ਲੱਦਾਖ ਅਸਥਿਰਤਾ ਲਈ ਜਿੰਮੇਵਾਰ ਕੌਣ.....?

ਲੱਦਾਖ ਵਿੱਚ ਹਾਲ ਹੀ ਵਿੱਚ ਵਾਪਰੀ ਅਸਥਿਰਤਾ ਨੇ ਨਾ ਸਿਰਫ਼ ਇਸ ਸਰਹੱਦੀ ਖੇਤਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਬਲਕਿ ਇੱਕ ਵਿਵਾਦਾਪੂਰਨ ਸ਼ਖਸੀਅਤ ਸੋਨਮ ਵਾਂਗਚੂਕ ਦੇ ਚਰਿੱਤਰ ਨੂੰ ਵੀ ਬੇਨਕਾਬ ਕਰ ਦਿੱਤਾ ਹੈ। ਸਤੰਬਰ 2025 ਵਿੱਚ ਲੇਹ ਵਿੱਚ ਹੋਈ ਹਿੰਸਾ, ਜਿੱਥੇ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਅਤੇ 40-45 ਲੋਕ ਗੰਭੀਰ ਜਖਮੀ ਹੋ ਗਏ, ਨੇ ਸਾਬਤ ਕਰ ਦਿੱਤਾ ਹੈ ਕਿ ਵਾਂਗਚੂਕ ਵਰਗੇ ਵਿਅਕਤੀ ਆਪਣੇ ਨਿੱਜੀ ਏਜੰਡੇ ਲਈ ਕਿਸ ਹੱਦ ਤੱਕ ਜਾ ਸਕਦੇ ਹਨ। ਇਹ ਹਿੰਸਾ ਭਾਜਪਾ ਦਫਤਰ ਨੂੰ ਅੱਗ ਲਗਾਉਣ, ਵਾਹਨਾਂ ਨੂੰ ਸਾੜਨ ਅਤੇ ਪੁਲਿਸ ਨਾਲ ਟਕਰਾਅ ਨਾਲ ਭਰੀ ਹੋਈ ਸੀ, ਜਿਸ ਨੂੰ ਵਾਂਗਚੂਕ ਦੇ ਭੜਕਾਊ ਬਿਆਨਾਂ ਅਤੇ ਅੰਦੋਲਨਾਂ ਨੇ ਹਵਾ ਦਿੱਤੀ। ਵਾਂਗਚੂਕ ਆਪਣੇ ਆਪ ਨੂੰ ਵਾਤਾਵਰਣ ਵਾਦੀ ਅਤੇ ਸਿੱਖਿਆ ਸੁਧਾਰਕ ਵਜੋਂ ਪੇਸ਼ ਕਰਦਾ ਹੈ, ਪਰ ਅਸਲ ਵਿੱਚ ਉਸ ਦੀਆਂ ਗਤੀਵਿਧੀਆਂ ਮੌਜੂਦਾ ਸਰਕਾਰ ਨੂੰ ਬਦਨਾਮ ਕਰਨ ਅਤੇ ਲੱਦਾਖ ਵਿੱਚ ਅਸਥਿਰਤਾ ਪੈਦਾ ਕਰਨ ਵੱਲ ਇਸ਼ਾਰਾ ਕਰਦੀਆਂ ਹਨ। ਇਹ ਕੋਈ ਨਵੀਂ ਗੱਲ ਨਹੀਂ ਹੈ, 2019 ਵਿੱਚ ਲੱਦਾਖ ਨੂੰ ਯੂਨੀਅਨ ਟੈਰੀਟਰੀ ਬਣਾਉਣ ਤੋਂ ਬਾਅਦ ਤੋਂ ਵਾਂਗਚੂਕ ਨੇ ਲਗਾਤਾਰ ਵਿਰੋਧ ਕੀਤਾ ਹੈ, ਜੋ ਕਿ ਨਾ ਸਿਰਫ਼ ਵਿਕਾਸ ਵਿਰੋਧੀ ਹੈ ਬਲਕਿ ਦੇਸ਼ ਵਿਰੋਧੀ ਏਜੰਡੇ ਨਾਲ ਜੁੜਿਆ ਨਜ਼ਰ ਆਉਂਦਾ ਹੈ। ਸੋਨਮ ਵਾਂਗਚੂਕ ਦੀਆਂ ਗਤੀਵਿਧੀਆਂ ਨੂੰ ਨੇੜਿਓਂ ਵੇਖੀਏ ਤਾਂ ਪਤਾ ਚੱਲਦਾ ਹੈ ਕਿ ਉਹ ਲੋਕਲ ਲੋਕਾਂ ਨੂੰ ਸਭਿਆਚਾਰ ਅਤੇ ਵਾਤਾਵਰਣ ਨੂੰ ਬਚਾਉਣ ਦੇ ਨਾਂ ਤੇ ਭੜਕਾਉਂਦਾ ਰਿਹਾ ਹੈ। ਉਹ ਕਹਿੰਦਾ ਹੈ ਕਿ ਸਰਕਾਰੀ ਪ੍ਰੋਜੈਕਟ ਜਿਵੇਂ ਹਾਈਡਰੋ ਪਾਵਰ ਪਲਾਂਟ, ਸੋਲਰ ਊਰਜਾ ਅਤੇ ਟੂਰਿਜ਼ਮ ਵਿਕਾਸ ਨਾਲ ਲੱਦਾਖ ਦਾ ਨਾਜ਼ੁਕ ਵਾਤਾਵਰਣ ਅਤੇ ਪੁਰਾਣੀ ਸਭਿਆਚਾਰ ਨੂੰ ਖ਼ਤਰਾ ਹੈ। ਪਰ ਇਹ ਸਿਰਫ਼ ਇੱਕ ਬਹਾਨਾ ਹੈ। ਵਿਕਾਸ ਦੀ ਪ੍ਰਕਿਰਿਆ ਵਿੱਚ ਭੂਮੀ ਬਦਲਾਅ ਇੱਕ ਕੁਦਰਤੀ ਵਰਤਾਰਾ ਹੈ, ਜੋ ਨਾ ਸਿਰਫ਼ ਭਾਰਤ ਵਿੱਚ ਬਲਕਿ ਸੰਸਾਰ ਭਰ ਵਿੱਚ ਵਾਪਰਦਾ ਹੈ। ਤਰੱਕੀ ਕਦੇ ਵੀ ਸਭਿਆਚਾਰ ਨੂੰ ਖਤਮ ਨਹੀਂ ਕਰਦੀ, ਉਹ ਤਾਂ ਉਸ ਨੂੰ ਨਵਾਂ ਰੂਪ ਦਿੰਦੀ ਹੈ ਅਤੇ ਲੋਕਾਂ ਨੂੰ ਬਿਹਤਰ ਜੀਵਨ ਪ੍ਰਦਾਨ ਕਰਦੀ ਹੈ। ਅਸਲ ਵਿੱਚ ਸਭਿਆਚਾਰ ਉਦੋਂ ਖਤਮ ਹੁੰਦਾ ਹੈ ਜਦੋਂ ਵਿਅਕਤੀ ਆਪਣੀ ਨਿੱਜੀ ਸਹੂਲਤਾਂ ਅਤੇ ਲਾਭਾਂ ਲਈ ਸਭਿਆਚਾਰਕ ਮੁੱਲਾਂ ਤੋਂ ਪਿੱਛੇ ਹਟ ਜਾਂਦੇ ਹਨ। ਵਾਂਗਚੂਕ ਵਰਗੇ ਵਿਅਕਤੀ ਇਸ ਨੂੰ ਨਹੀਂ ਸਮਝਦੇ ਜਾਂ ਜਾਣਬੁੱਝ ਕੇ ਅਣਗੌਲਿਆ ਕਰਦੇ ਹਨ, ਕਿਉਂਕਿ ਉਨ੍ਹਾਂ ਦਾ ਮੰਤਵ ਵਿਕਾਸ ਨੂੰ ਰੋਕਣਾ ਅਤੇ ਲੋਕਾਂ ਵਿੱਚ ਨਾਰਾਜ਼ਗੀ ਪੈਦਾ ਕਰਨਾ ਹੈ। ਉਹ ਭੁੱਖ ਹੜਤਾਲਾਂ ਅਤੇ ਵੀਡੀਓਜ਼ ਰਾਹੀਂ ਲੋਕਾਂ ਨੂੰ ਉਕਸਾਉਂਦਾ ਹੈ, ਜਿਸ ਨਾਲ ਨੌਜਵਾਨ ਵਰਗ ਖਾਸ ਕਰਕੇ ਗਲਤ ਦਿਸ਼ਾ ਵਿੱਚ ਜਾਂਦਾ ਹੈ। ਸਤੰਬਰ 2025 ਵਿੱਚ ਵਾਂਗਚੂਕ ਨੇ ਇੱਕ ਅਨਿਸ਼ਚਿਤ ਸਮੇਂ ਦੀ ਭੁੱਖ ਹੜਤਾਲ ਸ਼ੁਰੂ ਕੀਤੀ, ਜੋ ਛੇਵੀਂ ਅਨੁਸੂਚੀ ਅਤੇ ਸਥਾਨਕ ਆਟੋਨੋਮੀ ਦੀ ਮੰਗ ਨਾਲ ਜੁੜੀ ਹੋਈ ਸੀ। ਪਰ ਇਹ ਅੰਦੋਲਨ ਸ਼ਾਂਤੀਪੂਰਵਕ ਨਹੀਂ ਰਿਹਾ, ਇਸ ਨੇ ਹਿੰਸਕ ਰੂਪ ਧਾਰਨ ਕੀਤਾ ਅਤੇ ਲੇਹ ਨੂੰ ਜੰਗ ਦੇ ਮੈਦਾਨ ਵਿੱਚ ਬਦਲ ਦਿੱਤਾ। ਚਾਰ ਲੋਕਾਂ ਦੀ ਮੌਤ ਅਤੇ ਕੁੱਲ 80 ਤੋਂ ਵੱਧ ਗੰਭੀਰ ਜਖਮੀ ਹੋਣ ਨਾਲ ਇਹ ਸਪਸ਼ਟ ਹੋ ਗਿਆ ਕਿ ਵਾਂਗਚੂਕ ਦੀ ਅਗਵਾਈ ਵਾਲੇ ਵਿਰੋਧ ਨੇ ਨੇਪਾਲ ਵਿੱਚ ਹੋਈ ਜਨਰੇਸ਼ਨ ਜ਼ੀ ਦੀ ਲਹਿਰ ਵਾਂਗ ਦੰਗਿਆਂ ਵਰਗੀ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਨਾ ਸਿਰਫ਼ ਸਮਾਜਿਕ ਅਪਰਾਧ ਹੈ ਬਲਕਿ ਕਾਨੂੰਨੀ ਤੌਰ ਤੇ ਵੀ ਗੰਭੀਰ ਮਾਮਲਾ ਹੈ, ਕਿਉਂਕਿ ਅਜਿਹੀਆਂ ਗਤੀਵਿਧੀਆਂ ਨੈਸ਼ਨਲ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਂਦੀਆਂ ਹਨ। ਲੱਦਾਖ, ਚੀਨ ਅਤੇ ਪਾਕਿਸਤਾਨ ਨਾਲ ਸਰਹੱਦੀ ਖੇਤਰ ਹੈ ਅਤੇ ਇੱਥੇ ਅਸਥਿਰਤਾ ਪੈਦਾ ਕਰਨਾ ਦੇਸ਼ ਵਿਰੋਧੀ ਤੱਤਾਂ ਨੂੰ ਫਾਇਦਾ ਪਹੁੰਚਾ ਸਕਦਾ ਹੈ। ਵਾਂਗਚੂਕ ਦੀਆਂ ਵਿਦੇਸ਼ੀ ਗਤੀਵਿਧੀਆਂ ਵੀ ਸ਼ੱਕ ਦੇ ਘੇਰੇ ਵਿੱਚ ਹਨ। ਫਰਵਰੀ 2025 ਵਿੱਚ ਉਹ ਪਾਕਿਸਤਾਨ ਵਿੱਚ &quotਬ੍ਰੀਥ ਪਾਕਿਸਤਾਨ&quot ਨਾਂ ਦੀ ਵਾਤਾਵਰਣ ਕਾਨਫਰੰਸ ਵਿੱਚ ਸ਼ਾਮਲ ਹੋਇਆ। ਉਹ ਇਸ ਨੂੰ ਵਾਤਾਵਰਣ ਸੁਰੱਖਿਆ ਨਾਲ ਜੋੜ ਕੇ ਬਚਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਸਵਾਲ ਇਹ ਹੈ ਕਿ ਕੀ ਵਾਤਾਵਰਣ ਸਬੰਧੀ ਕਾਨਫਰੰਸਾਂ ਸਿਰਫ਼ ਪਾਕਿਸਤਾਨ ਵਿੱਚ ਹੀ ਹੁੰਦੀਆਂ ਹਨ? ਸੰਸਾਰ ਭਰ ਵਿੱਚ ਅਨੇਕਾਂ ਦੇਸ਼ ਜਿਵੇਂ ਅਮਰੀਕਾ, ਯੂਰਪ ਅਤੇ ਏਸ਼ੀਆ ਵਿੱਚ ਅਜਿਹੀਆਂ ਕਾਨਫਰੰਸਾਂ ਦਾ ਆਯੋਜਨ ਕਰਦੇ ਹਨ। ਵਾਂਗਚੂਕ ਉੱਥੇ ਜਾ ਕੇ ਭਾਰਤ ਅਤੇ ਆਪਣੇ ਵਿਚਾਰ ਪੇਸ਼ ਕਰ ਸਕਦਾ ਸੀ, ਪਰ ਉਸ ਨੇ ਪਾਕਿਸਤਾਨ ਨੂੰ ਚੁਣਨਾ ਕਿਉਂ ਜ਼ਰੂਰੀ ਸਮਝਿਆ? ਇਹ ਯਾਤਰਾ ਉਸ ਨੂੰ ਭਾਰਤ ਵਿਰੋਧੀ ਤੱਤਾਂ ਨਾਲ ਜੋੜਦੀ ਹੈ, ਖਾਸ ਕਰਕੇ ਜਦੋਂ ਲੱਦਾਖ ਵਿੱਚ ਚੀਨ ਅਤੇ ਪਾਕਿਸਤਾਨ ਨਾਲ ਜੁੜੇ ਸਰਹੱਦੀ ਵਿਵਾਦ ਚੱਲ ਰਹੇ ਹਨ। ਇਸ ਤੋਂ ਇਲਾਵਾ, ਉਸ ਦੇ ਐਨਜੀਓ ਹਿਮਾਲੀਅਨ ਇੰਸਟੀਚਿਊਟ ਆਫ ਅਲਟਰਨੇਟਿਵਜ਼ ਲੱਦਾਖ (ਐਚਆਈਏਐਲ) ਅਤੇ ਸਟੂਡੈਂਟਸ ਐਜੂਕੇਸ਼ਨਲ ਐਂਡ ਕਲਚਰਲ ਮੂਵਮੈਂਟ ਆਫ ਲੱਦਾਖ (ਸੈਕਮੋਲ) ਨੂੰ ਵਿਦੇਸ਼ੀ ਫੰਡਿੰਗ ਮਿਲੀ ਹੈ, ਜਿਸ ਨੂੰ ਐਫਸੀਆਰਏ ਨਿਯਮਾਂ ਦੀ ਉਲੰਘਣਾ ਮੰਨ ਕੇ ਰੱਦ ਕਰ ਦਿੱਤਾ ਗਿਆ ਹੈ। ਸੀਬੀਆਈ ਨੇ ਅਗਸਤ 2025 ਵਿੱਚ ਇਸ ਦੀ ਜਾਂਚ ਸ਼ੁਰੂ ਕੀਤੀ ਅਤੇ ਹੁਣ ਤੱਕ ਦੇ ਨਤੀਜੇ ਵਾਂਗਚੂਕ ਨੂੰ ਵਿਦੇਸ਼ੀ ਤਾਕਤਾਂ ਨਾਲ ਜੁੜੇ ਹੋਣ ਵੱਲ ਇਸ਼ਾਰਾ ਕਰਦੇ ਹਨ। ਉਸ ਨੇ ਆਪਣੇ ਐਨਜੀਓ ਰਾਹੀਂ ਵਿਦੇਸ਼ੀ ਫੰਡ ਲੈ ਕੇ ਲੱਦਾਖ ਵਿੱਚ ਅੰਦੋਲਨ ਨੂੰ ਹਵਾ ਦਿੱਤੀ ਹੈ, ਜੋ ਕਿ ਲੈਫਟਿਸਟ ਏਜੰਡੇ ਨਾਲ ਮੇਲ ਖਾਂਦੀ ਹੈ। ਲੈਫਟ ਵਿੰਗ ਦੇ ਮੋਹਰੇ ਵਜੋਂ ਕੰਮ ਕਰਦੇ ਹੋਏ ਉਹ ਮੌਜੂਦਾ ਸਰਕਾਰ ਦੀ ਵਿਕਾਸ ਨੀਤੀਆਂ ਦਾ ਵਿਰੋਧ ਕਰਦਾ ਹੈ ਅਤੇ ਲੋਕਾਂ ਨੂੰ ਭੜਕਾ ਕੇ ਉਨ੍ਹਾਂ ਨੂੰ ਵਿਰੋਧ ਵਿੱਚ ਸ਼ਾਮਲ ਕਰਵਾਉਂਦਾ ਹੈ। ਇਹ ਵਿਸ਼ਵਾਸਘਾਤ ਵਰਗਾ ਕੰਮ ਹੈ, ਕਿਉਂਕਿ ਇਹ ਨਾ ਸਿਰਫ਼ ਦੇਸ਼ ਦੇ ਵਿਕਾਸ ਨੂੰ ਰੋਕਦਾ ਹੈ ਬਲਕਿ ਸਰਹੱਦੀ ਖੇਤਰ ਵਿੱਚ ਅਸਥਿਰਤਾ ਪੈਦਾ ਕਰਕੇ ਵਿਦੇਸ਼ੀ ਤਾਕਤਾਂ ਨੂੰ ਫਾਇਦਾ ਪਹੁੰਚਾਉਂਦਾ ਹੈ। ਵਾਂਗਚੂਕ ਨੇ 2020 ਵਿੱਚ ਗਲਵਾਨ ਵੈਲੀ ਵਿੱਚ ਚੀਨ ਨਾਲ ਵਾਪਰੀ ਘਟਨਾ ਤੋਂ ਬਾਅਦ ਚੀਨੀ ਉਤਪਾਦਾਂ ਦੇ ਬਾਈਕਾਟ ਦੀ ਅਪੀਲ ਕੀਤੀ ਸੀ ਅਤੇ ਅਕਸਾਈ ਚਿਨ ਵਿੱਚ ਚੀਨ ਦੇ ਕਬਜ਼ੇ ਦੀ ਨਿੰਦਾ ਵੀ ਕੀਤੀ ਸੀ। ਪਰ ਇਹ ਸਿਰਫ਼ ਬਾਹਰੀ ਰੂਪ ਹੈ, ਅੰਦਰੂਨੀ ਤੌਰ ਤੇ ਉਸ ਦੀਆਂ ਗਤੀਵਿਧੀਆਂ ਅਸਿੱਧੇ ਤੌਰ ਤੇ ਚੀਨ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਨੂੰ ਫਾਇਦਾ ਪਹੁੰਚਾ ਸਕਦੀਆਂ ਹਨ। ਸਾਲ 2007 ਵਿੱਚ ਯੂਪੀਏ ਸਰਕਾਰ ਨੇ ਵੀ ਉਸ ਨੂੰ ਚੀਨ ਨਾਲ ਐਂਟੀ-ਨੈਸ਼ਨਲ ਸੰਬੰਧਾਂ ਲਈ ਫਲੈਗ ਕੀਤਾ ਸੀ, ਜੋ ਹੁਣ ਤੱਕ ਦੀ ਪੁਰਾਣੀ ਗੱਲ ਹੈ ਪਰ ਉਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਹਾਲੀਆ ਘਟਨਾਵਾਂ ਵਿੱਚ, ਸਤੰਬਰ 2025 ਵਿੱਚ ਵਾਂਗਚੂਕ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਨੂੰ ਹਿੰਸਾ ਭੜਕਾਉਣ ਦੇ ਦੋਸ਼ ਲੱਗੇ ਹਨ। ਗ੍ਰਹਿ ਮੰਤਰਾਲੇ ਨੇ ਉਸ ਨੂੰ ਅਰਬ ਸਪ੍ਰਿੰਗ ਅਤੇ ਨੇਪਾਲ ਦੇ ਨੌਜਵਾਨ ਅੰਦੋਲਨਾਂ ਨਾਲ ਜੋੜ ਕੇ ਭੜਕਾਊ ਬਿਆਨਾਂ ਲਈ ਜ਼ਿੰਮੇਵਾਰ ਠਹਿਰਾਇਆ ਹੈ। ਇਹ ਸਥਿਤੀ ਡੀਪ ਸਟੇਟ ਵਰਗੀ ਜਾਪਦੀ ਹੈ, ਜਿੱਥੇ ਵਿਦੇਸ਼ੀ ਏਜੰਸੀਆਂ ਅਸਥਿਰਤਾ ਪੈਦਾ ਕਰਨ ਲਈ ਅੰਦਰੂਨੀ ਤੱਤਾਂ ਨੂੰ ਵਰਤਦੀਆਂ ਹਨ। ਵਾਂਗਚੂਕ ਦੇ ਅੰਦੋਲਨ ਨੇ ਲੱਦਾਖ ਵਿੱਚ ਬੇਰੁਜ਼ਗਾਰੀ ਅਤੇ ਵਾਤਾਵਰਣਕ ਮੁੱਦਿਆਂ ਨੂੰ ਬਹਾਨਾ ਬਣਾ ਕੇ ਲੋਕਾਂ ਨੂੰ ਭੜਕਾਇਆ ਹੈ, ਪਰ ਅਸਲ ਵਿੱਚ ਇਹ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਹੈ। ਲੱਦਾਖ ਦੀ ਅਸਥਿਰਤਾ ਦੀਆਂ ਜੜ੍ਹਾਂ ਵਿੱਚ ਸਥਾਨਕ ਮੁੱਦੇ ਜਿਵੇਂ ਬੇਰੁਜ਼ਗਾਰੀ (33% ਤੋਂ ਵੱਧ), ਸਰਕਾਰੀ ਅਣਦੇਖੀ ਅਤੇ ਵਾਤਾਵਰਣਕ ਚਿੰਤਾਵਾਂ ਹਨ, ਪਰ ਵਾਂਗਚੂਕ ਨੇ ਇਨ੍ਹਾਂ ਨੂੰ ਵਿਦੇਸ਼ੀ ਏਜੰਡੇ ਨਾਲ ਜੋੜ ਕੇ ਵੱਡਾ ਰੂਪ ਦੇ ਦਿੱਤਾ ਹੈ। ਉਸ ਨੇ ਲੋਕਾਂ ਨੂੰ ਆਟੋਨੋਮੀ ਅਤੇ ਛੇਵੀਂ ਅਨੁਸੂਚੀ ਦੇ ਨਾਂ ਤੇ ਉਕਸਾਇਆ ਹੈ, ਜੋ ਕਿ ਸਰਕਾਰ ਨੇ ਪਹਿਲਾਂ ਹੀ ਹਿੱਲ ਕੌਂਸਲ ਨੂੰ ਵਧੇਰੇ ਅਧਿਕਾਰ ਦੇ ਕੇ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਵਾਂਗਚੂਕ ਨੂੰ ਇਹ ਮਨਜ਼ੂਰ ਨਹੀਂ, ਕਿਉਂਕਿ ਉਸ ਨੂੰ ਅਸਥਿਰਤਾ ਚਾਹੀਦੀ ਹੈ। ਇਹ ਨੇਪਾਲ ਵਿੱਚ ਹੋਈ ਨੌਜਵਾਨ ਲਹਿਰ ਵਾਂਗ ਹੈ, ਜਿੱਥੇ ਵਿਦੇਸ਼ੀ ਤੱਤਾਂ ਨੇ ਅੰਦੋਲਨ ਨੂੰ ਹਾਈਜੈਕ ਕੀਤਾ ਸੀ। ਵਾਂਗਚੂਕ ਦੇ ਅੰਦੋਲਨ ਵਿੱਚ ਵੀ ਨੇਪਾਲੀ ਨਾਗਰਿਕਾਂ ਦੇ ਜਖਮੀ ਹੋਣ ਦੀਆਂ ਖ਼ਬਰਾਂ ਆਈਆਂ ਹਨ, ਜੋ ਵਿਦੇਸ਼ੀ ਦਖਲ ਵੱਲ ਇਸ਼ਾਰਾ ਕਰਦੀਆਂ ਹਨ। ਸੀਬੀਆਈ ਅਤੇ ਗ੍ਰਹਿ ਮੰਤਰਾਲੇ ਨੇ ਉਸ ਨੂੰ ਐਫਸੀਆਰਏ ਵਾਇਲੇਸ਼ਨ ਅਤੇ ਪਬਲਿਕ ਸੇਫਟੀ ਐਕਟ ਤਹਿਤ ਲਈ ਜਾਂਚ ਲਈ ਗ੍ਰਿਫਤਾਰ ਕੀਤਾ ਹੈ। ਇਹ ਸਹੀ ਕਦਮ ਹੈ, ਕਿਉਂਕਿ ਅਜਿਹੇ ਵਿਅਕਤੀ ਨੂੰ ਆਜ਼ਾਦ ਛੱਡਣਾ ਦੇਸ਼ ਲਈ ਖ਼ਤਰਾ ਹੈ। ਸਰਕਾਰ ਨੂੰ ਇਸ ਮਾਮਲੇ ਵਿੱਚ ਸਖਤੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ। ਵਾਂਗਚੂਕ ਅਤੇ ਉਸ ਨਾਲ ਜੁੜੇ ਤੱਤਾਂ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਕੀਤੀ ਜਾਵੇ, ਵਿਦੇਸ਼ੀ ਫੰਡਿੰਗ ਦੇ ਸਾਰੇ ਰਸਤੇ ਬੰਦ ਕੀਤੇ ਜਾਣ ਅਤੇ ਪਿੱਛੇ ਕੰਮ ਕਰਨ ਵਾਲੀਆਂ ਤਾਕਤਾਂ ਦਾ ਪਰਦਾਫਾਸ਼ ਕੀਤਾ ਜਾਵੇ। ਇਹ ਡੀਪ ਸਟੇਟ ਵਰਗੀ ਸਾਜ਼ਿਸ਼ ਜਾਪਦੀ ਹੈ, ਜਿੱਥੇ ਵਿਦੇਸ਼ੀ ਏਜੰਸੀਆਂ ਦੂਜੇ ਦੇਸ਼ਾਂ ਵਿੱਚ ਅਸਥਿਰਤਾ ਪੈਦਾ ਕਰਨ ਲਈ ਅੰਦਰੂਨੀ ਮੋਹਰੇ ਵਰਤਦੀਆਂ ਹਨ। ਲੱਦਾਖ ਵਿੱਚ ਵਿਕਾਸ ਨੂੰ ਅੱਗੇ ਵਧਾਉਣ ਲਈ ਸਰਕਾਰ ਨੂੰ ਲੋਕਾਂ ਨਾਲ ਸਿੱਧੀ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਵਾਂਗਚੂਕ ਵਰਗੇ ਵਿਅਕਤੀਆਂ ਨੂੰ ਰੋਕਣਾ ਚਾਹੀਦਾ ਹੈ। ਇਹ ਨਾ ਸਿਰਫ਼ ਲੱਦਾਖ ਨੂੰ ਸਥਿਰ ਬਣਾਏਗਾ ਬਲਕਿ ਦੇਸ਼ ਦੀ ਸੁਰੱਖਿਆ ਨੂੰ ਵੀ ਮਜ਼ਬੂਤ ਕਰੇਗਾ। ਅੰਤ ਵਿੱਚ, ਕੋਈ ਵੀ ਵਿਅਕਤੀ ਦੇਸ਼ ਦੀ ਸੁਰੱਖਿਆ ਨਾਲ ਸਿੱਧੇ-ਅਸਿੱਧੇ ਢੰਗ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕਰੇ ਤਾਂ ਉਸ ਨਾਲ ਸਖਤੀ ਨਾਲ ਨਜਿਠਦੇ ਹੋਏ ਦੇਸ਼ ਦੀ ਸੁਰੱਖਿਆ ਨੂੰ ਬਹਾਲ ਰੱਖਿਆ ਜਾਵੇ।