ਪੰਜਾਬ ਵਿੱਚ ਤਬਾਹਕੁਨ ਬਾੜ੍ਹ ਕਾਰਨ 4658 ਕਿਲੋਮੀਟਰ ਸੜਕਾਂ ਅਤੇ 68 ਪੁਲ ਹੋਏ ਨੁਕਸਾਨੀ: ਹਰਭਜਨ ਸਿੰਘ (ਈ.ਟੀ.ਓ.)

ਚੰਡੀਗੜ੍ਹ: ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ (ਈ.ਟੀ.ਓ.) ਨੇ ਅੱਜ ਦੱਸਿਆ ਕਿ ਹਾਲ ਹੀ ਵਿੱਚ ਆਈ ਤਬਾਹਕੁਨ ਬਾੜ੍ਹ ਨਾਲ ਰਾਜ ਭਰ ਵਿੱਚ 4658 ਕਿਲੋਮੀਟਰ ਸੜਕਾਂ ਅਤੇ 68 ਪੁਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਨੁਕਸਾਨ ਦੇ ਮੁਲਾਂਕਣ ਸੰਬੰਧੀ ਵਿਭਾਗੀ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਦੀ ਅਗਵਾਈ ਕਰਦੇ ਹੋਏ, ਕੈਬਨਿਟ ਮੰਤਰੀ ਨੇ ਦੱਸਿਆ ਕਿ ਯੋਜਨਾ ਸੜਕਾਂ ਦੇ ਹੇਠਾਂ 19 ਪੁਲ ਅਤੇ 1592.76 ਕਿਲੋਮੀਟਰ ਸੜਕਾਂ ਨੁਕਸਾਨੀ ਹੋਈਆਂ ਹਨ, ਨਾਲ ਹੀ 4014.11 ਮੀਟਰ ਲੰਬੀ ਆਰ-ਵਾਲ ਅਤੇ ਬੀ-ਵਾਲ ਅਤੇ 92 ਪੁਲੀਆਂ ਵੀ ਨੁਕਸਾਨੀ ਹੋਈਆਂ ਹਨ।

ਇਸੇ ਤਰ੍ਹਾਂ, ਰਾਸ਼ਟਰੀ ਰਾਜਮਾਰਗਾਂ ਹੇਠਾਂ 4 ਪੁਲ ਅਤੇ 49.69 ਕਿਲੋਮੀਟਰ ਸੜਕਾਂ ਨੂੰ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ 2559.5 ਮੀਟਰ ਆਰ-ਵਾਲ ਅਤੇ ਬੀ-ਵਾਲ ਅਤੇ 14 ਪੁਲੀਆਂ ਵੀ ਨੁਕਸਾਨੀ ਹੋਈਆਂ ਹਨ। ਲਿੰਕ ਰੋਡਾਂ ਦੇ ਹੇਠਾਂ 45 ਪੁਲ ਅਤੇ 2357.84 ਕਿਲੋਮੀਟਰ ਸੜਕਾਂ ਨੁਕਸਾਨੀ ਹੋਈਆਂ ਹਨ, ਨਾਲ ਹੀ 3282 ਮੀਟਰ ਆਰ-ਵਾਲ ਅਤੇ ਬੀ-ਵਾਲ ਅਤੇ 376 ਪੁਲੀਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਹੇਠ ਬਣੀਆਂ 657.54 ਕਿਲੋਮੀਟਰ ਸੜਕਾਂ ਵੀ ਪ੍ਰਭਾਵਿਤ ਹੋਈਆਂ ਹਨ।

ਉਨ੍ਹਾਂ ਦੱਸਿਆ ਕਿ ਨੁਕਸਾਨੀ ਪੁਲਾਂ, ਸੜਕਾਂ, ਆਰ-ਵਾਲ, ਬੀ-ਵਾਲ ਅਤੇ ਪੁਲੀਆਂ ਦੀ ਮੁਰੰਮਤ ਅਤੇ ਜੀਰਣੋਧਾਰ ਲਈ 1969.50 ਕਰੋੜ ਰੁਪਏ ਦਾ ਅੰਦਾਜ਼ਿਤ ਖਰਚਾ ਹੋਵੇਗਾ।

ਬੈਠਕ ਦੌਰਾਨ, ਈ.ਟੀ.ਓ. ਹਰਭਜਨ ਸਿੰਘ ਨੇ ਭਾਰਤੀ ਰਾਸ਼ਟਰੀ ਰਾਜਮਾਰਗ ਪ੍ਰਾਧਿਕਰਨ (ਐਨ.ਐਚ.ਏ.ਆਈ.) ਦੇ ਅਧਿਕਾਰੀਆਂ ਨੂੰ ਪੰਜਾਬ ਵਿੱਚ ਵੱਖ-ਵੱਖ ਸੜਕਾਂ ਦੀ ਸਥਿਤੀ ਵਿੱਚ ਤੁਰੰਤ ਸੁਧਾਰ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਉਹਨਾਂ ਪ੍ਰੋਜੈਕਟਾਂ ਨੂੰ ਵੀ ਤੇਜ਼ੀ ਨਾਲ ਅੱਗੇ ਵਧਾਉਣ ਦੇ ਨਿਰਦੇਸ਼ ਦਿੱਤੇ ਜੋ ਅਜੇ ਤੱਕ ਸ਼ੁਰੂ ਨਹੀਂ ਹੋਏ।