ਤਖ਼ਤ ਪਟਨਾ ਸਾਹਿਬ ਤੋਂ ਗੁਰੂ ਕਾ ਬਾਗ ਹੁੰਦੀ ਹੋਈ ਜਾਗਰਤੀ ਯਾਤਰਾ ਦੀ ਹੋਈ ਸ਼ੁਭ ਸ਼ੁਰੂਆਤ

ਨਵੀਂ ਦਿੱਲੀ,  (ਮਨਪ੍ਰੀਤ ਸਿੰਘ ਖਾਲਸਾ): ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਬਿਹਾਰ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਸਾਥੀ ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ, ਭਾਈ ਦਯਾਲਾ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਕੇ ਗੁਰੂਦੁਆਰਾ ਗੁਰੂ ਕਾ ਬਾਗ, ਪਟਨਾ ਸਾਹਿਬ ਤੋਂ ਜਾਗਰਤੀ ਯਾਤਰਾ ਸ਼ੁਰੂ ਕੀਤੀ ਗਈ ਜੋ ਦੇਸ਼ ਦੇ 9 ਰਾਜਾਂ ਵਿੱਚੋਂ ਹੋ ਕੇ ਆਖ਼ਿਰਕਾਰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਖਤਮ ਹੋਵੇਗੀ।
ਇਸ ਮੌਕੇ ਤੇ ਅਨੇਕ ਧਾਰਮਿਕ ਅਤੇ ਸਿਆਸੀ ਸ਼ਖ਼ਸੀਅਤਾਂ, ਸੰਤ ਮਹਾਪੁਰਖ ਹਾਜ਼ਰ ਸਨ। ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ ਸੁੱਖੀ ਨੇ ਲਾਈਵ ਸ਼ਬਦ ਪਰਫਾਰਮੈਂਸ ਦਿੱਤੀ ਅਤੇ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ 'ਤੇ ਤਿਆਰ ਕੀਤਾ ਗਿਆ ਇੱਕ ਖ਼ਾਸ ਸ਼ਬਦ ਵੀ ਯਾਤਰਾ ਦੌਰਾਨ ਸੰਗਤ ਨੂੰ ਸੁਣਾਇਆ ਜਾਵੇਗਾ। ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ ਬਿਹਾਰ ਸਰਕਾਰ ਅਤੇ ਕਮੇਟੀ ਦੇ ਸਾਂਝੇ ਉਪਰਾਲਿਆਂ ਨਾਲ ਜਾਗਰਤੀ ਯਾਤਰਾ ਗੁਰੂਦੁਆਰਾ ਗੁਰੂ ਕਾ ਬਾਗ ਤੋਂ ਸ਼ੁਰੂ ਕੀਤੀ ਗਈ, ਜਿੱਥੇ ਗੁਰੂ ਪਿਤਾ ਤੇ ਪੁੱਤਰ ਦਾ ਪਹਿਲਾ ਮਿਲਾਪ ਹੋਇਆ ਸੀ ਅਤੇ ਇਸਦਾ ਅੰਤ ਤਖ਼ਤ ਕੇਸਗੜ੍ਹ ਸਾਹਿਬ, ਆਨੰਦਪੁਰ ਸਾਹਿਬ ਵਿਖੇ ਹੋਵੇਗਾ, ਜਿੱਥੇ ਉਹਨਾਂ ਦਾ ਆਖ਼ਰੀ ਮਿਲਾਪ ਹੋਇਆ ਸੀ।
ਯਾਤਰਾ ਦੀ ਰਵਾਨਗੀ ਸਮੇਂ ਕਈ ਧਾਰਮਿਕ, ਸਿਆਸੀ ਸ਼ਖ਼ਸੀਅਤਾਂ ਅਤੇ ਸੰਤ ਸਮਾਜ ਮੌਜੂਦ ਰਿਹਾ।
ਉਨ੍ਹਾਂ ਦੱਸਿਆ ਕਿ ਯਾਤਰਾ ਤੋਂ ਪਹਿਲਾਂ ਗੁਰੂ ਕਾ ਬਾਗ ਵਿਖੇ ਵਿਸ਼ੇਸ਼ ਦੀਵਾਨ ਸਜਾਇਆ ਗਿਆ, ਜਿਸ ਦੀ ਸਮਾਪਤੀ ਉਪਰੰਤ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਜੀ ਵੱਲੋਂ ਅਰਦਾਸ ਕਰਕੇ ਯਾਤਰਾ ਦੀ ਸ਼ੁਰੂਆਤ ਕੀਤੀ ਗਈ। ਸ੍ਰੀ ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ ਯਾਤਰਾ ਵਿੱਚ ਇਕ ਪਾਲਕੀ ਬਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਵਰੂਪ ਅਤੇ ਗੁਰੂ ਸਾਹਿਬ ਦੇ ਪੁਰਾਤਨ ਸ਼ਸਤ੍ਰ ਸੰਗਤਾਂ ਦੇ ਦਰਸ਼ਨ ਲਈ ਰੱਖੇ ਗਏ ਹਨ। ਇਨ੍ਹਾਂ ਦੇ ਨਾਲ ਪੰਜ ਪਿਆਰੇ, ਸ਼ਬਦੀ ਜਥੇ ਅਤੇ ਵੱਡੀ ਗਿਣਤੀ ਵਿੱਚ ਸੰਗਤ ਯਾਤਰਾ ਦੇ ਨਾਲ ਚਲ ਰਹੀ ਹੈ।