਦਾ ਹੈ, ਜਿਹਨਾਂ ਨੂੰ ਪੰਜਾਬ ਦੇ ਭੂਗੋਲਿਕ ਹਲਾਤਾਂ ਬਾਰੇ ਜਾਣਕਾਰੀ ਹੀ ਨਹੀਂ| ਉਹਨਾਂ ਵਾਸਤੇ ਡੈਮਾਂ ਦੇ ਫਲੱਡ ਗੇਟ ਖੋਹਲਣੇ ਬਹੁਤ ਮਾਮੂਲੀ ਜਿਹੀ ਗੱਲ ਹੈ|
ਚਲੋ ਮੰਨ ਲੈਂਦੇ ਹਾਂ ਕਿ 1955 ਤੇ 1988 ਦੇ ਹੜ੍ਹ ਕੁਦਰਤੀ ਕਰੋਪੀ ਹੋਣਗੇ, ਪਰ ਇਸ ਸਮੇਂ ਹਾਲਾਤ ਉਹ ਨਹੀਂ, ਮੌਸਮ ਦੀ ਪਲ ਪਲ ਦੀ ਅਗਾਊਂ ਜਾਣਕਾਰੀ ਦੇਣ ਵਾਸਤੇ ਉਪ ਗ੍ਰਹਿ ਹਨ, ਮੌਸਮ ਵਿਭਾਗ ਹੈ, ਕਹਿਣ ਦਾ ਭਾਵ ਵਾਤਾਵਰਨ ਵਿਚਲੀ ਹਰ ਨਿੱਕੀ ਤੋਂ ਨਿੱਕੀ ਤਬਦੀਲੀ ਮਾਪੀ ਜਾ ਸਕਦੀ ਹੈ, ਭੁਚਾਲ, ਤੁਫਾਨ, ਸੁਨਾਮੀ ਹੋਵੇ ਜਾਂ ਹੜ੍ਹ, ਇਹਨਾਂ ਦਾ ਸਮਾਂ ਰਹਿੰਦਿਆ ਪਤਾ ਲਗਾਉਣ ਵਾਲੇ ਵਿਗਿਆਨਕ ਯੰਤਰ ਮੌਜੂਦ ਹਨ, ਇਸ ਕਰਕੇ ਕਿਸੇ ਵੀ ਮੁਸ਼ਕਲ ਨਾਲ ਨਿਪਟਣ ਵਾਸਤੇ ਅਗਾਊਂ ਹੀ ਪੁਖਤਾ ਪ੍ਰਬੰਧ ਕੀਤੇ ਜਾ ਸਕਦੇ ਹਨ, ਪਰ ਬਹੁਤ ਦੁੱਖ ਹੈ ਕਿ ਪੰਜਾਬ ਵਿਚ ਪਿਛਲੇ ਪੰਝੀ ਛੱਬੀ ਦਿਨਾਂ ਤੋਂ ਜੋ ਕੁੱਝ ਵਾਪਰ ਰਿਹਾ ਹੈ, ਉਸ ਸੰਬੰਧੀ ਅਹਿਤਿਆਤ ਵਜੋਂ ਕੁੱਝ ਵੀ ਨਹੀਂ ਕੀਤਾ ਗਿਆ|
ਦੱਸਿਆ ਜਾਂਦਾ ਹੈ ਕੇ ਡੈਮਾਂ ਦੇ ਪਾਣੀ ਦਾ ਪੱਧਰ ਹਮੇਸ਼ਾ ਹੀ ਵੀਹ ਤੋਂ ਪੰਝੀ ਫੁੱਟ ਨੀਵਾਂ ਰੱਖਿਆ ਜਾਂਦਾ ਹੈ ਤੇ ਇਹ ਸਤਰ ਮੇਨਟੇਨ ਰੱਖਣ ਵਾਸਤੇ ਡੈਮਾਂ ਵਿਚੋੰ ਦਰਿਆਵਾਂ ਤੇ ਨਹਿਰਾਂ ਵਿੱਚ ਲੋੜ ਮੁਤਾਬਿਕ ਲਗਾਤਾਰ ਪਾਣੀ ਰਿਲੀਜ ਕੀਤਾ ਜਾਂਦਾ ਰਹਿੰਦਾ ਹੈ, ਪਰ ਇਸ ਵਾਰ ਲਗਾਤਾਰ ਪਾਣੀ ਰਿਲੀਜ ਕਰਦੇ ਰਹਿਣ ਦੀ ਬਜਾਏ, ਡੈਮਾਂ ਵਿਚ ਪਾਣੀ ਖਤਰੇ ਦੇ ਨਿਸ਼ਾਨ ਤੱਕ ਪਹਿਲਾਂ ਜਮਾਂ ਕੀਤਾ ਗਿਆ ਤੇ ਫਿਰ ਰਾਤੋ ਰਾਤ ਡੈਮਾਂ ਦੇ ਫਲੱਡ ਗੇਟ ਖੋਹਲ ਦਿੱਤੇ ਗਏ, ਲੋਕਾਂ ਨੂੰ ਫਲੱਡ ਗੋਟ ਖੋਹਲਣ ਬਾਰੇ ਅਗਾਊਂ ਸੂਚਿਤ ਵੀ ਨਹੀਂ ਕੀਤਾ ਗਿਆ|
