ਚੁੰਝਾਂ-ਪ੍ਹੌਂਚੇ
ਪ੍ਰਧਾਨ ਮੰਤਰੀ ਨੇ ਇਕ ਵਾਰ ਫੇਰ ਪੰਜਾਬ ਨਾਲ ਵਿਤਕਰਾ ਕੀਤਾ- ਰਾਹੁਲ ਗਾਂਧੀ
ਟੁੱਟ ਪੈਣੇ ਜੇਠ ਦਾ ਮੁੰਡਾ, ਚੀਰਾ ਬੰਨ੍ਹ ਕੇ ਸਾਹਮਣੇ ਬਹਿੰਦਾ।
ਸ਼੍ਰੋਮਣੀ ਅਕਾਲੀ ਦਲ ਨੂੰ ਗੱਠਜੋੜ ਕਰਨ ਦੀ ਲੋੜ ਨਹੀਂ- ਗੁਰਜੀਤ ਤਲਵੰਡੀ
ਘੜਾ ਚੁੱਕ ਲਊਂ ਪੱਟਾਂ &lsquoਤੇ ਹੱਥ ਧਰ ਕੇ, ਖਸਮਾਂ ਨੂੰ ਖਾਣ ਕੁੜੀਆਂ।
ਯੂਨੀਵਰਸਿਟੀ ਦੀਆਂ ਚੋਣਾਂ ਲੜ ਰਹੇ ਵਿਦਿਆਰਥੀਆਂ ਨੇ ਇੰਨੀਆਂ ਮਹਿੰਗੀਆਂ ਕਾਰਾਂ ਕਿੱਥੋਂ ਲਈਆਂ?- ਦਿਲੀ ਹਾਈ ਕੋਰਟ
ਜਿਨ੍ਹਾਂ ਨੇ ਵਿਦਿਆਰਥੀ ਯੂਨੀਅਨ ਨੂੰ ਵਰਤਣਾ ਉਨ੍ਹਾਂ ਨੇ ਹੀ ਦੇਣੀਆਂ ਕਾਰਾਂ, ਹਾਈ ਕੋਰਟ ਜੀ!
ਡਾ.ਰਵਜੋਤ ਨੇ 12 ਗ੍ਰਾਮ ਪੰਚਾਇਤਾਂ ਨੂੰ ਦਿਤੇ 36 ਲੱਖ ਰੁਪਏ ਦੇ ਚੈੱਕ- ਇਕ ਖ਼ਬਰ
ਕੀ ਚੱਕਰ ਐ ਬਈ? ਇਕ ਪਾਸੇ ਸਰਕਾਰ ਪੰਚਾਇਤਾਂ ਤੋਂ ਪੈਸੇ ਮੰਗ ਰਹੀ ਐ ਤੇ ਦੂਜੇ ਪਾਸੇ ਵੰਡਦੀ ਐ।
ਮੁਕਤਸਰ ਜੇਲ੍ਹ ਵਿਚ ਕੈਦੀਆਂ ਨੇ ਗਾਰਡਾਂ ਨੂੰ ਡੰਡਿਆਂ ਨਾਲ ਕੁੱਟਿਆ- ਇਕ ਖ਼ਬਰ
ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ।
&lsquoਟਰੰਪ ਟੈਰਿਫ਼&rsquo ਤੋਂ ਬਾਅਦ ਹੁਣ ਟਰੰਪ ਨੇ ਚਲਾਇਆ &lsquoਵੀਜ਼ਾ ਬੰਬ&rsquo-ਇਕ ਖ਼ਬਰ
ਬਾਂਹ ਮਾਰ ਕੇ ਘੋਟਣਾ ਭੰਨ &lsquoਤੀ, ਜੇਠ ਦੀ ਮੈਂ ਗੱਲ ਨਾ ਮੰਨੀ।
ਸਿੱਖ ਸ਼ਰਧਾਲੂਆਂ ਨੂੰ ਨਨਕਾਣਾ ਸਾਹਿਬ ਨਾ ਜਾਣ ਦੇਣਾ ਧਾਰਮਕ ਮਾਮਲਿਆਂ &lsquoਚ ਸਿੱਧਾ ਦਖ਼ਲ- ਕੇਂਦਰੀ ਸਿੰਘ ਸਭਾ
ਕਿਤੇ &lsquoਕੱਲੀ ਬਹਿ ਕੇ ਸੋਚੀਂ ਨੀ, ਅਸੀਂ ਕੀ ਨਹੀਂ ਕੀਤਾ ਤੇਰੇ ਲਈ।
