ਦਿੱਲੀ ਕਮੇਟੀ ਦੇ ਸਕੂਲ ਵਿਚ ਪੜਾਈ ਜਾ ਰਹੀ ਕਿਤਾਬ ਅਦਵੈ 'ਚ ਗੁਰੂ ਗੋਬਿੰਦ ਸਿੰਘ ਜੀ ਨੂੰ ਪਾਂਡੂਆਂ ਦਾ ਵੰਸ਼ਜ ਅਤੇ ਬੰਦਾ ਸਿੰਘ ਬਹਾਦਰ ਨੂੰ ਤੰਤਰਿਕ ਦੱਸਣ ਉਤੇ ਮਚਿਆ ਬਵਾਲ

ਨਵੀਂ ਦਿੱਲੀ,  (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪ੍ਰਬੰਧ ਅਧੀਨ ਚਲਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਪੰਜਵੀਂ ਜਮਾਤ ਦੀ ਪੰਜਾਬੀ ਵਿਸੇ਼ ਦੀ ਕਿਤਾਬ "ਅਦਵੈ" ਦੇ ਕੰਟੈਂਟ ਅਤੇ ਨਾਮ ਨੂੰ ਲੈਕੇ ਵਿਵਾਦ ਭਖ ਗਿਆ ਹੈ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਉਕਤ ਪੰਜਾਬੀ ਦੀ ਕਿਤਾਬ ਦੇ ਸੰਸਕ੍ਰਿਤ ਨਾਮ ਅਤੇ ਸਿੱਖ ਵਿਰੋਧੀ ਕੰਟੈਂਟ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ, ਦਿੱਲੀ ਇਕਾਈ ਦੇ ਦਫ਼ਤਰ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਜੀਕੇ ਨੇ ਦਾਅਵਾ ਕੀਤਾ ਕਿ ਇਸ ਕਿਤਾਬ ਰਾਹੀਂ ਦਿੱਲੀ ਕਮੇਟੀ ਸਿੱਖਾਂ ਨੂੰ ਸਨਾਤਨੀ ਸਾਬਤ ਕਰਨਾ ਚਾਹੁੰਦੀ ਹੈ। ਕਿਉਂਕਿ ਇਸ ਕਿਤਾਬ 'ਚ "ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ" ਦੇ ਸਿਰਲੇਖ ਹੇਠ ਛਪੇ ਇੱਕ ਲੇਖ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਮਹਾਂਕਾਲ ਦਾ ਪੂਜਾਰੀ ਦਸਿਆ ਗਿਆ ਹੈ। ਇਸ ਦੇ ਨਾਲ ਹੀ ਇਸੇ ਲੇਖ 'ਚ ਗੁਰੂ ਗੋਬਿੰਦ ਸਿੰਘ ਜੀ ਨੂੰ ਪਾਂਡੂਆਂ ਦਾ ਵੰਸ਼ਜ ਦੱਸਣ ਦੀ ਗੁਸਤਾਖੀ ਕੀਤੀ ਗਈ ਹੈ। ਕਿਤਾਬ ਅਨੁਸਾਰ, "ਜਦੋਂ ਪਾਂਡੂ ਹੇਮਕੁੰਟ ਪਰਬਤ 'ਤੇ ਡੂੰਘੀ ਸਮਾਧੀ ਵਿੱਚ ਸਨ ਤਾਂ ਪਰਮਾਤਮਾ ਨੇ ਉਨ੍ਹਾਂ ਨੂੰ ਇੱਥੇ ਸਿੱਖ ਗੁਰੂ ਗੋਬਿੰਦ ਸਿੰਘ ਦੇ ਰੂਪ ਵਿੱਚ ਜਨਮ ਲੈਣ ਦਾ ਹੁਕਮ ਦਿੱਤਾ ਸੀ।" ਜੀਕੇ ਨੇ ਅੱਗੇ ਦੱਸਿਆ ਕਿ ਇਸੇ ਕਿਤਾਬ 'ਚ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਛਪੇ ਇੱਕ ਲੇਖ 'ਚ ਉਨ੍ਹਾਂ ਨੂੰ ਤਾਂਤ੍ਰਿਕ ਦਸਿਆ ਗਿਆ ਹੈ। ਜੋਂ ਕਿ ਲੇਖਕ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ ਹੋਈ ਵਧੀਕੀਆਂ ਦਾ ਬਦਲੇ ਲੈਂਦੇ ਹਨ। ਜੀਕੇ ਨੇ ਕਿਤਾਬ 'ਚ ਪ੍ਰਕਾਸ਼ਕ ਦਾ ਆਈ.ਐਸ. ਬੀ.ਐੱਨ. ਨੰਬਰ ਨਹੀਂ ਹੋਣ ਦਾ ਹਵਾਲਾ ਦਿੰਦੇ ਹੋਏ ਪ੍ਰਕਾਸ਼ਕ ਵੱਲੋਂ ਛਾਪੇ ਗਏ ਡਿਸਕਲੇਮਰ ਉਤੇ ਵੀ ਹੈਰਾਨੀ ਪ੍ਰਗਟਾਈ। ਜੀਕੇ ਨੇ ਕਿਹਾ ਕਿ ਇਸ ਕਿਤਾਬ ਦੇ ਡਿਸਕਲੇਮਰ ਦੀ ਜਾਣਕਾਰੀ ਉਤੇ ਜੇਕਰ ਭਰੋਸੇ ਕਰੀਏ ਤਾਂ ਇਸ ਕਿਤਾਬ ਦੇ ਸਾਰੇ ਲੇਖਕ ਲਾਪਤਾ ਹਨ ਅਤੇ ਇਸ ਕਿਤਾਬ ਦੇ ਕੰਟੈਂਟ ਨੂੰ ਲੈਕੇ ਕਿਸੇ ਕੋਰਟ 'ਚ ਪ੍ਰਕਾਸ਼ਕ ਅਤੇ ਲੇਖਕ ਉਤੇ ਮੁਕਦਮਾ ਵੀ ਨਹੀਂ ਕੀਤਾ ਜਾ ਸਕਦਾ ਹੈ। ਜੀਕੇ ਨੇ ਦਿੱਲੀ ਕਮੇਟੀ ਪ੍ਰਬੰਧਕਾਂ ਨੂੰ ਸਵਾਲ ਪੁਛਿਆ ਕਿ ਇਸ ਕਿਤਾਬ ਨੂੰ ਧਰਮ ਪ੍ਰਚਾਰ ਕਮੇਟੀ ਜਾਂ ਪੰਜਾਬੀ ਵਿਕਾਸ ਕਮੇਟੀ ਵਿਚੋਂ ਕਿਸ ਨੇ ਮਨਜ਼ੂਰੀ ਦਿੱਤੀ ਹੈ? ਜਦੋਂਕਿ ਇਹ ਕਿਤਾਬ ਨਾ ਸਿਰਫ਼ ਐਤਰਾਜ ਯੋਗ ਹੈ, ਸਗੋਂ ਇਹ ਕਿਤਾਬ ਗੁਰੂ ਗੋਬਿੰਦ ਸਿੰਘ ਨੂੰ ਸਨਾਤਨੀ ਅਤੇ ਪਾਂਡੂਆਂ ਦਾ ਵੰਸ਼ਜ ਦੱਸਣ ਦੀ ਗਲਤੀ ਕਰ ਰਹੀ ਹੈ&zwnj। ਉਸਦੇ ਨਾਲ ਹੀ ਸਮਰਥ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਜੀ ਦੇ ਵਧੀਕੀਆਂ ਦਾ ਸ਼ਿਕਾਰ ਹੋਣ ਦੀ ਲਾਚਾਰੀ ਬਿਆਨ ਕਰ ਰਹੀ ਹੈ। ਜਦੋਂਕਿ ਦਸਮ ਗ੍ਰੰਥ ਦੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਕਾਲ ਦਾ ਪੂਜਾਰੀ ਦੱਸਦੀ ਹੈ।