ਹਰਿਆਣਾ ਕਮੇਟੀ ਦੇ 17 ਮੈਂਬਰਾਂ ਨੇ ਪ੍ਰਧਾਨ ਝੀਂਡਾ ਤੋਂ ਸਮਰਥਨ ਲਿਆ ਵਾਪਸ

 ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 17 ਮੈਂਬਰਾਂ ਨੇ ਕਮੇਟੀ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਤੋਂ ਅੱਜ ਆਪਣਾ ਸਮਰਥਨ ਵਾਪਸ ਲੈ ਲਿਆ ਹੈ। ਜ਼ਿਕਰਯੋਗ ਹੈ ਕੇ ਹਰਿਆਣਾ ਕਮੇਟੀ 49 ਮੈਂਬਰੀ ਜਨਰਲ ਹਾਊਸ ਵਿੱਚੋਂ 29 ਮੈਂਬਰਾਂ ਨੇ ਝੀਂਡਾ ਨੂੰ ਪ੍ਰਧਾਨ ਚੁਣਿਆ ਸੀ ਜਦਕਿ 18 ਮੈਂਬਰ ਵਾਕਆਊਟ ਕਰ ਗਏ ਸਨ ਅਤੇ 2 ਮੈਂਬਰ ਗੈਰ ਹਾਜ਼ਰ ਰਹੇ ਸਨ।
ਕਮੇਟੀ ਦੇ ਮੀਤ ਪ੍ਰਧਾਨ ਗੁਰਬੀਰ ਸਿੰਘ ਤਲਾਕੌਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕੇ ਅੱਜ ਕਮੇਟੀ ਦੇ ਮੁੱਖ ਦਫਤਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ &rsquoਚ ਇੱਕ ਵਿਸ਼ੇਸ਼ ਇਕੱਤਰਤਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਰਾਮਸਰ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਹਾਜ਼ਰ 17 ਮੈਂਬਰਾਂ ਨੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦੀ ਕਥਿਤ ਗਲਤ ਕਾਰਗੁਜ਼ਾਰੀ ਤੇ ਆਪਹੁਦਰੀਆਂ ਕਾਰਨ ਆਪਣਾ ਸਮਰਥਨ ਵਾਪਸ ਲੈਣ ਦਾ ਐਲਾਨ ਕੀਤਾ ਹੈ। ਮੀਤ ਪ੍ਰਧਾਨ ਨੇ ਦੱਸਿਆ ਕੇ ਜਗਦੀਸ਼ ਸਿੰਘ ਝੀਂਡਾ ਨੂੰ ਪ੍ਰਧਾਨ ਬਣਾਉਣ ਵਾਲੇ 29 ਮੈਂਬਰਾਂ ਵਿੱਚੋਂ 17 ਮੈਂਬਰ ਦੇ ਹਮਾਇਤ ਵਾਪਸ ਲੈਣ ਕਾਰਨ ਪ੍ਰਧਾਨ ਝੀਂਡਾ ਕੋਲ ਪ੍ਰਧਾਨਗੀ ਦੇ ਅਹੁਦੇ ਲਈ ਭਰੋਸੇ ਦਾ ਵੋਟ ਹਾਸਲ ਨਹੀਂ ਹੈ। ਇਸ ਲਈ ਪ੍ਰਧਾਨ ਝੀਂਡਾ ਨੂੰ ਨੈਤਿਕਤਾ ਦੇ ਆਧਾਰ &rsquoਤੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਜਾਂ ਜਨਰਲ ਹਾਊਸ ਸੱਦ ਕੇ ਆਪਣਾ ਫਲੋਰ ਟੈਸਟ ਦਿੰਦਿਆਂ ਬਹੁਮਤ ਸਾਬਤ ਕਰਨਾ ਚਾਹੀਦਾ ਹੈ।