ਤੀਆਂ ਦਾ ਮੇਲਾ ਬੀਲੇਫੀਲਡ, ਜਰਮਨੀ

ਨੀ ਕਾਹਲੀ ਕਾਹਲੀ ਪੈਰ ਪੁੱਟ ਲੈ,

ਤੀਆਂ ਲੱਗੀਆਂ ਬੀਲੇਫੀਲਡ, 

ਨੀ ਕਾਹਲੀ ਕਾਹਲੀ ਪੈਰ ਪੁੱਟ ਲੈ,

ਦੁਨੀਆਂ ਭਰ ਵਿੱਚ ਸੌਣ ਮਹੀਨੇ ਜਾਂ ਫੇਰ ਸੌਣ ਮਹੀਨੇ ਤੋਂ ਬਾਅਦ ਤੀਆਂ ਦੇ ਮੇਲੇ ਲੱਗਦੇ ਹਨ। ਹਰ  ਪਾਸੇ ਤੀਆਂ ਦਾ ਮੇਲਾ ਵੱਖ ਵੱਖ-ਵੱਖ ਤਰੀਕਿਆਂ ਨਾਲ ਲਗਾਇਆ ਜਾਂਦਾ ਹੈ। ਕੁਝ ਪੈਸੇ ਕਮਾਉਣ ਲਈ ਤੀਆਂ ਦਾ ਮੇਲਾ ਲਗਾਉਂਦੇ, ਕੁਝ ਮਨ ਪਰਚਾਉਣ ਲਈ, ਕੁਝ ਹਰ ਸਾਲ ਮੇਲੇ ਦੀ ਰੀਤ ਨਿਭਾਉਣ ਲਈ, ਕੁਝ ਰਵਾਇਤੀ ਪੰਜਾਬੀ ਵਿਰਸਾ ਸਾਂਭਣ ਲਈ। 

ਪੁਰਾਤਨ ਸੁਆਣੀਆਂ ਆਪਣੇ ਘਰਾਂ ਦੇ ਕੰਮਾਂ ਦਾ ਨਿਬੇੜਾ ਕਰਕੇ ਪਿੰਡ ਵਿੱਚ ਕਿਸੇ ਵੱਡੇ ਤੇ ਸੰਘਣੇ ਰੁੱਖ  ਹੇਠਾਂ ਇਕੱਠੀਆਂ ਹੋ ਜਾਂਦੀਆਂ ਸਨ ਕਿਉਂਕਿ ਸੌਣ ਮਹੀਨੇ ਮੀਂਹ ਪੈਣ ਕਰਕੇ ਘਰਾਂ ਦੇ ਕੰਮ ਵੀ ਘੱਟ ਹੁੰਦੇ ਸਨ ਜਿਸ ਕਰਕੇ ਸੁਆਣੀਆਂ ਕੋਲ ਵਕਤ ਦੀ ਕਮੀ ਨਹੀਂ ਸੀ ਹੁੰਦੀ। ਉਹਨਾਂ ਦਿਨਾਂ ਤੋਂ ਹੀ ਤੀਆਂ ਦੇ ਮੇਲੇ ਦਾ ਜਨਮ ਹੋਇਆ ਹੈ। ਮੈਂ ਲਗਭਗ ਦੋ ਦਹਾਕਿਆਂ ਤੋਂ ਜਰਮਨੀ ਵਿੱਚ ਰਹਿੰਦੀ ਹਾਂ, ਹਰ ਸਾਲ ਜਰਮਨੀ ਦੇ ਵੱਖ ਵੱਖ ਸ਼ਹਿਰਾਂ ਵਿੱਚ ਤੀਆਂ ਦੇ ਮੇਲੇ ਲਗਵਾਏ ਜਾਂਦੇ ਹਨ ਪਰ ਬਹੁਤੀ ਵਾਰ ਦੇਖਦੀ ਹਾਂ ਕਿ ਡੀ ਜੇ ਤੇ ਗੀਤ ਚਲਾ ਕੇ ਬੀਬੀਆਂ ਨੱਚਣ ਰਹੀਆਂ ਹੁੰਦੀਆਂ ਹਨ। ਕਿਸੇ ਨੂੰ ਕੋਈ ਲੋਕ ਗੀਤ, ਗਿੱਧੇ ਦੀਆਂ ਬੋਲੀਆਂ, ਸੁਹਾਗ ਤੇ ਘੋੜੀਆਂ ਦਾ ਇੱਕ ਟੱਪਾ ਵੀ ਨਹੀਂ ਆਉਂਦਾ।

