ਭਾਰਤ ਵਿੱਚ ਹਿੰਦੂ ਰਾਸ਼ਟਰ ਕਾਇਮ ਹੋਣ ਦੇ ਰਾਹ ਵਿੱਚ ਗੁਰੂ ਗ੍ਰੰਥ ਤੇ ਗੁਰੂ ਪੰਥ ਹੀ ਸਭ ਤੋਂ ਵੱਡਾ ਅੜਿੱਕਾ

ਜਥੇਦਾਰ ਮਹਿੰਦਰ ਸਿੰਘ ਯੂ।ਕੇ।

ਹਥਲੇ ਲੇਖ ਵਿੱਚ ਅਸੀਂ ਵਿਚਾਰ ਕਰਾਂਗੇ ਕਿ ਸਿੱਖ ਧਰਮ ਦੇ ਸਿਧਾਂਤ ਅਤੇ ਸੈਕੂਲਰਇਜ਼ਮ (ਧਰਮ ਨਿਰਪੱਖਤਾ) ਦੇ ਨਿਯਮ ਇੱਕ ਦੂਜੇ ਦੇ ਵਿਰੋਧੀ ਕਿਵੇਂ ਹਨ। ਸਿੱਖ ਧਰਮ ਦਾ ਸਿਧਾਂਤ ਨਿਆਂਕਾਰੀ ਸਰਵਸ਼ਕਤੀਮਾਨ ਅਕਾਲ ਪੁਰਖ ਨੂੰ ਸਰਬ ਵਿਆਪਕ ਤਸੱਵਰ ਕਰਦਾ ਹੈ। ਸਿੱਖ ਦਾ ਅਕੀਦਾ ਹੈ ਕਿ ਸੰਸਾਰ ਜੀਵਨ ਅੰਤਿਮ ਜੀਵਨ ਨਹੀਂ ਹੈ, ਗੁਰਬਾਣੀ ਦੇ ਮਹਾਂਵਾਕ ਅਨੁਸਾਰ ਮਰਣਹਾਰੁ ਇਹੁ ਜੀਅਰਾ ਨਾਹੀ (ਅੰਗ 188)। ਸਿੱਖ ਧਰਮ ਦੇ ਸਿਧਾਂਤ ਅਨੁਸਾਰ ਸਥੂਲ ਜੀਵਨ ਵਿੱਚ ਵੀ ਉਨਤੀ ਦਾ ਸੰਕਲਪ ਤੇ ਆਧਾਰ ਅਧਿਆਤਮਵਾਦ ਨਾਲ ਸੰਬੰਧਤ ਹੈ- ਪਦਾਰਥਵਾਦ ਨਾਲ ਨਹੀਂ। ਇਹਨਾਂ ਤਿੰਨਾਂ ਅਸੂਲਾਂ ਦੇ ਉਲਟ ਧਰਮ ਨਿਰਪੱਖਤਾ ਪ੍ਰਮਾਤਮਾ ਦੀ ਹੋਂਦ ਤੋਂ ਇਨਕਾਰੀ ਹੈ- ਨਾਸਤਿਕਤਾ ਇਸ ਦਾ ਅਨਿੱਖੜਵਾ ਅੰਗ ਹੈ। ਇਹ ਪਦਾਰਥ ਉਨਤੀ ਨੂੰ ਮਨੁੱਖਤਾ ਦੀ ਚਰਮਸੀਮਾ ਦੱਸਦਾ ਹੈ ਅਤੇ ਸਥੂਲ ਪੱਧਰ ਤੋਂ ਉੱਤੇ ਕਿਸੇ ਹੋਰ ਦੁਨੀਆਂ ਜਾਂ ਜੀਵਨ ਨੂੰ ਮਾਨਤਾ ਨਹੀਂ ਦਿੰਦਾ। ਜਿੱਥੇ ਦੂਸਰੇ ਧਰਮਾਂ ਵਿੱਚ ਮੁਕਤੀ ਪ੍ਰਾਪਤੀ ਦੇ ਹੋਰ ਅਨੇਕਾਂ ਸਾਧਨ ਹਨ, ਓਥੇ ਖ਼ਾਲਸੇ ਲਈ ਪਰਮ ਪੁਰਖ ਵਿੱਚ ਅਭੇਦ ਹੋਣ ਦਾ ਇੱਕੋ ਇੱਕ ਰਾਹ ਹੈ ਕਿ ਉਹ ਧਰਮੀ ਪੁਰਸ਼ ਦੇ ਆਤਮਿਕ ਵਿਕਾਸ ਅਤੇ ਦੁਨਿਆਵੀ ਖ਼ੁਸ਼ੀ ਵਿੱਚ ਵਿਘਨ ਪਾਉਣ ਵਾਲ਼ੀਆਂ ਅਨਿਆਕਾਰੀ ਸ਼ਕਤੀਆਂ ਨਾਲ ਅਕਾਲ ਤਖ਼ਤ ਦੇ ਮੀਰੀ ਪੀਰੀ ਦੇ ਵਿਧਾਨ ਅਨੁਸਾਰ ਨਿਰੰਤਰ ਜੂਝਦਾ ਰਹੇ। ਰਾਜਨੀਤੀ ਉਹੋ ਹੀ ਪਰਮਾਤਮਾ ਦੇ ਹੁਕਮ ਅਨੁਸਾਰ ਹੋ ਸਕਦੀ ਹੈ ਜਿਹੜੀ ਮਨੱੁਖ ਦੇ ਖੇੜੇ ਖ਼ੁਸ਼ੀਆਂ ਦੇ ਹੱਕ ਨੂੰ ਨਿਰਸੰਕੋਚ ਤਸਲੀਮ ਕਰੇ ਅਤੇ ਹਰ ਮਨੁੱਖ ਦੇ ਆਪਣੀ ਜ਼ਮੀਰ ਅਨੁਸਾਰ ਜਿਊਣ ਦੇ ਹੱਕ ਨੂੰ ਸਪਸ਼ਟ ਮੰਨੇ। ਹਰ ਮਨੁੱਖ ਦੇ ਸਵੈਮਾਣ ਅਤੇ ਅਣਖ਼ ਨਾਲ ਜਿਊਣ ਦੇ ਹੱਕ ਦੀ ਰਾਖੀ ਕਰਨਾ ਰਾਜਨੀਤੀ ਦਾ ਪਹਿਲਾ ਫ਼ਰਜ਼ ਹੈ।
ਇਸ ਕਰਕੇ ਹੀ ਸੈਕੂਲਰਇਜ਼ਮ ਤੇ ਟਿੱਪਣੀ ਕਰਦੇ ਹੋਏ ਡਾਕਟਰ ਹਰਕੀਰਤ ਸਿੰਘ ਜੀ ਲਿਖਦੇ ਹਨ ਕਿ ਅੱਜ ਸਾਡੇ ਉੱਤੇ ਸੈਕੂਲਰਇਜ਼ਮ ਇੰਨਾ ਛਾਇਆ ਹੋਇਆ ਹੈ ਕਿ ਅਸੀਂ ਆਪਣੇ ਆਪ ਨੂੰ ਸੈਕੂਲਰ ਅਖਵਾਉਣ ਕਰਕੇ ਬਹੁਤ ਤੱਥ ਅਤੇ ਸੱਚਾਈਆਂ ਬਿਆਨ ਨਹੀਂ ਕਰ ਸਕਦੇ। ਇਸ ਦੀ ਸਭ ਤੋਂ ਵੱਡੀ ਸੱਚਾਈ ਇਹ ਹੈ ਕਿ ਨੁਮਾਇੰਦਾ ਬਹੁ-ਗਿਣਤੀ ਹਿੰਦੂ ਸੋਚ ਦੇ ਤਰਜ਼ਮਾਨ ਭਾਰਤੀ ਸੰਵਿਧਾਨ ਵਿੱਚ ਸਿੱਖਾਂ ਨੂੰ ਸਿੱਖ ਇੱਕ ਵੱਖਰੀ ਕੌਮ ਦੀ ਮਾਨਤਾ ਨਹੀਂ ਦਿੱਤੀ ਗਈ ਅਤੇ ਸਿੱਖਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਮੰਨ ਕੇ ਸਿੱਖ ਕੌਮ ਨਾਲ ਗ਼ੁਲਾਮਾਂ ਵਾਲ਼ਾ ਸਲੂਕ ਕੀਤਾ ਜਾ ਰਿਹਾ ਹੈ ਅਰਥਾਤ ਅਜ਼ਾਦ ਭਾਰਤ ਵਿੱਚ ਸਿੱਖ ਗ਼ੁਲਾਮ ਹਨ। ਹਾਲਾਂਕਿ ਭਾਰਤ ਦੇ ਸਿੱਖ 17ਵੀਂ ਸਦੀ ਦੇ ਅੰਤਲੇ ਸਾਲਾਂ ਵਿੱਚ, ਖ਼ਾਲਸਾ ਪੰਥ ਦੀ ਸਾਜਨਾ ਦੇ ਸਮੇਂ ਤੋਂ ਹੀ ਇਤਿਹਾਸਕ ਤੌਰ ਤੇ ਇੱਕ ਰਾਜਨੀਤਿਕ ਕੌਮ ਵਜੋਂ ਤਸਲੀਮ ਕੀਤੇ ਗਏ ਹਨ ਅਤੇ ਸਿੱਖ ਕੌਮ ਦਾ ਇਹ ਰੁਤਬਾ, ਕੌਮਾਂਤਰੀ ਪੱਧਰ ਤੇ ਯੂਰਪ ਅਤੇ ਏਸ਼ੀਆ ਦੀਆਂ ਪ੍ਰਮੁੱਖ ਸ਼ਕਤੀਆਂ, ਜਿਵੇਂ ਕਿ ਫਰਾਂਸ, ਇੰਗਲੈਂਡ, ਇਟਲੀ, ਰੂਸ, ਚੀਨ, ਤਿੱਬਤ, ਪਰਸ਼ੀਆ (ਈਰਾਨ) ਅਫਗਾਨਿਸਤਾਨ, ਨੇਪਾਲ ਅਤੇ ਕੰਪਨੀ ਬਹਾਦਰ, ਫੋਰਟ ਵਿਲੀਅਮ, ਕਲਕੱਤਾ ਵੱਲੋਂ 19ਵੀਂ ਸਦੀ ਦੇ ਅੱਧ ਤਕ ਅਤੇ ਫਿਰ ਮੁਲਕ ਛੱਡ ਕੇ ਜਾਂਦੇ ਫਰੰਗੀ, ਹਿੰਦੂ ਕਾਂਗਰਸ ਅਤੇ ਭਾਰਤੀ ਮੁਸਲਿਮ ਲੀਗ ਵੱਲੋਂ ਵੀਹਵੀਂ ਸਦੀ ਦੇ ਅੱਧ ਵਿੱਚ ਤਸਲੀਮ ਕੀਤਾ ਅਤੇ ਕਬੂਲਿਆ ਜਾ ਚੁੱਕਾ ਹੈ। 
ਹਿੰਦੁਸਤਾਨ ਦੀ ਧੱਕੜ ਬਹੁਗਿਣਤੀ ਨੇ 1950 ਵਿੱਚ ਮੁਲਕ ਤੇ ਇੱਕ ਅਜਿਹਾ ਸੰਵਿਧਾਨਕ ਇੰਤਜ਼ਾਮ ਠੋਸਿਆ, ਜਿਸ ਨੇ ਕਿ ਸਿੱਖਾਂ ਨੂੰ ਉਹਨਾਂ ਦੀ ਰਾਜਸੀ ਪਛਾਣ ਅਤੇ ਸੱਭਿਆਚਾਰਕ ਵਿਲੱਖਣਤਾ ਤੋਂ ਸੱਖਣੇ ਕਰ ਦਿੱਤਾ ਹੈ, ਇਸ ਤਰ੍ਹਾਂ ਸਿੱਖਾਂ ਨੂੰ ਰਾਜਸੀ ਤੌਰ ਤੇ ਖ਼ਤਮ ਕਰ ਕੇ ਅਤੇ ਉਹਨਾਂ ਨੂੰ ਆਤਮਿਕ ਅਤੇ ਸੱਭਿਆਚਾਰਕ ਗਿਰਾਵਟ ਦੇ ਕੰਢੇ ਲਿਆ ਕੇ ਬੇ-ਸਿਰ-ਪੈਰ ਹਿੰਦੂ ਧਰਮ ਦੇ ਖਾਰੇ ਸਾਗਰ ਵਿੱਚ ਹਰ ਹੀਲੇ ਡੁੱਬ ਜਾਣ ਅਤੇ ਸਦਾ ਲਈ ਤਬਾਹ ਹੋ ਜਾਣ ਦੀ ਨੌਬਤ ਤਕ ਲੈ ਆਂਦਾ ਹੈ ਅਤੇ ਸਿੱਖਾਂ ਨਾਲ ਅਜ਼ਾਦੀ ਤੋਂ ਪਹਿਲਾਂ ਕੀਤੇ ਸੰਜੀਦਾ ਇਕਰਾਰਨਾਮੇ ਅਤੇ ਸ਼ਰੇਆਮ ਕੀਤੇ ਵਾਅਦਿਆਂ ਨੂੰ ਬੇ-ਲਿਹਾਜੀ ਨਾਲ ਤੋੜ ਕੇ ਸਿੱਖਾਂ ਨੂੰ ਜਕੜ ਕੇ ਗ਼ੁਲਾਮ ਬਣਾ ਲਿਆ ਗਿਆ ਹੈ। ਇਸੇ ਕਰਕੇ 1950 ਵਿੱਚ ਵਿਧਾਨ ਘੜਨੀ ਸਭਾ ਵਿੱਚ ਸਿੱਖਾਂ ਦੇ ਨੁਮਾਇੰਦਿਆਂ ਨੇ ਅਜਿਹੇ ਸੰਵਿਧਾਨਕ ਇੰਤਜਾਮ ਪਰਵਾਨ ਕਰਨ ਵਾਲ਼ੀ ਧਿਰ ਬਣਨ ਤੋਂ ਨਾਂਹ ਕਰ ਦਿੱਤੀ ਸੀ।
ਹੁਣ ਅਸੀਂ ਰਾਸ਼ਟਰਵਾਦ ਬਾਰੇ ਚਰਚਾ ਕਰਾਂਗੇ, ਡਾਕਟਰ ਰਾਧਾ ਕ੍ਰਿਸ਼ਨਨ ਦੀ ਪੁਸਤਕ ਰਿਲੀਜਨ ਐਂਡ ਸੁਸਾਇਟੀ ਵਿੱਚੋਂ ਵੀ ਰਾਸ਼ਟਰਵਾਦ ਬਾਰੇ ਹਵਾਲਾ ਦੇਣਾ ਕੁਥਾਂਹ ਨਹੀਂ ਹੋਵੇਗਾ। ਉਹ ਲਿਖਦੇ ਹਨ ਕਿ ਇਹਨਾਂ ਇੱਕ ਦੂਜੇ ਦੇ ਵਿਰੋਧੀ ਰਾਸ਼ਟਰਾਂ ਦੇ ਸੰਸਾਰ ਵਿੱਚ ਸੁਭਾਵਿਕ ਰੁਚੀ ਇਹ ਹੁੰਦੀ ਹੈ ਕਿ ਦੂਸਰਿਆਂ ਨੂੰ ਨੀਵਾਂ ਵਿਖਾਇਆ ਜਾਵੇ। ਜਿਹੜੀ ਸ਼ਕਤੀ ਸੰਸਾਰ ਵਿੱਚ ਏਕਤਾ, ਸਿਹਤ ਤੇ ਸੰਪੂਰਨਤਾ ਕਾਇਮ ਕਰਨ ਲਈ ਮਨੁੱਖ ਨੂੰ ਮਿਲੀ ਸੀ ਉਸ ਦੀ ਵਰਤੋਂ ਇੱਕ ਗਿਰੋਹ ਜਾਂ ਸ਼੍ਰੇਣੀ ਜਾਂ ਨਸਲ ਜਾਂ ਕੌਮ ਨੂੰ ਉੱਚਿਆਂ ਕਰਨ ਵਿੱਚ ਲਾ ਦਿੱਤੀ ਜਾਂਦੀ ਹੈ। ਰਾਸ਼ਟਰ ਇੱਕ ਵਿਕਰਾਲ ਗ਼ੁਲਾਮਾਂ ਦਾ ਮਾਲਕ ਬਣ ਜਾਂਦਾ ਹੈ ਅਤੇ ਸਾਡਾ ਅੰਦਰੂਨੀ ਜੀਵਨ ਕੁਚਲ ਕੇ ਬੇ-ਜਾਨ ਕਰ ਦਿੱਤਾ ਜਾਂਦਾ ਹੈ। ਰਾਸ਼ਟਰ ਦੇ ਨਾਂਅ ਤੇ ਵੀਹਵੀਂ ਸਦੀ ਵਿੱਚ ਕੀਤੀਆਂ ਜ਼ਿਆਦਤੀਆਂ ਕਾਰਨ ਰਾਸ਼ਟਰਵਾਦ ਵਿਸ਼ਾਲ ਰੂਪ ਵਿੱਚ ਸੰਸਾਰ ਦੀਆਂ ਬੁਰਿਆਈਆਂ ਦਾ ਮੁੱਖ ਕਾਰਣ ਸਮਝਿਆ ਜਾਣ ਲੱਗ ਪਿਆ ਹੈ ਕਿਉਂਕਿ ਰਾਜਨੀਤੀ ਅਤੇ ਵਿਉਪਾਰ ਦੇ ਸੰਗਠਨ ਦਾ ਦੂਜਾ ਨਾਂਅ ਰਾਸ਼ਟਰ ਹੈ, ਇਹ ਸੰਗਠਨ ਸਮਾਜਿਕ ਜੀਵਨ ਦੇ ਤਾਲਮੇਲ ਨੂੰ ਨਸ਼ਟ ਕਰ ਕੇ ਪੂਰੀ ਤਰ੍ਹਾਂ ਸ਼ਕਤੀਸ਼ਾਲੀ ਬਣ ਜਾਂਦਾ ਹੈ ਜਿਹਦੀ ਸੰਚਾਲਕ ਸ਼ਕਤੀ ਰਾਜਭਾਗ ਨੂੰ ਹਥਿਆਉਣ ਲਈ ਹੀ ਵਰਤੀ ਜਾਂਦੀ ਹੈ।
ਭਾਰਤ ਵਿੱਚ ਰਾਸ਼ਟਰ ਦਾ ਏਜੰਡਾ ਕੇਵਲ ਭਾਜਪਾ ਅਤੇ ਆਰ.ਐੱਸ.ਐੱਸ. ਦਾ ਹੀ ਨਹੀਂ ਜੋ ਖੁੱਲਮ ਖੁੱਲ੍ਹਾ ਹੈ। ਇਹੀ ਏਜੰਡਾ ਕਾਂਗਰਸ ਦਾ ਵੀ ਹੈ ਕਿਉਂਕਿ ਇਹਨਾਂ ਦੋਹਾਂ ਦਾ ਵੋਟ ਬੈਂਕ ਹਿੰਦੂ ਹੀ ਹੈ ਅਤੇ ਹਿੰਦੂਆਂ ਦੀ ਗਿਣਤੀ ਭਾਰਤ ਵਿੱਚ 80 ਫ਼ੀਸਦੀ ਤੋਂ ਵੀ ਉੱਤੇ ਦੱਸੀ ਜਾਂਦੀ ਹੈ ਅਰਥਾਤ ਹਿੰਦੂ ਵੋਟ ਨਾਲ ਹੀ ਬਹੁਮੱਤ ਹਾਸਲ ਕੀਤੀ ਜਾ ਸਕਦੀ ਹੈ। ਭਾਜਪਾ ਤੇ ਕਾਂਗਰਸ ਵਿੱਚ ਫ਼ਰਕ ਸਿਰਫ਼ ਇੰਨਾ ਹੀ ਹੈ ਕਿ ਭਾਜਪਾ ਦਾ ਏਜੰਡਾ ਸਪਸ਼ਟ ਤੌਰ ਤੇ ਰਾਸ਼ਟਰ ਹੈ ਅਤੇ ਕਾਂਗਰਸ ਇਹ ਕੰਮ ਸੈਕੂਲਰਇਜ਼ਮ ਦਾ ਬੁਰਕਾ ਪਾ ਕੇ ਕਰ ਰਹੀ ਹੈ, ਕਮਿਊਨਿਸਟ ਦੇਸ਼ ਪਿਆਰ ਦੀ ਗੱਲ ਕਰ ਕੇ ਅਤੇ ਆਰ.ਐੱਸ.ਐੱਸ. ਇੱਕ ਕੌਮ, ਇੱਕ ਮੁਲਕ ਅਤੇ ਅਖੰਡ ਭਾਰਤ ਦੀ ਗੱਲ ਕਰ ਕੇ। 
