ਅਖੰਡ ਕੀਰਤਨੀ ਜੱਥੇ ਵਲੋਂ ਦਿੱਲੀ ਵਿਖ਼ੇ ਸਾਲਾਨਾ ਸਮਾਗਮ ਚੜ੍ਹਦੀਕਲਾ ਨਾਲ ਸੰਪੂਰਨ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਅਖੰਡ ਕੀਰਤਨੀ ਜੱਥਾ (ਦਿੱਲੀ) ਦਾ ਸਾਲਾਨਾ ਅਖੰਡ ਕੀਰਤਨ ਸਮਾਗਮ ਚੜ੍ਹਦੀਕਲਾ ਨਾਲ ਸਮਾਪਤ ਹੋਇਆ । ਜਿਕਰਯੋਗ ਹੈ ਕਿ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੁਸਹਿਰੇ ਦੀਆਂ ਛੁਟੀਆਂ ਵਿਚ ਦਿੱਲੀ ਸੰਗਤਾਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜਨ ਲਈ ਦਿੱਲੀ ਦੇ ਵੱਖ ਵੱਖ ਇਤਿਹਾਸਿਕ ਗੁਰਦੁਆਰਿਆਂ ਅੰਦਰ ਕੀਰਤਨੀ ਅਖਾੜੇ ਸਜਾਂਦੇ ਹੁੰਦੇ ਸਨ । ਇਸ ਵਾਰ ਵੀਂ ਇਹ ਸਮਾਗਮ 1 ਅਕਤੂਬਰ ਤੋਂ ਲੈ ਕੇ 5 ਅਕਤੂਬਰ ਤਕ ਚਲਿਆ ਸੀ । ਬਾਹਰੋਂ ਆਣ ਵਾਲੀਆਂ ਸੰਗਤਾਂ ਦੀ ਰਿਹਾਇਸ਼ ਅਤੇ ਲੰਗਰ ਦਾ ਇੰਤਜਾਮ ਖਾਲਸਾ ਸਕੂਲ ਦੇਵ ਨਗਰ ਵਿਖੇ ਹੋਇਆ ਸੀ । ਸਮਾਗਮ ਅੰਦਰ ਦੇਸ਼ ਵਿਦੇਸ਼ ਤੋਂ ਸੰਗਤਾਂ ਅਤੇ ਕੀਰਤਨੀਆਂ ਨੇ ਹਾਜ਼ਿਰੀ ਭਰੀ ਸੀ । ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਨਾਨਕ ਪਿਆਓ ਸਾਹਿਬ, ਗੁਰਦੁਆਰਾ ਸਿੰਘ ਸਭਾ ਕਰੋਲ ਬਾਗ਼ ਵਿਖੇ ਸਵੇਰੇ ਅਤੇ ਸ਼ਾਮ ਨੂੰ ਕੀਰਤਨੀ ਦਿਵਾਨ ਸਜਾਏ ਗਏ ਸਨ । ਸਮਾਗਮ ਦੀ ਸਮਾਪਤੀ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਕੀਰਤਨ ਰੈਣ ਸਬਾਈ ਨਾਲ ਹੋਈ ਸੀ ਜਿਸ ਵਿਚ ਬਹੁਤ ਵੱਡੀ ਗਿਣਤੀ ਅੰਦਰ ਸੰਗਤਾਂ ਨੇ ਹਾਜ਼ਿਰੀ ਭਰ ਕੇ ਗੁਰੂ ਜਸ ਦਾ ਲਾਹਾ ਲਿਆ ਸੀ । ਸਾਲਾਨਾ ਸਮਾਗਮ ਵਿਚ ਪੰਜਾਬ ਅੰਦਰ ਆਈ ਭਿਆਨਕ ਹੜ ਨੂੰ ਦੇਖਦਿਆਂ ਪ੍ਰਬੰਧਕਾਂ ਵਲੋਂ ਸਾਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ ਜਿਸ ਵਿਚ ਸੰਗਤਾਂ ਵਲੋਂ ਭਰਵਾਂ ਸਾਹਿਯੋਗ ਦਿੱਤਾ ਗਿਆ ਸੀ । ਦੇਵ ਨਗਰ ਵਿਖ਼ੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਵਿਸ਼ੇਸ਼ ਗੁਰਬਾਣੀ ਪ੍ਰਤੀਯੋਗਿਤਾ ਕਰਵਾਈ ਗਈ ਸੀ ਜਿਸ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਵੱਖ ਵੱਖ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਸੀ। ਸਮਾਗਮ ਦੌਰਾਨ ਦੇਖਣ ਨੂੰ ਮਿਲਿਆ ਕਿ ਕੁਝ ਸਿੰਘ ਜੋ ਦੇਗ ਦੀ ਸੇਵਾ ਕਰ ਰਹੇ ਸਨ ਓਹ ਆਪਣੇ ਨਾਲ ਵਡੀ ਗਿਣਤੀ ਵਿਚ ਸਿੰਘਾਂ ਨੂੰ ਨਾਲ ਲੈ ਕੇ ਵਿਚਰਦੇ ਰਹੇ ਪਰ ਲੰਗਰ ਦੀ ਸੇਵਾ ਵਿਚ ਜਿੱਥੇ ਸੇਵਾਦਾਰਾਂ ਦੀ ਸਖ਼ਤ ਲੋੜ ਸੀ ਓਸ ਪਾਸਿਓਂ ਮੂੰਹ ਮੋੜ ਕੇ ਘੁੰਮਣ ਵਿਚ ਮਸ਼ਰੂਫ ਰਹੇ ਸਨ ਜਿਸ ਬਾਰੇ ਸੰਗਤਾਂ ਵਿਚ ਇਹ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ । ਸਮਾਗਮ ਦੀ ਸਮਾਪਤੀ ਤੇ ਪ੍ਰਬੰਧਕਾਂ ਵਲੋਂ ਦੇਸ਼ ਵਿਦੇਸ਼ ਤੋਂ ਹਾਜ਼ਿਰੀ ਭਰਣ ਵਾਲੀ ਸੰਗਤਾਂ, ਕੀਰਤਨੀ ਸਿੰਘ ਸਿੰਘਣੀਆਂ, ਭੁਜੰਗੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਸਮਾਗਮ ਦੌਰਾਨ ਕਿਸੇ ਕਿਸਮ ਦੀ ਤਰੁਟੀ ਰਹਿਣ ਦੇ ਖਿਮਾ ਜਾਚਨਾ ਕੀਤੀ ਗਈ ।