ਬੀਲੇਫੀਲਡ ਸ਼ਹਿਰ ਵਿੱਚ ਮੈਨੂੰ ਤੀਆਂ ਦਾ ਮੇਲਾ ਬਹੁਤ ਹੀ ਵਧੀਆ ਲੱਗਿਆ ਕਿਉਂਕਿ ਇੱਥੇ ਭਾਵੇਂ ਬੀਬੀਆਂ ਪੰਜਾਹ ਕੁ ਹੀ ਸਨ ਪਰ ਗਿੱਧਾ ਪਾਉਣ ਸਮੇਂ ਬੋਲੀਆਂ ਦੀ ਲੜੀ ਨਹੀਂ ਟੁੱਟਣ ਦਿੱਤੀ। ਕੀ ਕੁੜੀਆਂ ਤੇ ਕੀ ਬੂੜੀਆ ਸਭ ਪੂਰੇ ਜੋਸ਼ ਨਾਲ ਬੋਲੀਆਂ ਪਾ ਕੇ ਉੱਚੀ ਉੱਚੀ ਤਾੜੀਆਂ ਮਾਰ ਕੇ ਨੱਚ ਰਹੀਆਂ ਸਨ। ਇੱਕ ਬੀਬੀ ਨੇ ਖੱਬੇ ਪਾਸੇ ਲੱਕ ਤੇ ਜੁਆਕ ਚੁੱਕਿਆ ਹੋਇਆ ਸੀ ਤੇ ਬੋਲੀ ਤੇ ਬੋਲੀ ਪਾ ਕੇ ਨੱਚ ਰਹੀ ਸੀ। ਸ਼ਾਇਦ ਇਹ ਜੋਸ਼ ਉਸ ਵਕਤ ਆਉਂਦਾ ਹੈ ਜਦੋਂ ਅਸੀਂ ਧੁਰ ਅੰਦਰ ਤੱਕ ਖੁਸ਼ ਹੋਈਏ। 

ਮੇਲੇ ਦੇ ਪ੍ਰਬੰਧ ਲਈ ਸਾਰੀਆਂ ਭੈਣਾਂ ਨੇ ਰਲ ਮਿਲ ਕੇ ਪਕੌੜੇ, ਸਮੋਸੇ, ਬਰੈਡ ਵਾਲੇ ਪਕੌੜੇ, ਕੇਸਰ ਵਾਲੀ ਖੀਰ, ਚਿੱਟੇ ਛੋਲਿਆਂ ਦੀ ਸਬਜ਼ੀ, ਮਟਰਾਂ ਵਾਲੇ ਚਾਵਲ, ਪੀਜ਼ੇ ਆਦਿ ਵੀ ਆਪ ਹੀ ਬਣਾ ਕੇ ਪਰੋਸੇ ਹੋਏ ਸਨ। ਇੱਥੋਂ ਤੱਕ ਕਿ ਹਾਲ ਦੀ ਸਜਾਵਟ ਜਰਮਨੀ ਦੀਆਂ ਜੰਮਪਲ ਧੀਆਂ ਨੇ ਕਣਕ ਦੇ ਛਿੱਟੇ ਕੰਧਾਂ ਤੇ ਲਗਾ ਕੇ, ਢੋਲਕੀ ਵਾਂਗ ਦਿਖਾਈ ਦਿੰਦੀਆਂ ਸਜਾਵਟੀ ਰੰਗ ਬਰੰਗੀਆਂ ਢੋਲਕੀਆਂ ਤੇ ਢੋਲ ਬਣਾਏ ਹੋਏ ਸਨ। 

