350 ਸਾਲਾਂ ਸ਼ਤਾਬਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਜੈਕਾਰਿਆਂ ਦੀ ਗੂੰਜ ਨਾਲ ਆਰੰਭ ਹੋਇਆ ਬੱਚਿਆਂ ਦਾ ਗੁਰਮਤਿ ਟ੍ਰੇਨਿੰਗ ਕੈਂਪ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਸਮੁੱਚੀ ਮਾਨਵਤਾ ਦੀ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੇ ਹੱਕਾਂ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਮਹਾਨ ਗੁਰਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀਆਂ ਮਹਾਨ ਸ਼ਹਾਦਤਾਂ ਦੇ 350 ਸਾਲਾਂ ਸ਼ਤਾਬਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਵਿਖੇ ਬੱਚਿਆਂ ਦੇ ਗੁਰਮਤਿ ਸਿਖਲਾਈ ਕੈਂਪ ਦੀ ਆਰੰਭਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਅਰਦਾਸ ਅਤੇ ਹੁਕਮਨਾਮੇ ਦੇ ਨਾਲ ਹੋਈ। ਆਰੰਭਤਾ ਵਿੱਚ ਮੀਤ ਪ੍ਰਧਾਨ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਗੁਰਮਤਿ ਕੈਂਪ ਬਾਰੇ ਜਾਣਕਾਰੀ ਸਾਂਝੀ ਕੀਤੀ ਕਿ ਇਹ ਕੈਂਪ ਪੰਥ ਦੇ ਵਿਦਵਾਨ ਪ੍ਰਚਾਰਕ ਭਾਈ ਗੁਰਭੇਜ ਸਿੰਘ ਜੀ ਅਨੰਦਪੁਰੀ ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬਾਨ ਭਾਈ ਚਮਕੌਰ ਸਿੰਘ ਸਭਰਾ, ਭਾਈ ਗੁਰਨਿਸ਼ਾਨ ਸਿੰਘ ਪੱਟੀ , ਭਾਈ ਲਖਬੀਰ ਸਿੰਘ ਜੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ । ਇਸ ਮੌਕੇ ਭਾਈ ਹੀਰਾ ਸਿੰਘ ਮੱਤੇਵਾਲ ਸਟੇਜ ਸਕੱਤਰ, ਮੁੱਖ ਸੇਵਾਦਾਰ ਭਾਈ ਅਨੂਪ ਸਿੰਘ ਨੇ ਕੈਂਪ ਬਾਰੇ ਵੀਚਾਰਾਂ ਦੀ ਸਾਂਝ ਪਾਈ ਤੇ ਸੰਗਤਾਂ ਨੂੰ ਵੱਧ ਤੋਂ ਵੱਧ ਬੱਚਿਆਂ ਨੂੰ ਕੈਂਪ ਵਿੱਚ ਲੈਕੇ ਆਉਣ ਦੀ ਬੇਨਤੀ ਕੀਤੀ । ਇਸ ਕੈਂਪ ਵਿੱਚ ਭਾਈ ਗੁਰਭੇਜ ਸਿੰਘ ਅਨੰਦਪੁਰੀ ਨੇ ਕੈਂਪ ਬਾਰੇ ਬੱਚਿਆਂ ਨਾਲ ਵੀਚਾਰ ਸਾਂਝੇ ਕੀਤੇ । ਸਟੇਜ ਸੈਕਟਰੀ ਭਾਈ ਹੀਰਾ ਸਿੰਘ ਜੀ ਨੇ ਦੱਸਿਆ ਕਿ ਇਸ ਕੈਂਪ ਵਿਚ ਸ਼ਾਮ ਦੇ ਵਕਤ ਭਾਈ ਗੁਰਤੇਜ ਸਿੰਘ ਵਲੋਂ ਗੱਤਕਾ ਕਲਾਸ ਵੀ ਲਗਾਈ ਜਾਵੇਗੀ। ਕੈਂਪ ਦਾ ਮੁੱਖ ਉਦੇਸ਼ ਬੱਚਿਆਂ ਨੂੰ ਗੁਰਬਾਣੀ ਸਿੱਖ ਇਤਿਹਾਸ ,ਸਿੱਖ ਰਹਿਤ ਮਰਿਆਦਾ ਅਤੇ ਆਪਣੇ ਗੌਰਵਮਈ ਵਿਰਸੇ ਨਾਲ ਜੋੜਨਾ ਅਤੇ ਸ਼ਤਾਬਦੀ ਨੂੰ ਸਹੀ ਢੰਗ ਨਾਲ ਮਨਾਉਣਾ ਹੋਵੇਗਾ।