ਅਫ਼ੀਮ ਦੇ ਲੇਬਲ ਵਾਲਾ ਪਰਫਿਊਮ ਵੇਚ ਰਹੇ ਭਾਰਤੀ ਨੂੰ ਅਮਰੀਕਾ ਪੁਲਿਸ ਨੇ ਕੀਤਾ ਸੀ ਗ੍ਰਿਫ਼ਤਾਰ

 ਵਾਸ਼ਿੰਗਟਨ : ਅਮਰੀਕਾ ਦੇ ਅਰਕੰਸਾਸ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਪੁਲਿਸ ਨੇ ਭਾਰਤੀ ਮੂਲ ਦੇ ਵਿਅਕਤੀ ਕਪਿਲ ਰਘੂ ਨੂੰ ਅਫੀਮ ਦੇ ਲੇਬਲ ਵਾਲਾ ਪਰਫਿਊਮ ਵੇਚਣ ਦੇ ਆਰੋਪ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ ਜਦਕਿ ਰਘੂ ਨੇ ਅਮਰੀਕੀ ਵੀਜ਼ਾ ਬਹਾਲ ਕਰਨ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਮਾਮਲਾ ਮਈ ਦਾ ਹੈ ਜਦੋਂ ਪੁਲਿਸ ਨੂੰ ਇਕ ਟ੍ਰੈਫਿਕ ਚੈਕਿੰਗ ਦੌਰਾਨ ਕਪਿਲ ਦੀ ਕਾਰ ਤੋਂ ਅਫ਼ੀਮ ਦੇ ਲੇਬਲ ਵਾਲੀ ਇਕ ਛੋਟੀ ਜਿਹੀ ਬੋਤਲ ਬਰਾਮਦ ਹੋਈ। ਪੁਲਿਸ ਨੇ ਸਮਝਿਆ ਕਿ ਉਹ ਅਫ਼ੀਮ ਵੇਚ ਰਿਹਾ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਜਦਕਿ ਕਪਿਲ ਵਾਰ-ਵਾਰ ੳਨ੍ਹਾਂ ਨੂੰ ਬੋਲਦਾ ਰਿਹਾ ਕਿ ਉਹ ਅਫ਼ੀਮ ਨਹੀਂ ਵੇਚ ਰਿਹਾ ਬਲਕਿ ਉਹ ਇਕ ਡਿਜ਼ਾਇਨਰ ਪਰਫਿਊਮ ਬੋਤਲ ਵੇਚ ਰਿਹਾ ਹੈ।
ਅਰਕੰਸਾਸ ਸਟੇਟ ਕ੍ਰਾਈਮ ਲੈਬ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਬੋਤਲ ਵਿੱਚ ਅਫੀਮ ਨਹੀਂ, ਸਗੋਂ ਪਰਫਿਊਮ ਸੀ। ਇਸ ਦੇ ਬਾਵਜੂਦ ਵੀ ਰਘੂ ਨੂੰ ਤਿੰਨ ਦਿਨ ਜੇਲ੍ਹ ਵਿੱਚ ਗੁਜਾਰਨੇ ਪਏ। ਇਸ ਸਮੇਂ ਦੌਰਾਨ ਅਧਿਕਾਰੀਆਂ ਨੇ ਵੀਜ਼ਾ ਖਤਮ ਹੋਣ ਦਾ ਦਾਅਵਾ ਕੀਤਾ, ਜਿਸਨੂੰ ਉਸਦੇ ਵਕੀਲ ਨੇ ਇੱਕ ਪ੍ਰਸ਼ਾਸਕੀ ਗਲਤੀ ਦੱਸਿਆ। ਗ੍ਰਿਫਤਾਰੀ ਤੋਂ ਬਾਅਦ ਰਘੂ ਨੂੰ ਲੁਸੀਆਨਾ ਦੇ ਇੱਕ ਸੰਘੀ ਇਮੀਗ੍ਰੇਸ਼ਨ ਕੇਂਦਰ ਭੇਜਿਆ ਗਿਆ, ਜਿੱਥੇ ਉਸ ਨੂੰ 30 ਦਿਨ ਹਿਰਾਸਤ ਵਿੱਚ ਰੱਖਿਆ ਗਿਆ। 20 ਮਈ ਨੂੰ ਨਸ਼ੀਲੇ ਪਦਾਰਥਾਂ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਗਿਆ ਸੀ, ਪਰ ਉਸਦੀ ਨਜ਼ਰਬੰਦੀ ਦੌਰਾਨ ਉਸਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਸੀ, ਜਿਸ ਨਾਲ ਕਪਿਲ ਰਘੂ &rsquoਤੇ ਦੇਸ਼ ਨਿਕਾਲੇ ਦਾ ਖਤਰਾ ਵਧ ਗਿਆ ਹੈ।
ਰਘੂ ਦੇ ਵਕੀਲ ਦੇ ਅਨੁਸਾਰ ਰਘੂ ਨੂੰ ਦੇਸ਼ ਨਿਕਾਲੇਯੋਗ ਐਲਾਨ ਕਰ ਦਿੱਤਾ ਗਿਆ ਹੈ, ਭਾਵ ਉਸ ਨੂੰ ਕਿਸੇ ਵੀ ਛੋਟੇ ਅਪਰਾਧ ਜਾਂ ਉਲੰਘਣਾ ਲਈ ਦੇਸ਼ ਛੱਡਣ ਲਈ ਮਜਬੂਰ ਕੀਤਾ ਜਾ ਸਕਦਾ ਹੈ। ਜਿਸ ਕਾਰਨ ਉਸ ਨੂੰ ਨੌਕਰੀ ਕਰਨ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਔਖਾ ਹੋ ਸਕਦਾ ਹੈ।