ਇਸ ਸਾਰੇ ਘਟਨਾ ਕ੍ਰਮ ਤੋਂ ਇਸ ਤਰਾਂ ਲਗਦਾ ਹੈ ਕਿ ਜਿਵੇਂ ਇਹ ਸਾਰਾ ਕੁੱਝ ਬਹੁਤ ਹੀ ਗਿਣੀ ਮਿਥੀ ਸ਼ਾਜਿਸ ਤਹਿਤ ਕੀਤਾ ਗਿਆ ਹੈ| ਜਿਹੜੀ ਬਹੁਤ ਹੀ ਖਾਸ ਗੱਲ ਇਥੇ ਮੈਂ ਦੱਸਣੀ ਚਾਹੁੰਦਾ ਹਾਂ, ਉਹ ਇਹ ਹੈ ਕਿ ਇਸ ਹੜ੍ਹ ਨੂੰ ਲੈ ਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਭਭੰਭ) ਉੱਤੇ ਦੇਸ਼ ਦੀ ਸੁਪਰੀਮ ਕੋਰਟ ਵਿਚ ਇਕ ਲੋਕ ਹਿੱਤ ਪੁਟੀਸ਼ਨ ਪਾਈ ਜਾਣੀ ਚਾਹੀਦੀ ਹੈ, ਜਿਸ ਵਿਚ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੂੰ ਵੀ ਧਿਰ ਬਣਾਇਆ ਜਾਵੇ| ਇਹਨਾਂ ਨੂੰ ਹੜ੍ਹ ਵਾਸਤੇ ਜਿੰਮੇਵਾਰ ਮੰਨਕੇ ਲੋਕਾਂ ਦੇ ਜਾਨ ਮਾਲ ਦੀ ਭਰਪਾਈ ਕਰਾਉਣ ਦਾ ਕੇਸ ਲੜਿਆ ਜਾਵੇ, ਹੜ੍ਹਾਂ ਬਾਰੇ ਡੂੰਘੀ ਪੜਤਾਲ ਕਰਵਾਈ ਜਾਵੇ ਤੇ ਹਰ ਹੜ੍ਹ ਪੀੜਤ ਵਾਸਤੇ ਮੁਆਵਜਾ ਕਲੇਮ ਕੀਤਾ ਜਾਵੇ|
ਇਸ ਤਰਾਂ ਕਰਨ ਨਾਲ ਡੈਮਾਂ ਦੇ ਫਲੱਡ ਗੇਟ ਖੋਹਲਣ ਅਤੇ ਖੁਲਵਾਉਣ ਵਾਲਿਆਂ ਦੀ ਪਾਜ ਵੀ ਖੁਲ੍ਹੇਗੀ, ਉਹਨਾਂ ਨੂੰ ਸਜਾ ਵੀ ਮਿਲ ਸਕੇਗੀ ਤੇ ਅੱਗੋਂ ਤੋਂ ਇਹ ਹਰਕਤ ਕਰਨ ਦੀ ਕੋਈ ਹਿਮਾਕਤ ਵੀ ਨਹੀਂ ਕਰੇਗਾ|
ਸੋ ਇਸ ਹੜ੍ਹ ਨੂੰ ਕੁਦਰਤੀ ਕਰੋਪੀ ਮੰਨਕੇ ਇਥੇ ਹੀ ਗੱਲ ਆਈ ਗਈ ਨਾ ਕੀਤੀ ਜਾਵੇ ਸਗੋਂ ਹੜ੍ਹ ਪੀੜਤਾਂ ਦੀ ਮੱਦਦ ਦੇ ਨਾਲ ਨਾਲ ਹੀ ਇਸ ਦੀ ਕਨੂੰਨੀ ਚਾਰਾਜੋਈ ਵੀ ਕੀਤੀ ਜਾਵੇ| ਪੰਜਾਬ ਦਾ ਹਰ ਪੱਖੋਂ ਇਸ ਵੇਲੇ ਬਹੁਤ ਨੁਕਸਾਨ ਹੋ ਚੁੱਕਾ ਹੈ, ਹੜ੍ਹ ਪੀੜਤਾਂ ਨੂੰ ਪੈਰੀਂ ਆਉਂਦਿਆਂ ਕਰਦਿਆਂ ਚਾਰ ਤੋਂ ਪੰਜ ਸਾਲ ਦਾ ਸਮਾਂ ਵੀ ਲੱਗ ਸਕਦਾ ਹੈ, ਦੂਜੀ ਗੱਲ ਇਹ ਕਿ ਇਹ ਵੀ ਕੋਈ ਗਰੰਟੀ ਨਹੀਂ ਕਿ ਭਵਿੱਖ ਵਿਚ ਇਸ ਤਰਾਂ ਦੁਬਾਰਾ ਨਹੀਂ ਵਾਪਰੇਗਾ| 
