ਰੁਪਿੰਦਰ ਕੌਰ ਪੰਧੇਰ ਦੇ ਪਰਵਾਰ ਨੂੰ ਮਿਲਣ ਲੱਗੀਆਂ ਧਮਕੀਆਂ

 ਲੁਧਿਆਣਾ : ਤੀਜਾ ਵਿਆਹ ਕਰਵਾਉਣ ਅਮਰੀਕਾ ਤੋਂ ਪੰਜਾਬ ਪੁੱਜੀ ਰੁਪਿੰਦਰ ਕੌਰ ਪੰਧੇਰ ਉਰਫ਼ ਰੂਪੀ ਦੇ ਕਤਲ ਮਾਮਲੇ ਵਿਚ ਪੰਜਾਬ ਪੁਲਿਸ ਉਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ ਅਤੇ ਅਮਰੀਕਾ ਰਹਿੰਦੀ ਭੈਣ ਕਮਲਦੀਪ ਕੌਰ ਖਹਿਰਾ ਨੇ ਦੋਸ਼ ਲਾਇਆ ਕਿ ਤਿੰਨ ਜਣਿਆਂ ਵਿਰੁੱਧ ਕਤਲ ਕੇਸ ਦਰਜ ਹੋਣ ਦੇ ਬਾਵਜੂਦ ਹੁਣ ਤੱਕ ਸਿਰਫ਼ ਇਕ ਗ੍ਰਿਫ਼ਤਾਰੀ ਕੀਤੀ ਗਈ ਹੈ। ਕਮਲਦੀਪ ਕੌਰ ਨੇ ਕਿਹਾ ਕਿ ਜਾਂਚ ਅਧਿਕਾਰੀ ਸ਼ੱਕੀਆਂ ਨੂੰ ਬਚਾਉਣ ਦੇ ਯਤਨ ਕਰ ਰਹੇ ਹਨ ਅਤੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਸ਼ੱਕੀਆਂ ਨੂੰ ਸਬੂਤ ਮਿਟਾਉਣ ਦਾ ਮੌਕਾ ਮਿਲ ਰਿਹਾ ਹੈ। ਸਿਰਫ਼ ਐਨਾ ਹੀ ਨਹੀਂ, ਸ਼ੱਕੀਆਂ ਵੱਲੋਂ ਧਮਕੀਆਂ ਦਿਤੀਆਂ ਜਾ ਰਹੀਆਂ ਹਨ ਕਿ ਜੇ ਕੇਸ ਅੱਗੇ ਵਧਾਇਆ ਤਾਂ ਖਤਰਨਾਕ ਸਿੱਟੇ ਭੁਗਤਣਗੇ ਹੋਣਗੇ। ਅਮਰੀਕਾ ਰਹਿੰਦੀ ਭੈਣ ਨੇ ਪੰਜਾਬ ਪੁਲਿਸ &rsquoਤੇ ਲਾਏ ਗੰਭੀਰ ਦੋਸ਼ ਉਧਰ ਸਹਾਇਕ ਪੁਲਿਸ ਕਮਿਸ਼ਨਰ ਹਰਜਿੰਦਰ ਸਿੰਘ ਗਿੱਲ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਦਾਅਵਾ ਕੀਤਾ ਕਿ ਪੁਲਿਸ ਸ਼ੱਕੀਆਂ ਨੂੰ ਕਾਬੂ ਕਰਨ ਅਤੇ ਰੁਪਿੰਦਰ ਕੌਰ ਨਾਲ ਸਬੰਧਤ ਵਸਤਾਂ ਬਰਾਮਦ ਕਰਨ ਦਾ ਹਰ ਸੰਭਵ ਯਤਨ ਕਰ ਰਹੀ ਹੈ। ਕਮਲਦੀਪ ਕੌਰ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਡੀ.ਜੀ.ਪੀ. ਗੌਰਵ ਯਾਦਵ ਅਤੇ ਮਹਿਲਾ ਕਮਿਸ਼ਨ ਦੀ ਮੁਖੀ ਰਾਜ ਗਿੱਲ ਨੂੰ ਈਮੇਲਜ਼ ਭੇਜ ਕੇ ਮਾਮਲੇ ਵਿਚ ਦਖਲ ਦੇਣ ਦੀ ਅਪੀਲ ਕੀਤੀ ਗਈ ਪਰ ਕੋਈ ਫਾਇਦਾ ਨਾ ਹੋਇਆ। ਇਥੇ ਦਸਣਾ ਬਣਦਾ ਹੈ ਕਿ ਕਿਲਾਰਾਏਪੁਰ ਦੇ ਵਸਨੀਕ ਅਤੇ ਰੁਪਿੰਦਰ ਕੌਰ ਦੇ ਰਿਸ਼ਤੇਦਾਰ ਪੁਲਿਸ ਦੀ ਕਹਾਣੀ ਉਤੇ ਯਕੀਨ ਕਰਨ ਨੂੰ ਤਿਆਰ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਦੇ ਐਨ ਵਿਚਕਾਰ ਸਥਿਤ ਘਰ ਵਿਚ ਇਕ ਔਰਤ ਦਾ ਕਤਲ ਕਰ ਕੇ ਉਸ ਦੀ ਲਾਸ਼ ਸਾੜਨਾ ਸੌਖਾ ਕੰਮ ਨਹੀਂ। ਘਰ ਵਿਚੋਂ ਉਠਣ ਵਾਲੇ ਧੂੰਏਂ ਰਾਹੀਂ ਆਂਢ-ਗੁਆਂਢ ਦੇ ਲੋਕਾਂ ਨੂੰ ਤੁਰਤ ਪਤਾ ਲੱਗ ਜਾਂਦਾ ਪਰ ਇਥੇ ਕਿਸੇ ਨੂੰ ਕੰਨੋ ਕੰਨ ਖ਼ਬਰ ਨਾ ਹੋਈ।