ਲੰਬੇ ਸਮੇਂ ਤੋਂ ਜਰਮਨੀ ਰਹਿਣ ਵਾਲੇ ਭੈਣ ਮਨਦੀਪ ਕੌਰ ਨੇ ਵਿਰਾਸਤੀ ਪੰਜਾਬੀ ਸਮਾਨ ਦੀ ਪ੍ਰਦਰਸ਼ਨੀ ਲਗਾਈ ਹੋਈ ਸੀ ਜਿਸ ਵਿੱਚ ਰੇਸ਼ਮੀ ਬਾਗ ਫੁਲਕਾਰੀ, ਸੁਰਮੇਦਾਨੀ, ਪਿੱਤਲ ਦੇ ਭਾਂਡੇ, ਹੱਥ ਨਾਲ ਬਣਾਈਆਂ ਦਰੀਆਂ, ਖੇਸ, ਪੱਖੀਆਂ, ਬਿਸਕੁਟਾਂ ਵਾਲਾ ਪੀਪਾ ਜਾਂ ਸਿਧਾਰੇ ਵਾਲਾ ਪੀਪਾ, ਪਿੱਤਲ ਦਾ ਨਲਕਾ ਜਿਸ ਨੂੰ ਗੇੜ ਕੇ ਪਾਣੀ ਵੀ ਕੱਢ ਸਕਦੇ ਹਾਂ ਦਾ ਮਾਡਲ, ਕਰੋਸ਼ੀਆ ਨਾਲ ਬਣੇ ਕੁਝ ਮੇਜ਼ ਪੋਸ਼ ਦੇ ਕੱਪੜੇ, ਸਿੰਧੀ ਕਢਾਈ ਨਾਲ ਤਿਆਰ ਕੀਤਾ ਮੇਜ਼ ਪੋਸ਼ ਆਦਿ ਸ਼ਾਮਲ ਸਨ। 

ਸਰਬਜੀਤ ਸਿੰਘ ਜਰਮਨੀ ਵਲੋਂ ਪੰਜਾਬੀ ਦੀਆਂ ਕੁਝ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ ਸੀ ਜਿਹਨਾਂ ਵਿੱਚ &ldquoਤੂੰ ਹੀ ਤੂੰ&rdquo &ldquoਗੁਰੂ ਕੀ ਰਸੋਈ&rdquo ਮੈਗਜ਼ੀਨ ਲੇਖਕ ਸਰਬਜੀਤ ਸਿੰਘ ਜਰਮਨੀ, &ldquoਉਸ ਪਾਰ ਜ਼ਿੰਦਗੀ&rdquo &ldquoਤਾਲਾਬੰਦੀ ਦੀ ਦਾਸਤਾਨ&rdquo ਲੇਖਕ ਬਿੰਦਰ ਕੋਲੀਆਂ ਵਾਲ, &ldquoਪੜਿਆ ਸੁਣਿਆ ਦੇਖਿਆ&rdquo ਲੇਖਕ ਤਰਲੋਚਨ ਸਿੰਘ ਦੁਪਾਲਪੁਰ, &ldquoਹਿਰਦੇ ਦੀ ਹੂਕ&rdquo &ldquoਕੁਦਰਤ ਦੇ ਅੰਗ ਸੰਗ&rdquo ਲੇਖਕ ਪਰਗਟ ਸਿੰਘ ਰੰਧਾਵਾ ਆਦਿ ਕਿਤਾਬਾਂ ਸ਼ਾਮਲ ਸਨ। 

ਪੰਜਾਬੀਆਂ ਦੀ ਕੋਈ ਵੀ ਮਿਲਣੀ ਜਾਂ ਤਿਉਹਾਰ, ਕੋਈ ਵੀ ਮੇਲਾ ਉਦੋਂ ਤੱਕ ਸੰਪੂਰਨ ਨਹੀਂ ਸਮਝਿਆ ਜਾਂਦਾ ਜਦੋਂ ਤੱਕ ਮਿੱਠਾ ਰੋਕ ਕੇ, ਪੱਤੀ ਠੋਕ ਕੇ ਭਾਵ ਕੜਾਕੇ ਵਾਲੀ ਚਾਹ ਨਾ ਮਿਲੇ। ਦੱਸਦੀ ਜਾਵਾਂ ਕਿ ਬਾਕੀ ਸਾਰਾ ਪ੍ਰੋਗਰਾਮ ਬੀਬੀਆਂ ਨੇ ਆਪ ਹੀ ਨਜਿੱਠੀਆਂ ਪਰ ਗੁੜ ਵਾਲੀ ਖ਼ਾਸ ਚਾਹ ਵੀਰ ਅਵਤਾਰ ਸਿੰਘ ਗਿੱਲ ਅਤੇ ਸੁਖਪ੍ਰੀਤ ਸਿੰਘ ਨੇ ਬਣਾਈ ਸੀ। ਚਾਹ ਐਨੀ ਕੁ ਜ਼ਿਆਦਾ ਸੁਆਦ ਸੀ ਕਿ ਜਰਮਨੀ ਜੰਮਪਲ ਧੀਆਂ ਜੋ ਘਰੇ ਕਦੇ ਚਾਹ ਨਹੀਂ ਪੀਂਦੀਆਂ ਨੇ ਵੀ ਦੋ ਦੋ ਗਿਲਾਸ ਚਾਹ ਦੇ ਪੀ ਲਏ ਸਨ। ਤੁਸੀਂ ਇਹ  ਅੰਦਾਜ਼ਾ ਆਪ ਹੀ ਲਾ ਲੈਣਾ ਕਿ ਅਸੀਂ ਬੀਬੀਆਂ ਨੇ ਕਿੰਨੇ ਕਿੰਨੇ ਕੱਪ ਜਾਂ ਕਿੰਨੇ ਕਿੰਨੇ ਗਿਲਾਸ ਚਾਹ ਦੇ ਪੀਤੇ ਹੋਣਗੇ। 

ਕੁਝ ਮਿਲਾ ਕੇ ਬੀਲੇਫੀਲਡ, ਜਰਮਨੀ ਦਾ ਮੇਲਾ ਅਮਿੱਟ ਯਾਦਾਂ ਛੱਡ ਗਿਆ ਤੇ ਅਗਲੇ ਸਾਲ ਮੁੜ ਫੇਰ ਤੀਆਂ ਦੇ ਮੇਲੇ ਤੇ ਇਸੇ ਤਰ੍ਹਾਂ ਮਿਲਣ ਦਾ ਵਾਅਦਾ ਕਰਦੀਆਂ ਬੀਬੀਆਂ ਆਪਣੇ ਆਪਣੇ ਘਰਾਂ, ਸ਼ਹਿਰਾਂ ਨੂੰ ਚਲੀਆਂ ਗਈਆਂ। ਵਾਹਿਗੁਰੂ ਜੀ ਮਿਹਰ ਕਰਨ ਇਹ ਘਰ ਤੇ ਬਾਹਰ ਨੌਕਰੀ ਕਰਨ ਵਾਲੀਆਂ ਜਰਮਨੀ ਵਾਸੀ ਪੰਜਾਬਣਾਂ ਇਸੇ ਤਰ੍ਹਾਂ ਆਪਣੇ ਅਮੀਰ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਦੀਆਂ ਰਹਿਣ ਤੇ ਅਗਲੀ ਪੀੜ੍ਹੀ ਲਈ ਵਿਰਸਾ ਸੰਭਾਲ ਪੂਰਨੇ ਪਾਉਂਦੀਆਂ ਰਹਿਣ। 

ਸਰਬਜੀਤ ਸਿੰਘ ਜਰਮਨੀ