ਜਿਹੜਾ ਦਲਿਤ ਵਰਗ ਹੈ ਉਸ ਵਿੱਚੋਂ ਬਹੁਤ ਵੱਡੇ ਹਿੱਸੇ ਨੂੰ ਤਾਂ ਵਿਹਲੇ ਰਹਿਣ ਅਤੇ ਮਿਹਨਤ ਨਾ ਕਰਨ ਦੀ ਆਦਤ ਪਾਉਣ ਲਈ ਕਾਂਗਰਸ ਸਮੇਤ ਕੁਝ ਪਾਰਟੀਆਂ ਨੇ ਆਪਣੀ ਹਕੂਮਤ ਵੇਲੇ ਕਈ ਕਿਸਮ ਦੀਆਂ ਸਹੂਲਤਾਂ, ਸਬਸਿਡੀਆਂ ਅਤੇ ਰਿਜ਼ਰਵੇਸ਼ਨਾਂ ਦੇ ਕੇ ਆਪਣੀ ਵੋਟ ਪੱਕੀ ਕਰ ਰੱਖੀ ਹੈ, ਬਾਕੀ ਦਲਿਤਾਂ ਨੂੰ ਸਰਮਾਏਦਾਰਾਂ ਅਤੇ ਬ੍ਰਾਹਮਣੀ ਸੋਚ ਦੇ ਹੋਰ ਏਜੰਟਾਂ ਨੇ ਛੋਟੀਆਂ-ਛੋਟੀਆਂ ਪਾਰਟੀਆਂ ਬਣਾ ਕੇ ਇਹਨਾਂ ਨੂੰ ਵੰਡ ਰੱਖਿਆ ਹੈ, ਬਾਲਮੀਕ ਸਭਾਵਾਂ, ਰਵਿਦਾਸੀਆ ਸਭਾਵਾਂ ਅਤੇ ਬੁਧਿਸ਼ਟ ਸਭਾਵਾਂ ਉਘੜਵੇਂ ਰੂਪ ਵਿੱਚ ਸਾਡੇ ਸਾਮ੍ਹਣੇ ਹਨ।
ਸਰਕਾਰਾਂ ਨੇ ਮਨੁੱਖੀ ਦਰਦ ਵੰਡਣ ਅਤੇ ਇਸ ਦਾ ਸਮਾਧਾਨ ਕਰਨ ਵਾਲ਼ਾ ਨਾ ਕੋਈ ਧਰਮ ਰਹਿਣ ਦਿੱਤਾ ਹੈ ਅਤੇ ਨਾ ਹੀ ਕੋਈ ਸਕੂਲ। ਹੁਣ ਇਹਨਾਂ ਸਰਕਾਰਾਂ ਨੂੰ ਜੇ ਕੋਈ ਡਰ ਹੈ ਤਾਂ ਸਿੱਖ ਧਰਮ ਦੇ ਗੁਰੂ ਗ੍ਰੰਥ-ਗੁਰੂ ਪੰਥ ਦੇ ਸਿੱਖੀ ਸਿਧਾਂਤਾਂ ਕੋਲੋਂ ਹੀ ਹੈ। ਸਿੱਖ ਧਰਮ ਦੀ ਸਿੱਖਿਆ ਜਿਸ ਨੂੰ ਭਾਰਤੀ ਸੰਸਕ੍ਰਿਤੀ ਅਤੇ ਅਮੀਰ ਵਰਗ ਆਪਣੇ ਲਈ ਬਹੁਤ ਖ਼ਤਰਨਾਕ ਸਮਝਦਾ ਹੈ। ਇਹੀ ਕਾਰਨ ਹੈ ਕਿ ਪਹਿਲਾਂ ਤਾਂ ਸਿੱਖਾਂ ਅਤੇ ਸਿੱਖੀ ਉੱਤੇ ਹਮਲੇ ਲੁਕਵੇਂ ਤੇ ਐਸੇ ਭੁਲੇਖਾਪਾਊ ਹੁੰਦੇ ਸਨ ਕਿ ਆਮ ਸਿਆਣਿਆਂ ਨੂੰ ਵੀ ਸਮਝਣ ਵਿੱਚ ਦੇਰ ਲੱਗਦੀ ਸੀ। ਪਰ ਹੁਣ ਜੂਨ 1984 ਵਿੱਚ ਦਰਬਾਰ ਸਾਹਿਬ ਤੇ ਭਾਰਤੀ ਫ਼ੌਜਾਂ ਵੱਲੋਂ ਤੋਪਾਂ ਟੈਂਕਾਂ ਨਾਲ ਹਮਲਾ ਕਰ ਕੇ ਅਕਾਲ ਤਖ਼ਤ ਸਾਹਿਬ ਢਾਹੁਣਾ, ਵੁਡਰੋਜ਼ ਅਪਰੇਸ਼ਨ ਰਾਹੀਂ ਹਜ਼ਾਰਾਂ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਝੂਠੇ ਪੁਲੀਸ ਮੁਕਾਬਲੇ ਬਣਾ ਕੇ ਸ਼ਹੀਦ ਕਰਨਾ ਤੇ ਫਿਰ ਅਣਪਛਾਤੀਆਂ ਲਾਸ਼ਾਂ ਕਹਿ ਕੇ ਸੰਸਕਾਰ ਕਰ ਦੇਣਾ ਅਤੇ ਨਵੰਬਰ 1984 ਵਿੱਚ ਦਿੱਲੀ ਬੋਕਾਰੋ ਆਦਿ ਸ਼ਹਿਰਾਂ ਵਿੱਚ ਸਿੱਖਾਂ ਦਾ ਸਮੂਹਿਕ ਕਤਲੇਆਮ ਕਰ ਕੇ ਸਿੱਖਾਂ ਦੀ ਨਸਲਕੁਸ਼ੀ ਕਰਨ ਤੋਂ ਬਾਅਦ ਵੀ ਸਪਸ਼ਟ ਤੌਰ ਤੇ ਹਿੰਦੂ, ਹਿੰਦੀ, ਹਿੰਦੁਸਤਾਨ ਰਾਸ਼ਟਰ ਦਾ ਦਮ ਭਰਨ ਵਾਲ਼ੇ ਸਿਆਸੀ, ਗੈਰ ਸਿਆਸੀ, ਸਮੂਹ ਸੰਗਠਨ ਸਿੱਖਾਂ ਦਾ ਸਰਵਨਾਸ਼ ਕਰਨ ਲਈ ਯਤਨਸ਼ੀਲ ਹਨ। ਭਾਰਤ ਦੇ ਭੂਤਰੇ ਹੋਏ ਹਾਕਮ, ਹੰਕਾਰੀ ਬਹੁਗਿਣਤੀ ਤੋਂ ਰਾਜਸੀ ਬਲ਼ ਪ੍ਰਾਪਤ ਕਰ ਕੇ ਤ੍ਰੈਕਾਲਦਰਸ਼ੀ ਗੁਰੂ ਨਾਨਕ ਪਾਤਸ਼ਾਹ ਦੇ ਜੁਗੋ ਜੁਗ ਅਟੱਲ ਉਪਦੇਸ਼ਾਂ ਨੂੰ ਬੀਤੇ ਸਮੇਂ ਦੀ ਭੁਲੀ ਵਿਸਰੀ ਦਾਸਤਾਂ ਬਣਾਉਣਾ ਲੋਚਦੇ ਹਨ।
