ਭਾਰਤ ਸਰਕਾਰ ਵਲੋਂ ਸਿੱਖ ਜਥਿਆਂ ਤੇ ਪਬੰਦੀ ਖਿਲਾਫ ਸਿੱਖਾਂ ਵਿੱਚ ਭਾਰੀ ਰੋਸ - ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ,ਕੇ

" ਬੀ.ਐੱਸ. ਐੱਫ ਦੀ ਤਾਇਨਾਤੀ ਇਨਸਾਫ ਪਸੰਦ ਪੰਜਾਬੀਆਂ  ਵਿੱਚ ਦਹਿਸ਼ਤ ਪੈਦਾ ਕਰਨ ਦਾ ਕੋਝਾ ਯਤਨ " 
ਲੰਡਨ -  ਭਾਰਤ  ਸਰਕਾਰ  ਵਲੋਂ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਜਥਿਆਂ ਤੇ ਪਬੰਦੀ ਲਗਾਉਣ ਖਿਲਾਫ ਸਿੱਖਾਂ  ਵਿੱਚ ਭਾਰੀ ਰੋਸ ਅਤੇ ਰੋਹ ਹੈ । ਭਾਰਤ  ਦੀ ਭਾਜਪਾ ਸਰਕਾਰ ਜੋ ਕਿ ਫਿਰਕਾਪ੍ਰਸਤ ਹਿੰਦੂਤਵੀ ਸੋਚ ਨੂੰ ਬੜਾਵਾ ਦੇ ਰਹੀ ਹੈ , ਉਸਨੇ ਜਾਣਬੁੱਝ ਕੇ ਅਜਿਹਾ ਕੀਤਾ ਤਾਂ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨ ਦੀ ਮੁਹਿੰਮ ਨੂੰ  ਅੱਗੇ ਵਧਾਇਆ ਜਾ ਸਕੇ । ਫਿਰਕਾਪ੍ਰਸਤ ਹਿੰਦੂਤਵ ਦੀ ਇਹ ਸੋਚ ਰਹੀ ਹੈ ਕਿ ਭਾਰਤ ਦੀਆਂ ਵਸਨੀਕ ਘੱਟ ਗਿਣਤੀ ਕੌਮਾਂ ਨੂੰ ਨੇਸਤੋਨਬੂਦ ਕਰਕੇ ਹਿੰਦੂ ,ਹਿੰਦੀ ,ਹਿੰਦੋਸਤਾਨ ਦੇ ਨਾਹਰੇ ਨੂੰ ਅੰਜਾਮ ਦਿੱਤਾ ਜਾਵੇ । ਇਸ ਫਿਰਕੂ  ਵਰਤਾਰੇ ਦੀ ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ,ਕੇ  ਵਲੋਂ ਸਖਤ ਨਿਖੇਧੀ ਕੀਤੀ ਗਈ ਹੈ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਨੇ ਜਾਰੀ ਪ੍ਰੈੱਸ ਬਿਆਨ ਵਿੱਚ ਆਖਿਆ ਹੈ ਕਿ ਭਾਰਤ ਸਰਕਾਰ ਦਾ ਇਹ  ਸਿੱਖਾਂ ਤੇ ਮਾਰੂ ਹਮਲਾ ਹੈ । ਜਿਸ ਦਾ ਹਰੇਕ ਇਨਸਾਫ ਅਤੇ ਨਿਆਂ ਪਸੰਦ ਵਿਆਕਤੀ ਨੂੰ ਵਿਰੋਧ ਕਰਨ ਦੀ ਜਰੂਰਤ ਹੈ । ਇਹ ਗੱਲ ਜੱਗ ਜਾਹਿਰ ਹੈ ਕਿ ਭਾਰਤ  ਸਰਕਾਰ ਵਲੋਂ  ਪਾਕਿਸਤਾਨ ਉਪਰ ਕੀਤੇ  ਹਮਲੇ ਵਿੱਚ ਸਿੱਖ ਕੌਮ ਧਿਰ ਨਹੀਂ ਸੀ , ਬਲਕਿ  ਸਿੱਖਾਂ ਨੇ ਹਮੇਸ਼ਾਂ  ਸ਼ਾਂਤੀ ,ਸਦਭਾਵਨਾ  ਅਤੇ ਬਰਾਬਰੀ ਦੇ ਸਿਧਾਂਤ ਦੀ ਵਕਾਲਤ ਕੀਤੀ ਹੈ। ਸਿੱਖਾਂ ਦਾ ਪਾਕਿਸਤਾਨ ਸਥਿਤ  ਗੁਰਦਵਾਰਿਆਂ , ਗੁਰ ਅਸਥਾਨਾਂ ਨਾਲ ਡੂੰਘਾ ਅਤੇ ਰੂਹਾਨੀ ਰਿਸ਼ਤਾ ਹੈ । ਇਸ ਰਿਸ਼ਤੇ ਨੂੰ ਕੋਈ ਵੀ ਖਤਮ ਨਹੀਂ ਕਰ ਸਕਦਾ । ਸਿੱਖਾਂ ਦੇ ਜਜ਼ਬਾਤਾਂ ਨੂੰ ਰਾਸ਼ਟਰੀ ਸੁਰੱਖਿਆ ਦੇ ਨਾਮ ਹੇਠ ਮਲੀਆਮੇਟ ਕਰਨ ਵਾਲੀ ਭਾਰਤ ਸਰਕਾਰ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ  ਬੰਦ ਕਰਨਾ ਪਰ ਆਪ ਮਨੋਰੰਜਨ ਅਤੇ ਵਪਾਰ ਨੂੰ ਮੁੱਖ ਰੱਖ ਕੇ ਪਾਕਿਸਤਾਨ ਨਾਲ ਕ੍ਰਿਕਟ ਖੇਡਣੇ ਸਾਬਤ ਕਰਦਾ ਹੈ ਕਿ ਭਾਜਪਾ ਸਰਕਾਰ ਜਾਣਬੁੱਝ ਕੇ ਸਿੱਖਾਂ ਨੂੰ ਵਾਰ ਵਾਰ ਗੁਲਾਮੀ ਦਾ ਅਹਿਸਾਸ ਕਰਾ  ਰਹੀ ਹੈ । ਜਿਕਰਯੋਗ ਹੈ ਕਿ ਦੁਨੀਆ ਭਰ ਤੋਂ ਹਜਾਰਾਂ ਸਿੱਖ  ਹਜਾਰਾਂ ਮੀਲ ਦਾ ਸਫਰ ਤਹਿ ਕਰਕੇ ਪਾਕਿਸਤਾਨ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਏਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਪੁੱਜ ਰਹੇ ਹਨ ਪਰ  ਭਾਰਤ ਸਰਕਾਰ ਦੀਆਂ ਫਿਰਕਾਪ੍ਰਸਤ  ਨੀਤੀਆਂ ਕਾਰਨ ਪਾਕਿਸਤਾਨ ਦੇ ਗਵਾਂਢ ਵਸਦੇ ਸਿੱਖ ਸ਼ਮੂਲੀਅਤ ਨਹੀਂ ਕਰ ਸਕਣਗੇ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨ ਯੂ,ਕੇ ਨੇ ਪੰਜਾਬ ਪੁਲਿਸ  ਵਲੋਂ ਸਿੱਖ ਪਰਿਵਾਰਾਂ ਨਾਲ ਸਬੰਧਤ ਨੌਜਵਾਨਾਂ ਦੇ ਐਨਕਾਊਂਟਰਾਂ ਦੀ ਸਖਤ  ਨਿਖੇਧੀ  ਕੀਤੀ ਗਈ ਹੈ। ਇਹ ਵਰਤਾਰਾ ਖਾੜਕੂ ਆਖ ਕੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਦਾ ਬਦਲਵਾਂ ਰੂਪ ਹੀ ਹੈ ।ਪਰ ਅਜਿਹੇ ਜ਼ੁਲਮ ਖਾਲਿਸਤਾਨ ਦੇ ਚੱਲ ਰਹੇ ਸੰਘਰਸ਼ ਨੂੰ ਖਤਮ ਨਹੀ ਕਰ ਸਕਣਗੇ । ਸਿੱਖ ਕੌਮ ਖਾਲਿਸਤਾਨ ਵਾਸਤੇ ਸੰਘਰਸ਼ ਜਾਰੀ ਰੱਖੇਗੀ । ਪੰਜਾਬ ਵਿੱਚ ਬਾਰਡਰ ਸਕਿਉਰਟੀ ਫੋਰਸ ਦੀ ਵੱਡੀ ਪੱਧਰ ਤੇ ਤਾਇਨਾਤੀ ਭਾਰਤ ਸਰਕਾਰ ਦੇ ਮਾੜੇ ਇਰਾਦਿਆਂ ਨੂੰ ਦਰਸਾਉਂਦਾ ਹੈ । ਮਹਿਸੂਸ ਕੀਤਾ ਜਾ ਰਿਹਾ ਹੈ ਕਿ ਅਜਿਹਾ ਪੰਜਾਬ ਦੇ ਹੱਕਾਂ,ਹਿੱਤਾਂ ਦੀ ਅਵਾਜ ਬੁਲੰਦ ਕਰਨ ਵਾਲਿਆਂ ਵਿੱਚ ਦਹਿਸ਼ਤ ਦਾ ਮਾਹੌਲ ਸਿਰਜਣ ਵਾਸਤੇ ਕੀਤਾ ਜਾ ਰਿਹਾ ਹੈ ।