ਬਿਨਾ ਡੀਲ ਤੋਂ ਕਾਰਨੀ ਵਾਸਿæੰਗਟਨ ਤੋਂ ਪਰਤੇ

 ਵ੍ਹਾਈਟ ਹਾਊਸ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦਰਮਿਆਨ ਮੀਟਿੰਗ ਢਾਈ ਘੰਟੇ ਚੱਲੀ।ਮੀਟਿੰਗ ਦੌਰਾਨ ਇੱਕ ਵਾਰੀ ਫਿਰ ਟਰੰਪ ਨੇ ਕੈਨੇਡਾ ਉੱਤੇ ਧੱਕੇ ਨਾਲ ਕਬਜਾ ਕਰਨ ਦਾ ਹਿੰਟ ਦਿੱਤਾ।
ਮਈ ਤੋਂ ਬਾਅਦ ਕਾਰਨੀ ਤੇ ਟਰੰਪ ਦਰਮਿਆਨ ਇਹ ਦੂਜੀ ਉੱਚ ਪੱਧਰੀ ਮੀਟਿੰਗ ਸੀ। ਭਾਵੇਂ ਨਿਜੀ ਤੌਰ ਉੱਤੇ ਦੋਵਾਂ ਆਗੂਆਂ ਦਰਮਿਆਨ ਇਹ ਦੂਜੀ ਮੀਟਿੰਗ ਸੀ ਪਰ ਉਹ ਦੋਵੇਂ ਨਵੀਂ ਆਰਥਿਕ ਤੇ ਸਕਿਊਰਿਟੀ ਡੀਲ ਦੇ ਸਬੰਧ ਵਿੱਚ ਅਕਸਰ ਇੱਕ ਦੂਜੇ ਨਾਲ ਸੰਪਰਕ ਵਿੱਚ ਰਹਿ ਰਹੇ ਹਨ। ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ ਉੱਤੇ ਕਿ ਕੀ ਕੋਈ ਡੀਲ ਸਿਰੇ ਚੜ੍ਹੇਗੀ ਤਾਂ ਟਰੰਪ ਨੇ ਆਖਿਆ ਸੀ ਕਿ ਮੀਟਿੰਗ ਨੂੰ ਲੈ ਕੇ ਉਨ੍ਹਾਂ ਦਾ ਰੁਖ ਸਕਾਰਾਤਮਕ ਹੈ ਤੇ ਮੀਟਿੰਗ ਦੇ ਚੰਗੇ ਨਤੀਜੇ ਨਿਕਲਣਗੇ।ਕਾਰਨੀ ਬਾਰੇ ਗੱਲ ਕਰਦਿਆਂ ਟਰੰਪ ਨੇ ਆਖਿਆ ਕਿ ਉਹ ਮੁਕਾਬਲੇਬਾਜ਼ੀ ਦੀ ਗੱਲ ਕਰਦੇ ਹਨ ਤੇ ਕਾਰਨੀ ਵਿੱਚ ਮੁਕਾਬਲੇ ਦੀ ਭਾਵਨਾ ਕੁੱਟ ਕੁੱਟ ਕੇ ਭਰੀ ਹੈ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਨੇਡਾ ਦੇ ਟਰੇਡ ਮੰਤਰੀ ਡੌਮੀਨਿਕ ਲੀਬਲਾਂਕ ਨੇ ਇਸ ਮੁਲਾਕਾਤ ਨੂੰ ਸਫਲ, ਸਕਾਰਾਤਮਕ ਤੇ ਪ੍ਰਭਾਵਸ਼ਾਲੀ ਦੱਸਿਆ।ਉਨ੍ਹਾਂ ਆਖਿਆ ਕਿ ਕੈਨੇਡੀਅਨ ਵਫਦ ਇਹੋ ਭਾਵਨਾ ਲੈ ਕੇ ਜਾ ਰਿਹਾ ਹੈ ਕਿ ਟਰੰਪ ਪ੍ਰਸ਼ਾਸਨ ਸਟੀਲ ਤੇ ਐਲੂਮੀਨੀਅਮ ਬਾਰੇ ਕੁੱਝ ਉਸਾਰੂ ਕਦਮ ਚੁੱਕਣ ਲਈ ਤਿਆਰ ਹੈ ਜਿਸ ਨਾਲ ਦੋਵਾਂ ਦੇਸ਼ਾਂ ਦੇ ਆਰਥਿਕ ਤੇ ਸਕਿਊਰਿਟੀ ਸਬੰਧੀ ਹਿਤਾਂ ਦੀ ਰਾਖੀ ਹੋਵੇਗੀ।
ਕਾਰਨੀ ਨਾਲ ਇਸ ਦੌਰੇ ਉੱਤੇ ਲੀਬਲਾਂਕ ਸਮੇਤ ਵਿਦੇਸ਼ ਮੰਤਰੀ ਅਨੀਤਾ ਆਨੰਦ, ਇੰਡਸਟਰੀ ਮੰਤਰੀ ਮਿਲੇਨੀ ਜੌਲੀ, ਕੁਦਰਤੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਟਿੰਮ ਹੌਜਸਨ ਤੇ ਅਮਰੀਕਾ ਲਈ ਕੈਨੇਡਾ ਦੇ ਰਾਜਦੂਤ ਕਰਸਟਿਨ ਹਿੱਲਮੈਨ ਸ਼ਾਮਲ ਸਨ।