ਬੇਸ਼ੱਕ ਹਰ ਕੋਈ ਆਪੋ ਆਪਣੇ ਵਿੱਤ ਮੂਜਬ ਇਸ ਵੇਲੇ ਹੜ੍ਹ ਪੀੜਤਾਂ ਦੀ ਮੱਦਦ ਕਰ ਰਿਹਾ ਹੈ, ਉਹਨਾਂ ਦੀ ਜਿੰਦਗੀ ਮੁੜ ਤੋਂ ਲੀਹੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਸ ਦੇ ਨਾਲ ਭਵਿੱਖ ਵਿਚ ਇਹ ਵੀ ਯਕੀਨੀ ਬਣਾਉਣਾ ਜਰੂਰੀ ਹੈ ਕਿ ਮੁੜ ਇਸ ਤਰਾਂ ਕਦੇ ਨਾ ਵਾਪਰੇ| ਇਸ ਕਰਕੇ ਹੁਣ ਪੱਕੇ ਪੈਰੀਂ ਹੱਥ ਪਾਉਣਾ ਪਊ| ਵੱਡਾ ਨੁਕਤਾ ਏਹੀ ਹੈ ਕਿ ਜਿਹਨਾਂ ਡੈਮਾਂ ਦੀ ਉਸਾਰੀ ਕੀਤੀ ਹੀ ਹੜ੍ਹਾਂ ਨੂੰ ਰੋਕਣ ਵਾਸਤੇ ਸੀ, ਫਿਰ ਅੱਜ ਓਹੀ ਡੈਮ ਹੜਾਂ ਦਾ ਕਾਰਨ ਕਿਓਂ ਬਣ ਰਹੇ ਹਨ ? ਸਾਡੀ ਜਾਨ ਤੇ ਮਾਲ ਦਾ ਖੌਅ ਕਿਉਂ ਬਣੇ ਹੋਏ ਹਨ ?
ਮੁੱਕਦੀ ਗੱਲ ਇਹ ਹੈ ਕਿ ਹੜ੍ਹ ਇਕ ਕੁਦਰਤੀ ਘਟਨਾ ਹੋ ਸਕਦੇ ਹਨ, ਇਹਨਾਂ ਨੂੰ ਅਗਾਊਂ ਢੁਕਵੇਂ ਇੰਤਜਾਮ ਕਰਕੇ ਰੋਕਿਆ ਜਾ ਸਕਦਾ ਹੈ, ਪਰ ਜੇਕਰ ਪੰਜਾਬ ਚ ਆ ਰਹੇ ਹੜ੍ਹਾਂ ਦੇ ਸਾਰੇ ਘਟਨਾ ਕ੍ਰਮ ਨੂੰ ਨੀਝ ਨਾਲ ਦੇਖਿਆ ਜਾਵੇ ਤਾਂ ਇਹ ਗੱਲ ਸਪੱਸ਼ਟ ਰੂਪ ਵਿਚ ਸਾਹਮਣੇ ਆਉਂਦੀ ਹੈ ਕਿ ਪੰਜਾਬ ਵਿਚ ਹੜ੍ਹ ਕੁਦਰਤੀ ਕਰੋਪੀ ਤੋਂ ਵਧਕੇ ਅਣਮਨੁੱਖੀ ਸਿਆਸਤ ਤੇ ਸਾਜ਼ਿਸ਼ ਦਾ ਨਤੀਜਾ ਹਨ ਤੇ ਇਹ ਉਨਾ ਚਿਰ ਨਹੀਂ ਰੋਕੇ ਜਾ ਸਕਦੇ ਜਿੰਨਾ ਚਿਰ ਪੰਜਾਬੀ ਇਹ ਮੰਨਕੇ ਨਹੀਂ ਚਲਦੇ ਕਿ ਹੜ੍ਹਾਂ ਦੇ ਓਹਲੇ ਹੇਠ ਉਹਨਾਂ ਨੂੰ ਜਾਣ ਬੁਝਕੇ ਕਿਸੇ ਗਹਿਰੀ ਸ਼ਾਜਿਸ ਤਹਿਤ ਹੜ੍ਹਾਂ ਚ ਡੋਬਿਆ ਜਾ ਰਿਹਾ ਹੈ| ਇਹ ਹੜ੍ਹ ਸਾਡੀ ਹੋਣੀ ਨਹੀਂ ਹੈ ਬਲਕਿ ਸਾਡੀ ਹੋਂਦ ਉੱਤੇ ਇਕ ਬਹੁਤ ਹੀ ਵਿਓਂਤਬੱਧ ਹਮਲਾ ਹੈ| ਇਸ ਨੁਕਤੇ ਨੂੰ ਜਿੰਨੀ ਜਲਦੀ ਸਮਝ ਲਿਆ ਜਾਵੇ, ਓਨਾ ਹੀ ਸਾਡਾ ਭਲਾ ਹੈ|
ਸ਼ਿੰਗਾਰਾ ਸਿੰਘ ਢਿੱਲੋਂ