ਸਾਊਥ ਏਸ਼ੀਅਨ ਬਾਰ ਐਸੋਸੀਏਸ਼ਨ ਵੱਲੋਂ ਐਚ-1 ਬੀ ਵੀਜ਼ਾ ਫੀਸ ਵਧਾਉਣ ਦਾ ਫੈਸਲਾ ਵਾਪਿਸ ਲੈਣ ਦੀ ਮੰਗ
_26Sep25072805AM.jpeg)
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਸਾਊਥ ਏਸ਼ੀਅਨ ਬਾਰ ਐਸੋਸੀਏਸ਼ਨ ਆਫ ਨਾਰਥ ਅਮੈਰੀਕਾ ਫਾਊਂਡੇਸ਼ਨ ਨੇ ਜਾਰੀ ਇੱਕ ਬਿਆਨ ਵਿੱਚ ਐਚ-1 ਬੀ ਵੀਜ਼ਾ ਫੀਸ 1ਲੱਖ ਡਾਲਰ ਕਰਨ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਹੈ ਕਿ ਇਹ ਕਦਮ ਅਣਉਚਿੱਤ ਹੈ ਤੇ ਇਸ ਨਾਲ ਹਜਾਰਾਂ ਪ੍ਰਵਾਸੀਆਂ ਵਿੱਚ ਰੋਹ ਤੇ ਗੁੱਸੇ ਦੀ ਭਾਵਨਾ ਪਾਈ ਜਾ ਰਹੀ ਹੈ। ਫਾਊਂਡੇਸ਼ਨ ਦੀ ਪ੍ਰਧਾਨ ਰੀਤੂ ਕੁਮਾਰ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਦੀ ਪ੍ਰਵਾਸੀਆਂ ਪ੍ਰਤੀ ਨੀਤੀ ਨੇ ਭੰਬਲਭੂਸਾ ਤੇ ਡਰ ਦੀ ਭਾਵਨਾ ਪੈਦਾ ਕਰ ਦਿੱਤੀ ਹੈ। ਉਨਾਂ ਕਿਹਾ ਕਿ ਇਹ ਕਦਮ ਨਾ ਕੇਵਲ ਦਖਣ ਏਸ਼ੀਆਈ ਲੋਕਾਂ ਲਈ ਖਤਰਨਾਕ ਹੈ ਬਲਕਿ ਇਸ ਨੇ ਨਿਆਂਸੰਗਤ ਅਮਰੀਕੀ ਕਦਰਾਂ ਕੀਮਤਾਂ ਦਾ ਵੀ ਘਾਣ ਕੀਤਾ ਹੈ। ਐਸੋਸੀਏਸ਼ਨ ਨੇ ਕਿਹਾ ਹੈ ਕਿ ਫੀਸ ਵਧਾਉਣ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ ਤੇ ਟਰੰਪ ਪ੍ਰਸ਼ਸਾਨ ਦੇ ਇਸ ਕਦਮ ਨਾਲ ਸਿਹਤ ਸੰਭਾਲ, ਤਕਨੀਕ ਤੇ ਖੋਜ਼ ਸਮੇਤ ਅਮਰੀਕੀ ਅਰਥ ਵਿਵਸਥਾ ਦੇ ਪ੍ਰਮੁੱਖ ਖੇਤਰਾਂ ਉਪਰ
ਬੁਰਾ ਅਸਰ ਪਵੇਗਾ। ਇਸ ਕਦਮ ਨੇ ਇਹ ਸੁਨੇਹਾ ਦਿੱਤਾ ਹੈ ਕਿ ਪ੍ਰਵਾਸੀਆਂ ਦੇ ਹੁਨਰ, ਸਖਤ ਮਿਹਨਤ ਤੇ ਸਮਰਪਿਤ ਭਾਵਨਾ ਦੀ ਕੋਈ ਕਦਰ ਨਹੀਂ ਹੈ। ਫਾਊਂਡੇਸ਼ਨ ਨੇ ਅਮਰੀਕੀ ਨੀਤੀ ਘਾੜਿਆਂ ਤੋਂ ਮੰਗ ਕੀਤੀ ਹੈ ਕਿ ਉਹ ਫੀਸ ਵਧਾਉਣ ਦੇ ਨਿਰਨੇ ਨੂੰ ਵਾਪਿਸ ਲੈਣ ਤੇ ਮਾਨਵ ਪੱਖੀ ਇਮੀਗ੍ਰੇਸ਼ਨ ਸੁਧਾਰ ਕਰਨ ਜਿਨਾਂ ਨਾਲ ਸਾਰੇ ਵਰਕਰਾਂ ਦਾ ਮਾਣ ਸਨਮਾਨ ਕਾਇਮ ਹੁੰਦਾ ਹੋਵੇ। ਫਾਊਂੇਡੇਸ਼ਨ ਆਗੂਆਂ ਨੇ ਨਵੀਂ ਨੀਤੀ ਨਾਲ ਪ੍ਰਭਾਵਿਤ ਭਾਈਚਾਰਿਆਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਹ ਟਰੰਪ ਪ੍ਰਸ਼ਾਸਨ ਦੀ ਗਲਤ ਪਹੁੰਚ ਵਿਰੁੱਧ ਜਦੋਜਹਿਦ ਕਰਦੇ ਰਹਿਣਗੇ।