ਬਰਤਾਨੀਆ ਵਿਚ ਗਾਂਧੀ ਦੇ ਬੁੱਤ ਨੂੰ ਤੋੜਨ ਦਾ ਕਾਰਾ ਆਰਐਸਐਸ ਦਾ ਹੋ ਸਕਦਾ ਹੈ : ਮਾਨ


👉 ਸਿੱਖ ਕੌਮ ਦੇ ਸਟੇਟਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ ਨਾ ਕਿ ਕੋਈ ਹੋਰ

ਨਵੀਂ ਦਿੱਲੀ- (ਮਨਪ੍ਰੀਤ ਸਿੰਘ ਖਾਲਸਾ):- &ldquoਸਿੱਖ ਕੌਮ ਕਦੇ ਵੀ ਕਿਸੇ ਹੋਰ ਕੌਮ ਦੇ ਬੁੱਤਾਂ, ਇਮਾਰਤਾਂ, ਯਾਦਗਰਾਂ ਜਾਂ ਨਿਸ਼ਾਨੀਆਂ ਨੂੰ ਖਤਮ ਕਰਨ ਜਾਂ ਤੋੜਨ ਦੇ ਗੈਰ ਇਖਲਾਕੀ ਅਮਲ ਨਹੀ ਕਰਦੀ । ਬਲਕਿ ਆਪਣੇ ਉੱਚੇ ਸੁੱਚੇ ਇਖਲਾਕ ਰਾਹੀ ਸਭ ਕੌਮਾਂ ਵਿਚ ਅੱਛਾਈਆ ਨੂੰ ਉਜਾਗਰ ਕਰਕੇ ਮਨੁੱਖਤਾ ਪੱਖੀ ਕਦਰਾਂ ਕੀਮਤਾਂ ਨੂੰ ਆਪਣੇ ਜਨਮ ਤੋ ਹੀ ਪ੍ਰਪੱਕ ਕਰਦੀ ਆਈ ਹੈ । ਕਦੀ ਵੀ ਨਾਂਹਵਾਚਕ ਅਮਲ ਨਹੀ ਕਰਦੀ ਬਲਕਿ ਆਪਣੇ ਫਖ਼ਰ ਵਾਲੇ ਇਤਿਹਾਸ ਤੇ ਪਹਿਰਾ ਦਿੰਦੀ ਹੋਈ ਵੱਡੀ ਤੋ ਵੱਡੀ ਕੁਰਬਾਨੀ ਕਰਦੀ ਹੋਈ ਆਪਣੇ ਕੌਮੀ ਅਤੇ ਸਮਾਜਿਕ ਨਿਸ਼ਾਨਿਆ ਨੂੰ ਪੂਰਨ ਕਰਦੀ ਹੈ । ਇਨ੍ਹਾਂ ਵਿਚ ਆਉਣ ਵਾਲੀ ਕਿਸੇ ਵੱਡੇ ਤੋ ਵੱਡੀ ਰੁਕਾਵਟ ਨੂੰ ਦੂਰ ਕਰਨ ਦੀ ਸਮਰੱਥਾਂ ਰੱਖਦੀ ਹੈ । ਜੋ ਬਰਤਾਨੀਆ ਵਿਚ ਗਾਂਧੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਸਾਹਮਣੇ ਆਈ ਹੈ ਉਹ ਕਾਰਾ ਤਾਂ ਇਨ੍ਹਾਂ ਦੀ ਮੁਤੱਸਵੀ ਜਮਾਤ ਆਰ.ਐਸ.ਐਸ ਦਾ ਖੁਦ ਦਾ ਹੋ ਸਕਦਾ ਹੈ ਜਿਨ੍ਹਾਂ ਦੀਆਂ ਅਮਰੀਕਾ, ਕੈਨੇਡਾ ਵਿਚ ਕਾਰਵਾਈਆ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਇਹ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਆਪ ਹੀ ਅਜਿਹੀਆ ਸਾਜਿਸਾਂ ਰਚਦੇ ਹਨ । ਫਿਰ ਆਪ ਹੀ ਸਿੱਖ ਕੌਮ ਨੂੰ ਨਿਸਾਨਾਂ ਬਣਾਕੇ ਬਦਨਾਮ ਕਰਨ ਦੇ ਅਮਲ ਕਰਦੇ ਹਨ । ਜਿਸ ਵਿਚ ਬਹੁਤੀ ਵਾਰੀ ਇਹ ਅਸਫਲ ਹੀ ਸਾਬਤ ਹੋਏ ਹਨ । ਇਨ੍ਹਾਂ ਦਾ ਸੱਚ ਸੰਸਾਰ ਸਾਹਮਣੇ ਆ ਚੁੱਕਾ ਹੈ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਗਾਂਧੀ ਨੂੰ ਮਾਰਨ ਵਾਲੇ ਨੱਥੂ ਰਾਮ ਗੌਡਸੇ ਸਨ । ਜਿਨ੍ਹਾਂ ਨੂੰ ਉਸ ਸਮੇ ਦੇ ਇਨ੍ਹਾਂ ਦੇ ਆਗੂ ਸ੍ਰੀ ਪਟੇਲ ਨੇ ਹਰ ਪੱਖੋ ਬਚਾਉਣ ਦੀ ਕੋਸਿਸ ਕੀਤੀ ਸੀ । ਜੋ ਇਹ ਗਾਂਧੀ ਨੂੰ ਆਪਣਾ ਰਾਸਟਰਪਿਤਾ ਕਹਿਕੇ ਸਾਡੀ ਨਿਵੇਕਲੀ ਤੇ ਅਣਖੀਲੀ ਕੌਮੀ ਪਹਿਚਾਣ ਨੂੰ ਹਿੰਦੂਤਵ ਵਿਚ ਰਲਗਡ ਕਰਨਾ ਚਾਹੁੰਦੇ ਹਨ ਉਸ ਵਿਚ ਇਹ ਇਸ ਲਈ ਕਾਮਯਾਬ ਨਹੀ ਹੋ ਸਕਦੇ ਕਿਉਂਕਿ ਸਾਡਾ ਕੌਮੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ । ਜਿਨ੍ਹਾਂ ਨੇ ਆਪਣਾ ਸਰਬੰਸ ਵਾਰਕੇ ਬਿਨ੍ਹਾਂ ਕਿਸੇ ਜਾਤ-ਪਾਤ, ਊਚ-ਨੀਚ, ਭੇਦਭਾਵ ਤੋ ਸਮੁੱਚੀ ਮਨੁੱਖਤਾ ਤੇ ਇਨਸਾਨੀਅਤ ਉਤੇ ਪਹਿਰਾ ਦਿੱਤਾ।&rdquo ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਰਤਾਨੀਆ ਵਿਚ ਗਾਂਧੀ ਦੇ ਬੁੱਤ ਨੂੰ ਪਹੁੰਚਾਏ ਨੁਕਸਾਨ ਸੰਬੰਧੀ ਹੁਕਮਰਾਨਾਂ ਅਤੇ ਮੁਤੱਸਵੀ ਜਮਾਤਾਂ ਵੱਲੋ ਸਿੱਖ ਕੌਮ ਵੱਲ ਇਸਾਰਾ ਕਰਨ ਦੀ ਸਾਜਿਸ ਦਾ ਬਾਦਲੀਲ ਢੰਗ ਨਾਲ ਜੁਆਬ ਦਿੰਦੇ ਹੋਏ ਅਤੇ ਇਹ ਕਾਰਾ ਖੁਦ ਹੀ ਆਰ.ਐਸ.ਐਸ. ਵੱਲੋ ਕਰਨ ਵੱਲ ਇਸਾਰਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹਿੰਦੂਤਵ ਹੁਕਮਰਾਨ ਹੀ ਹਨ ਜਿਨ੍ਹਾਂ ਨੇ ਸਾਜਸੀ ਢੰਗ ਨਾਲ ਸਾਡੇ ਅਮਰੀਕਾ, ਕੈਨੇਡਾ, ਬਰਤਾਨੀਆ, ਪਾਕਿਸਤਾਨ, ਇੰਡੀਆ ਤੇ ਪੰਜਾਬ ਵਿਚ ਸਿਰਕੱਢ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਕਤਲੇਆਮ ਕੀਤਾ ਜਿਨ੍ਹਾਂ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਅਸਫਲ ਕੋਸਿਸ ਕੀਤੀ । ਇਸ ਸਮੁੱਚੇ ਕਤਲੇਆਮ ਲਈ ਸ੍ਰੀ ਮੋਦੀ ਅਤੇ ਉਸਦੀ ਜਾਲਮ ਜੂੰਡਲੀ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਸਿੱਧੇ ਤੌਰ ਤੇ ਜਿੰਮੇਵਾਰ ਹਨ । ਇਹ ਜੂੰਡਲੀ ਕੌਮਾਂਤਰੀ ਤੌਰ ਤੇ ਉਨ੍ਹਾਂ ਮੁਲਕਾਂ ਦੀ ਵੀ ਵੱਡੀ ਦੋਸ਼ੀ ਹੈ ਜਿਨ੍ਹਾਂ ਦੀ ਇਨ੍ਹਾਂ ਨੇ ਪ੍ਰਭੂਸਤਾ ਨੂੰ ਤੋੜਿਆ ਅਤੇ ਅਮਰੀਕਾ ਦੀ ਮੁਨਰੋ ਡਾਕਟਰੀਨ ਦਾ ਘਾਣ ਕੀਤਾ ।