ਨਿਊਯਾਰਕ ਯੂਐਨ ਦੇ ਹੈਡ ਕੁਆਰਟਰ ਸਾਹਮਣੇ ਸਿੱਖ ਜਥੇਬੰਦੀਆਂ ਵੱਲੋਂ ਭਾਰੀ ਵਿਰੋਧ ਪ੍ਰਦਰਸ਼ਨ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਭਾਰਤੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਦੇ ਯੂਐਨ ਵਿੱਚ ਸੰਬੋਧਨ ਸਮੇਂ ਈਸਟ ਕੋਸਟ ਦੀਆਂ ਸਿੱਖ ਜੱਥੇਬੰਦੀਆਂ ਅਤੇ ਗੁਰੂਦੁਆਰਾ ਪ੍ਰਬੰਧਕ ਕਮੇਟੀਆਂ ਦੇ ਨਾਲ ਸਿੱਖ ਸੰਗਤਾਂ ਵੱਲੋਂ ਭਾਰੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ, ਚੇਤੇ ਰਹੇ ਇਸ ਵਾਰ ਯੂਨਾਈਟਿਡ ਨੇਸ਼ਨ ਦੇ ਸੈਸ਼ਨ ਵਿੱਚ ਅਮਰੀਕਨ ਪ੍ਰੈਜ਼ੀਡੈਂਟ ਡੋਨਲ ਟਰੰਪ ਦੇ ਵੱਲੋਂ ਭਾਰਤ ਪ੍ਰਤੀ ਸਖ਼ਤ ਰੁਖ ਲੈਂਦਿਆ ਟੈਰਿਫ ਲਗਾਉਣ ਅਤੇ ਸਿੱਖ ਖ਼ਾਲਿਸਤਾਨੀ ਲੀਡਰਾਂ ਦੀਆਂ ਡਾਇਸਪੋਰਾ ਦੇ ਵਿੱਚ ਭਾਰਤੀ ਏਜੰਸੀਆਂ ਵੱਲੋਂ ਕੀਤੇ ਜਾ ਰਹੇ ਕਤਲਾਂ ਦੀ ਜਵਾਬਦੇਹੀ ਤੋਂ ਭੱਜਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਨਾਈਟਿਡ ਨੇਸ਼ਨ ਦੇ ਸੈਸ਼ਨ ਵਿੱਚ ਨਹੀਂ ਪਹੁੰਚੇ ਸਨ । ਵਿਰੋਧ ਪ੍ਰਦਰਸ਼ਨ ਕਰ ਰਹੀਆਂ ਜਥੇਬੰਦੀਆਂ ਦੇ ਆਗੂਆਂ ਵੱਲੋਂ ਸਿੱਖ ਕੌਮ ਨਾਲ ਭਾਰਤੀ ਹਕੂਮਤ ਦੀਆ ਧੱਕੇਸ਼ਾਹੀਆਂ ਅਤੇ ਹਾਲ ਵਿਚ ਪੂਰੇ ਪੰਜਾਬ ਨੂੰ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਪੰਜਾਬ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਨ ਲਈ ਰਾਤ ਦੇ ਹਨੇਰੇ ਵਿਚ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹ ਕੇ ਪੂਰੇ ਪੰਜਾਬ ਨੂੰ ਪਾਣੀ ਵਿਚ ਡੋਬਿਆ ਗਿਆ, ਬਾਰੇ ਜਾਣਕਾਰੀ ਦਿੱਤੀ ਗਈ । ਸਮੂਹ ਆਗੂਆਂ ਵੱਲੋਂ ਸਿੱਖ ਸਿਆਸੀ ਕੈਦੀਆਂ ਤੇ ਪੰਜਾਬ ਨੂੰ ਭਾਰਤੀ ਕਬਜ਼ੇ ਵਿਚੋਂ ਆਜ਼ਾਦ ਕਰਵਾਉਣ ਲਈ ਅਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਆਖ਼ਰੀ ਸਵਾਸਾਂ ਤੱਕ ਸੰਘਰਸ਼ ਲੜਦੇ ਰਹਾਂਗੇ ਦੇ ਵਿਚਾਰ ਪ੍ਰਗਟ ਕੀਤੇ ਗਏ । ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੱਥੇਬੰਦੀ ਦੇ ਸਿੰਘਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ । ਵਿਰੋਧ ਪ੍ਰਦਰਸ਼ਣ ਵਿਚ ਨਿਊਯਾਰਕ, ਨਿਊਜਰਸੀ, ਪੈਨਸਲਵੀਨੀਆ, ਵਰਜੀਨੀਆਂ, ਇੰਡੀਆਨਾ ਤੋਂ ਖ਼ਾਲਿਸਤਾਨੀ ਲੀਡਰ ਪਹੁੰਚੇ ਹੋਏ ਸਨ ਜਿਨ੍ਹਾਂ ਵਿਚ ਡਾ ਅਮਰਜੀਤ ਸਿੰਘ, ਹਿੰਮਤ ਸਿੰਘ, ਬੂਟਾ ਸਿੰਘ ਖੜੋਦ, ਸੁਰਜੀਤ ਸਿੰਘ ਕੁਲਾਰ, ਡਾ ਬਖਸ਼ੀਸ਼ ਸਿੰਘ ਸੰਧੂ, ਜੋਗਾ ਸਿੰਘ, ਬਲਾਕਾ ਸਿੰਘ, ਗੁਰਮੇਲ ਸਿੰਘ ਬੱਧਣ, ਸੰਤੋਖ ਸਿੰਘ, ਬਲਵਿੰਦਰ ਸਿੰਘ ਚੱਠਾ, ਰਜਿੰਦਰ ਸਿੰਘ, ਭਗਤ ਸਿੰਘ ਡੇਕਵਾਲਾ, ਦਲਵਿੰਦਰ ਸਿੰਘ, ਨਰਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ । ਵਿਰੋਧ ਪ੍ਰਦਰਸ਼ਨ ਦੀ ਸਮਾਪਤੀ ਮੌਕੇ ਕੋਆਰਡੀਨੇਟਰ ਸ ਹਿੰਮਤ ਸਿੰਘ ਨੇ ਆਈਆਂ ਸੰਗਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।