ਅਮਰੀਕਾ ਵਿਚ ਕੱਚੇ ਨਹੀਂ ਚਲਾ ਸਕਣਗੇ ਟਰੱਕ

ਵਾਸ਼ਿੰਗਟਨ : ਅਮਰੀਕਾ ਵਿਚ ਕੱਚੇ ਪੰਜਾਬੀਆਂ ਨੂੰ ਟ੍ਰਕਿੰਗ ਸੈਕਟਰ ਵਿਚੋਂ ਬਾਹਰ ਕੱਢਣ ਲਈ ਟਰੰਪ ਸਰਕਾਰ 29 ਸਤੰਬਰ ਤੋਂ ਨਵਾਂ ਨਿਯਮ ਲਾਗੂ ਕਰ ਰਹੀ ਹੈ। ਜੀ ਹਾਂ, ਹੁਣ ਸਿਰਫ਼ ਵਰਕ ਪਰਮਿਟ ਦੇ ਆਧਾਰ &rsquoਤੇ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਨਹੀਂ ਮਿਲਣਗੇ ਅਤੇ ਗਰੀਨ ਕਾਰਡ ਹੋਲਡਰ ਅਤੇ ਯੂ.ਐਸ. ਸਿਟੀਜ਼ਨ ਹੋਣਾ ਲਾਜ਼ਮੀ ਕੀਤਾ ਜਾ ਰਿਹਾ ਹੈ। ਨਵੇਂ ਨਿਯਮ ਤਹਿਤ ਘੱਟੋ ਘੱਟ 2 ਲੱਖ ਮੌਜੂਦਾ ਡਰਾਈਵਰਾਂ ਦਾ ਰੁਜ਼ਗਾਰ ਖੁੱਸ ਜਾਵੇਗਾ ਅਤੇ ਸਿਖਲਾਈ ਲੈ ਰਹੇ 20 ਹਜ਼ਾਰ ਡਰਾਈਵਰ ਕਦੇ ਟਰੱਕ ਨਹੀਂ ਚਲਾ ਸਕਣਗੇ। ਅਮਰੀਕਾ ਵਿਚ ਅਸਾਇਲਮ ਮੰਗਣ ਵਾਲੇ ਜਾਂ ਅਸਾਇਲਮ ਹਾਸਲ ਕਰ ਚੁੱਕੇ ਲੋਕਾਂ ਨੂੰ ਡਰਾਈਵਿੰਗ ਲਾਇਸੰਸ ਦੇ ਯੋਗ ਪ੍ਰਵਾਸੀਆਂ ਦੀ ਸੂਚੀ ਵਿਚੋਂ ਬਾਹਰ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਡਾਕਾ ਅਧੀਨ ਵਰਕ ਪਰਮਿਟ ਹਾਸਲ ਕਰਨ ਵਾਲੇ ਟਰੱਕ ਡਰਾਈਵਰ ਨਹੀਂ ਬਣ ਸਕਣਗੇ। ਫੈਡਰਲ ਮੋਟਰ ਕੈਰੀਅਰ ਸੇਫ਼ਟੀ ਐਡਮਨਿਸਟ੍ਰੇਸ਼ਨ ਦਾ ਕਹਿਣਾ ਹੈ ਕਿ ਕੱਚੇ ਪ੍ਰਵਾਸੀਆਂ ਨੂੰ ਜਾਰੀ ਸੀ.ਡੀ.ਐਲਜ਼ ਵਿਚੋਂ 25 ਫੀ ਸਦੀ ਗੈਰਵਾਜਬ ਤਰੀਕੇ ਨਾਲ ਦਿਤੇ ਗਏ ਪਰ ਹੁਣ ਅਜਿਹਾ ਨਹੀਂ ਹੋ ਸਕੇਗਾ।