ਸ਼ਹੀਦ ਅਮਰ ਸਿੰਘ ਅੱਚਰਵਾਲ ਦੀ ਧੀ ਦਾ ਦੇਸ਼ ਭਗਤਾਂ ਕੀਤਾ ਸਨਮਾਨ

ਜਲੰਧਰ : ਕਮਿਊਨਿਸਟ ਇਨਕਲਾਬੀ ਲਹਿਰ ਦੇ ਗਲ ਗੂਠਾ ਦੇਣ ਲਈ ਜਦੋਂ ਮੁਲਕ ਦੇ ਹੋਰਨਾਂ ਖਿੱਤਿਆਂ ਵਾਂਗ ਪੰਜਾਬ ਅੰਦਰ ਵੀ ਝੂਠੇ ਪੁਲਸ ਮੁਕਾਬਲਿਆਂ ਦੀ ਹਨੇਰੀ ਵਗਾਈ ਗਈ ਉਸ ਮੌਕੇ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਅੱਚਰਵਾਲ ਪ੍ਰਮੁੱਖ ਸੁਰਖ਼ੀਆਂ ਵਿੱਚ ਰਿਹਾ। ਇਸ ਨਗਰ ਦੇ ਲੋਕਾਂ ਅਤੇ ਵਿਸ਼ੇਸ਼ ਕਰਕੇ ਅਮਰ ਸਿੰਘ ਅੱਚਰਵਾਲ ਨੇ ਇਸ ਪਿੰਡ ਦੀ ਕੂਕਾ ਲਹਿਰ, ਗ਼ਦਰ ਲਹਿਰ ਅਤੇ ਸਮੇਂ-ਸਮੇਂ ਲੋਕ ਹਿੱਤਾਂ ਲਈ ਲੱਗੇ ਮੋਰਚਿਆਂ ਵਿੱਚ ਆਪਣੀ ਵਿਲੱਖਣ ਪਹਿਚਾਣ ਅਤੇ ਵਿਰਾਸਤ ਦਾ ਵਰਕਾ ਲਿਖਣ ਦੀ ਸ਼ਾਨਾਮੱਤੀ ਰਵਾਇਤ ਨੂੰ ਉਚਿਆਉਣ ਦੀ ਗੌਰਵਸ਼ਾਲੀ ਭੂਮਿਕਾ ਅਦਾ ਕੀਤੀ।
ਉਸ ਵੇਲੇ ਅਮਰ ਸਿੰਘ ਅੱਚਰਵਾਲ ਦੇ ਪਰਿਵਾਰ ਅਤੇ ਨਿੱਕੜੀ ਉਮਰ ਦੀਆਂ ਧੀਆਂ ਨੇ ਬੇਤਹਾਸ਼ਾ ਕਹਿਰ ਭਰੇ ਝੱਖੜਾਂ ਦੇ ਮੌਸਮ ਪਿੰਡਿਆਂ &rsquoਤੇ ਝੱਲੇ। ਅੱਜ ਸ਼ਹੀਦ ਅਮਰ ਸਿੰਘ ਅੱਚਰਵਾਲ ਦੀ ਧੀ ਹਰਬੰਸ ਕੌਰ ਦਾ ਦੇਸ਼ ਭਗਤ ਯਾਦਗਾਰ ਹਾਲ ਪੁੱਜਣ, ਲਾਇਬ੍ਰੇਰੀ ਅਤੇ ਮਿਊਜ਼ੀਅਮ ਆਦਿ ਦੇਖਣ ਉਪਰੰਤ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਕਮੇਟੀ ਦੇ ਸੀਨੀਅਰ ਮੈਂਬਰ ਸੁਰਿੰਦਰ ਕੁਮਾਰੀ ਕੋਛੜ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਮੇਟੀ ਦੀ ਤਰਫ਼ੋਂ ਕਿਤਾਬਾਂ ਭੇਂਟ ਕਰਕੇ ਹਾਰਦਿਕ ਸਨਮਾਨ ਕੀਤਾ। ਚੇਤੇ ਰਹੇ ਕਿ ਸ਼ਹੀਦ ਅਮਰ ਸਿੰਘ ਅੱਚਰਵਾਲ ਅਤੇ ਸੁਰਿੰਦਰ ਕੁਮਾਰੀ ਕੋਛੜ ਦੇ ਪਿਤਾ ਕਾਮਰੇਡ ਗੰਧਰਵ ਸੈਨ ਕੋਛੜ ਕਮਿਊਨਿਸਟ ਇਨਕਲਾਬੀ ਲਹਿਰ ਦੇ ਸੰਗੀ ਸਾਥੀ ਸਨ। ਅੱਜ ਦੋਵੇਂ ਸ਼ਖਸੀਅਤਾਂ ਦੀਆਂ ਧੀਆਂ ਹਰਬੰਸ ਕੌਰ ਅਤੇ ਸੁਰਿੰਦਰ ਕੁਮਾਰੀ ਕੋਛੜ ਨੇ ਇਤਿਹਾਸਕ ਯਾਦਾਂ ਸਾਂਝੀਆਂ ਕੀਤੀਆਂ। ਭੈਣ ਹਰਬੰਸ ਕੌਰ ਗੋਸਲ ਦੇ ਨਾਲ ਮਨਦੀਪ ਸਿੰਘ ਗੋਸਲ ਵੀ ਇਸ ਸਨਮਾਨ ਦੀ ਰਸਮ ਮੌਕੇ ਸ਼ਾਮਲ ਸਨ। ਉਹਨਾਂ ਕਿਹਾ ਕਿ ਉਹ ਹਰ ਸਾਲ ਦੀ ਤਰ੍ਹਾਂ ਗ਼ਦਰੀ ਬਾਬਿਆਂ ਦੇ ਮੇਲੇ ਦੀ ਸਫ਼ਲਤਾ ਲਈ ਪੂਰਨ ਸਹਿਯੋਗ ਦੇਣਗੇ ਅਤੇ ਪਰਿਵਾਰਾਂ ਸਮੇਤ ਮੇਲੇ &rsquoਚ ਸ਼ਾਮਲ ਹੋਣਗੇ।
ਵੱਲੋਂ: ਅਮੋਲਕ ਸਿੰਘ
ਕਨਵੀਨਰ, ਸਭਿਆਚਾਰਕ