ਮਾਇਆਵਤੀ ਬਸਪਾ ਦੀ ਮਜਬੂਤੀ ਲਈ ਹੋਈ ਸਰਗਰਮ- ਇਕ ਖ਼ਬਰ
ਸੀਟੀ &lsquoਤੇ ਸੀਟੀ ਵੱਜੇ, ਜਦ ਮੈਂ ਗਿੱਧੇ ਵਿਚ ਆਈ।
ਕੇਂਦਰ ਨੇ ਸਿੱਖਾਂ ਨੂੰ ਹਮੇਸ਼ਾ ਦੂਜੇ ਦਰਜੇ ਦੇ ਸ਼ਹਿਰੀ ਸਮਝਿਆ- ਐਡਵੋਕੇਟ ਧਾਰਨੀ
ਮੇਰੇ ਨਰਮ ਕਾਲ਼ਜੇ ਲੜ ਗਏ, ਲੱਡੂ ਖਾ ਲਏ ਤੇਰੇ ਤੇਲ ਦੇ।
ਸਿਆਸੀ ਭੁੱਖ ਨੇ ਬੰਦੇ ਨੂੰ ਬਣਾਇਆ ਬੰਦੇ ਦਾ ਵੈਰੀ- ਐਡਵੋਕੇਟ ਮੱਲ੍ਹਣ
ਲੋਕਾਂ ਨੂੰ ਜ਼ਹਿਰ ਪਿਲਾਉਂਦੇ ਨੇ, ਸਾਡੇ ਲਹੂ ਦੇ ਵਿਚ ਨਹਾਉਂਦੇ ਨੇ।
ਭਾਰਤ ਕੋਲ ਕਮਜ਼ੋਰ ਪ੍ਰਧਾਨ ਮੰਤਰੀ- ਰਾਹੁਲ ਗਾਂਧੀ
ਮੁੰਡਾ ਭੰਨਦਾ ਕਿਰਕ ਨਹੀਂ ਕਰਦਾ, ਮੇਰੀਆਂ ਬਰੀਕ ਚੂੜੀਆਂ।
ਵੋਟ ਚੋਰਾਂ ਨਾਲ਼ ਰਲਿਆ ਚੋਣ ਕਮਿਸ਼ਨ- ਰਾਹੁਲ ਗਾਂਧੀ
ਕਿਹੜੇ ਯਾਰ ਦਾ ਗੁਤਾਵਾ ਕੀਤਾ, ਅੱਖ ਵਿਚ ਕੱਖ ਪੈ ਗਿਆ।
ਸਾਊਦੀ ਅਰਬ ਅਤੇ ਪਾਕਿਸਤਾਨ ਨੇ ਸੰਯੁਕਤ ਕਾਰਵਾਈ ਲਈ ਰੱਖਿਆ ਸਮਝੌਤੇ ਉੱਤੇ ਕੀਤੇ ਹਸਤਾਖਰ-ਇਕ ਖ਼ਬਰ
ਮਿੱਠੇ ਬੇਰ ਸੁਰਗਾਂ ਦਾ ਮੇਵਾ, ਕੋਲ਼ ਬਹਿ ਕੇ ਚੁਗ ਮਿੱਤਰਾ।
ਭਾਰਤ ਤੇ ਪ੍ਰਧਾਨ ਮੰਤਰੀ ਮੋਦੀ ਮੇਰੇ ਬਹੁਤ ਕਰੀਬੀ ਹਨ-ਟਰੰਪ
ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦਾ, ਮਗਰੋਂ ਮਾਰਦਾ ਗੋਡਾ।
ਨਿਊਜ਼ੀਲੈਂਡ ਕਸਟਮਜ਼ ਨੇ ਭਾਰਤ ਤੋਂ ਆਈਆਂ ਪਕੌੜੀਆਂ &lsquoਚ ਦਸ ਕਿੱਲੋ ਨਸ਼ਾ ਫੜਿਆ-ਇਕ ਖ਼ਬਰ
ਅਜੇ ਤਾਂ ਭਾਈ ਵਿਚਾਰੀਆਂ ਪਕੌੜੀਆਂ ਹੀ ਸਨ ਜੇ ਕਿਤੇ ਪਕੌੜੇ ਹੁੰਦੇ ਫੇਰ ਕਿੰਨਾ ਨਸ਼ਾ ਹੁੰਦਾ?
(ਨਿਰਮਲ ਸਿੰਘ ਕੰਧਾਲਵੀ)