ਸੈਕੂਲਰਇਜ਼ਮ (ਧਰਮ ਨਿਰਪੱਖਤਾ) ਵਿੱਚ ਵਿਸ਼ਵਾਸ ਰੱਖਣ ਵਾਲ਼ੇ ਉਕਤ ਸੰਗਠਨ ਮਨੁੱਖਤਾ ਦਾ ਇੱਕੋ ਇੱਕ ਟੇਕ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਨਸ਼ਟ ਭ੍ਰਿਸ਼ਟ ਕਰ ਕੇ, ਸੰਸਾਰ ਦੇ ਸਦੀਵੀ ਕਲਿਆਣ ਦੇ ਸੋਮੇ ਨੂੰ ਬੰਦ ਕਰ ਦੇਣ ਦੀਆਂ ਵਿਉਂਤਾਂ ਬਣਾਈ ਬੈਠੇ ਹਨ। ਹਿੰਦੂ ਸਾਮਰਾਜ ਦੀ ਮੁਕੰਮਲ ਸਥਾਪਤੀ ਦੇ ਰਾਹ ਵਿੱਚ ਉਹਨਾਂ ਨੂੰ ਸਿੱਖੀ ਹੀ ਇੱਕੋ ਇੱਕ ਮਹਾਂ ਰੋਕ ਜਾਪਦੀ ਹੈ। ਇਹ ਅਗਿਆਨੀ ਰਾਸ਼ਟਰਵਾਦੀ ਇਸ ਨਿਗਰ ਸੱਚ ਤੋਂ ਉੱਕਾ ਹੀ ਬੇ-ਖ਼ਬਰ ਹਨ ਕਿ ਹਿੰਦੂ ਸਾਮਰਾਜ ਨੂੰ ਸੁਰਜੀਤ ਕਰਨ ਦਾ ਨਤੀਜਾ ਨਿਸਚੇ ਹੀ ਹਿੰਦੁਸਤਾਨ ਨੂੰ ਖੇਰੂੰ-ਖੇਰੂੰ ਕਰਨਾ ਹੀ ਨਿਕਲ਼ੇਗਾ।
&ldquoਮਤ ਇਹ ਕੋਈ ਸਮਝੇ ਕਿ ਸੈਕੂਲਰ ਰਾਜਸੀ ਸੰਜੋਅ ਪਹਿਨ ਕੇ ਹਿੰਦੁਸਤਾਨ ਦੀ ਬਹੁ-ਸੰਖਿਆ ਜਾਤੀ ਦਾ ਗ਼ਲਬਾ ਹੁਣ ਪੱਕਾ ਹੋ ਗਿਆ ਹੈ। ਸਿੱਖੀ ਸਿਦਕ, ਧੀਰਜ ਅਤੇ ਕਰਮ-ਕੌਸ਼ਲ ਬੁੱਧੀ ਰੂਪੀ ਬਰਛੇ ਨਾਲ਼ ਪੰਥ ਹਰ ਪ੍ਰਕਾਰ ਦੀ ਬਿਖਮਤਾ ਅਤੇ ਦੁਸ਼ਮਣੀ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ ਅਤੇ ਖ਼ਾਲਸੇ ਦੇ ਬੋਲਬਾਲੇ ਹੋਣਗੇ..।&rdquo
(ਸਿਰਦਾਰ ਕਪੂਰ ਸਿੰਘ ਜੀ)
(ਨੋਟ- ਇਹ ਲੇਖ ਸ. ਗੁਰਤੇਜ ਸਿੰਘ ਜੀ ਦੀ ਪੁਸਤਕ 'ਸਿੰਘ ਨਾਦ' ਅਤੇ ਸਿਰਦਾਰ ਕਪੂਰ ਜੀ ਸਿੰਘ ਦੀ ਪੁਸਤਕ 'ਬਿਖ ਮਹਿ ਅੰਮ੍ਰਿਤ' ਦੇ ਹਵਾਲਿਆਂ ਤੇ ਅਧਾਰਿਤ ਹੈ।)
ਜਥੇਦਾਰ ਮਹਿੰਦਰ ਸਿੰਘ ਯੂ.ਕੇ.