ਪਟਨਾ ਸਾਹਿਬ ਰੇਲਵੇ ਸਟੇਸ਼ਨ 'ਤੇ ਤਖ਼ਤ ਸਾਹਿਬ ਦੇ ਦਰਸ਼ਨਾਂ ਲਈ ਗੁਰਮੁਖੀ ਐਕਸਪ੍ਰੈੱਸ ਦੇ ਠਹਿਰਾਓ ਨੂੰ ਮਿਲੀ ਮਨਜ਼ੂਰੀ


ਨਵੀਂ ਦਿੱਲੀ- (ਮਨਪ੍ਰੀਤ ਸਿੰਘ ਖਾਲਸਾ):&ndash ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਗੁਰਮੁਖੀ ਐਕਸਪ੍ਰੈੱਸ ਦਾ ਪਟਨਾ ਸਾਹਿਬ ਰੇਲਵੇ ਸਟੇਸ਼ਨ 'ਤੇ ਠਹਿਰਾਓ ਦਿੱਤਾ ਜਾਵੇ, ਤਾਂ ਜੋ ਪੰਜਾਬ ਤੋਂ ਤਖ਼ਤ ਪਟਨਾ ਸਾਹਿਬ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਸੁਵਿਧਾ ਮਿਲ ਸਕੇ। ਰੇਲ ਮੰਤਰਾਲੇ ਵੱਲੋਂ ਹੁਣ ਇਸ ਮੰਗ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਰੇਲਵੇ ਦੇ ਉੱਚ ਅਧਿਕਾਰੀਆਂ ਨਾਲ ਦਿੱਲੀ ਰੇਲ ਭਵਨ ਵਿੱਚ ਮੀਟਿੰਗ ਦੌਰਾਨ ਇਸ ਮਾਮਲੇ 'ਤੇ ਚਰਚਾ ਹੋਈ ਸੀ। ਇਸ ਮੀਟਿੰਗ ਵਿੱਚ ਉਪ ਪ੍ਰਧਾਨ ਗੁਰਵਿੰਦਰ ਸਿੰਘ ਵੀ ਸ਼ਾਮਲ ਸਨ। ਸ੍ਰੀ ਸੋਹੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰੇਲ ਮੰਤਰੀ ਅਤੇ ਅਧਿਕਾਰੀਆਂ ਨੂੰ ਪੰਜਾਬ ਤੋਂ ਗੁਰਮੁਖੀ ਐਕਸਪ੍ਰੈੱਸ ਰਾਹੀਂ ਆਉਣ ਵਾਲੀ ਸੰਗਤ ਨੂੰ ਹੋਣ ਵਾਲੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਗਿਆ ਸੀ। ਇਸ ਦੇ ਨਤੀਜੇ ਵਜੋਂ, ਉਨ੍ਹਾਂ ਨੇ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ ਸੀ ਅਤੇ ਹੁਣ 2 ਅਕਤੂਬਰ 2025 ਤੋਂ ਗੁਰਮੁਖੀ ਐਕਸਪ੍ਰੈੱਸ ਦਾ ਪਟਨਾ ਸਾਹਿਬ ਸਟੇਸ਼ਨ 'ਤੇ ਠਹਿਰਾਓ ਕਰ ਦਿੱਤਾ ਗਿਆ ਹੈ। ਸ੍ਰੀ ਜਗਜੋਤ ਸਿੰਘ ਸੋਹੀ ਨੇ ਕਿਹਾ ਕਿ ਇਸ ਕਾਰਜ ਲਈ ਤਖ਼ਤ ਪਟਨਾ ਸਾਹਿਬ ਦੀ ਸਮੂਹੀ ਪ੍ਰਬੰਧਕ ਕਮੇਟੀ ਅਤੇ ਸੰਗਤ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ ਕਰਦੀ ਹੈ ਅਤੇ ਉਮੀਦ ਕਰਦੀ ਹੈ ਕਿ ਬਾਕੀ ਦੀਆਂ ਸਮੱਸਿਆਵਾਂ ਦਾ ਹੱਲ ਵੀ ਜਲਦੀ ਹੀ ਹੋਵੇਗਾ, ਤਾਂ ਜੋ ਹੋਰ ਰਾਜਾਂ ਤੋਂ ਆਉਣ ਵਾਲੀ ਸੰਗਤ ਨੂੰ ਵੀ ਕੋਈ ਪਰੇਸ਼ਾਨੀ ਨਾ ਝੱਲਣੀ ਪਵੇ।