ਅਮਰੀਕੀ ਫੌਜ ਦੀ ਦਾੜ੍ਹੀ ਪਾਬੰਦੀ - ਸਿੱਖ ਪਛਾਣ ਤੇ ਹਮਲਾ ਅਤੇ ਧਾਰਮਿਕ ਅਧਿਕਾਰਾਂ ਦੀ ਉਲੰਘਣਾ

ਅਮਰੀਕੀ ਰੱਖਿਆ ਵਿਭਾਗ (ਪੈਂਟਾਗਨ) ਵੱਲੋਂ 30 ਸਤੰਬਰ 2025 ਨੂੰ ਜਾਰੀ ਕੀਤੇ ਗਏ ਨਵੇਂ ਨਿਰਦੇਸ਼, ਜਿਸ ਨੇ ਫੌਜ ਵਿੱਚ ਦਾੜ੍ਹੀਆਂ ਅਤੇ ਧਾਰਮਿਕ ਪਛਾਣ ਦੇ ਪ੍ਰਤੀਕਾਂ ਤੇ ਪਾਬੰਦੀ ਲਗਾ ਦਿੱਤੀ, ਨੇ ਸਿੱਖ ਭਾਈਚਾਰੇ ਦੇ ਦਿਲਾਂ ਵਿੱਚ ਡੂੰਘੀ ਠੇਸ ਪਹੁੰਚਾਈ ਹੈ| ਇਹ ਨੀਤੀ ਸਿਰਫ਼ ਸਿੱਖਾਂ ਲਈ ਹੀ ਨਹੀਂ, ਸਗੋਂ ਮੁਸਲਮਾਨਾਂ, ਯਹੂਦੀਆਂ ਅਤੇ ਹੋਰ ਧਾਰਮਿਕ ਘੱਟ-ਗਿਣਤੀਆਂ ਲਈ ਵੀ ਚੁਣੌਤੀ ਬਣੀ ਹੈ, ਜਿਨ੍ਹਾਂ ਲਈ ਦਾੜ੍ਹੀ ਅਤੇ ਕੇਸ ਧਰਮ ਦਾ ਅਟੁੱਟ ਅੰਗ ਹਨ| ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਵੈਸਾਖੀ ਦੇ ਦਿਨ ਖਾਲਸਾ ਪੰਥ ਦੀ ਸਥਾਪਨਾ ਕਰਦਿਆਂ ਪੰਜ ਕਕਾਰਾਂ (ਕੇਸ, ਕੰਘਾ, ਕੜਾ, ਕਿਰਪਾਨ, ਕਛਹਿਰਾ) ਨੂੰ ਸਿੱਖ ਪਛਾਣ ਦਾ ਮੁੱਢ ਬਣਾਇਆ|
ਅਮਰੀਕੀ ਫੌਜ ਦੀ ਇਸ ਨਵੀਂ ਨੀਤੀ ਨੇ ਸਿੱਖ ਸਿਪਾਹੀਆਂ ਨੂੰ ਇੱਕ ਅਜਿਹੇ ਦੋਰਾਹੇ ਤੇ ਲਿਆ ਖੜ੍ਹਾ ਕੀਤਾ ਹੈ, ਜਿੱਥੇ ਉਨ੍ਹਾਂ ਨੂੰ ਆਪਣੇ ਧਰਮ ਅਤੇ ਕਰੀਅਰ ਵਿੱਚੋਂ ਇੱਕ ਚੁਣਨਾ ਪਵੇਗਾ| ਇਹ ਨੀਤੀ ਨਾ ਸਿਰਫ਼ ਸਿੱਖ ਰਹਿਤ ਮਰਿਆਦਾ ਦੇ ਵਿਰੁੱਧ ਹੈ, ਸਗੋਂ ਅਮਰੀਕਾ ਦੇ ਲੋਕਤੰਤਰੀ ਸਿਧਾਂਤਾਂ, ਖਾਸ ਕਰਕੇ ਧਾਰਮਿਕ ਆਜ਼ਾਦੀ ਦੀ ਗਰੰਟੀ, ਨੂੰ ਵੀ ਚੁਣੌਤੀ ਦਿੰਦੀ ਹੈ| ਰੱਖਿਆ ਸਕੱਤਰ ਪੀਟ ਹੈਗਸੈਥ ਦਾ 30 ਸਤੰਬਰ ਨੂੰ ਮੈਰੀਨ ਕੋਰਪਸ ਬੇਸ ਕੁਆਂਟੀਕੋ ਵਿੱਚ ਦਿੱਤਾ ਗਿਆ ਭਾਸ਼ਣ, ਜਿਸ ਵਿੱਚ ਉਨ੍ਹਾਂ ਨੇ ਕਿਹਾ, ਜੇ ਤੁਸੀਂ ਦਾੜ੍ਹੀ ਰੱਖਣੀ ਏ ਤਾਂ ਸਪੈਸ਼ਲ ਫੋਰਸਿਜ਼ ਵਿੱਚ ਜਾਓ, ਨਹੀਂ ਤਾਂ ਮੁੰਡਵਾ ਲਓ|
ਇਸ ਭਾਸ਼ਣ ਦੇ ਘੰਟਿਆਂ ਬਾਅਦ ਜਾਰੀ ਹੋਏ ਪੈਂਟਾਗਨ ਦੇ ਮੈਮੋ ਫੇਸ਼ੀਅਲ ਹੇਅਰ ਗ੍ਰੂਮਿੰਗ ਸਟੈਂਡਰਡਜ਼ ਨੇ ਸਾਰੀਆਂ ਫੌਜੀ ਬਰਾਂਚਾਂ ਨੂੰ 2010 ਤੋਂ ਪਹਿਲਾਂ ਵਾਲੇ ਸਖ਼ਤ ਮਾਪਦੰਡ ਅਪਣਾਉਣ ਦਾ ਹੁਕਮ ਦਿੱਤਾ| ਇਸ ਅਨੁਸਾਰ, ਧਾਰਮਿਕ ਜਾਂ ਮੈਡੀਕਲ ਕਾਰਨਾਂ ਕਰਕੇ ਦਾੜ੍ਹੀ ਵਾਲੀ ਛੋਟ ਹੁਣ ਨਹੀਂ ਦਿੱਤੀ ਜਾਵੇਗੀ|  ਇਹ ਨੀਤੀ 60 ਦਿਨਾਂ ਵਿੱਚ ਯੋਜਨਾ ਤਿਆਰ ਕਰਕੇ 90 ਦਿਨਾਂ ਵਿੱਚ ਪੂਰੀ ਤਰ੍ਹਾਂ ਲਾਗੂ ਕਰਨ ਦੀ ਗੱਲ ਕਰਦੀ ਹੈ|
ਇਹ ਪਾਬੰਦੀ ਸਿੱਖ ਸਿਪਾਹੀਆਂ ਲਈ ਖਾਸ ਤੌਰ ਤੇ ਸੰਕਟ ਹੈ|  ਅਮਰੀਕੀ ਫੌਜ ਦੀ ਇਸ ਨੀਤੀ ਨੇ ਸਿੱਖ ਸਿਪਾਹੀਆਂ ਨੂੰ ਇੱਕ ਅਸੰਭਵ ਚੋਣ ਸਾਹਮਣੇ ਲਿਆ ਖੜ੍ਹਾ ਕੀਤਾ ਹੈ - ਜਾਂ ਤਾਂ ਉਹ ਆਪਣੀ ਧਾਰਮਿਕ ਪਛਾਣ ਨੂੰ ਤਿਆਗ ਦੇਣ ਜਾਂ ਫੌਜੀ ਸੇਵਾ ਨੂੰ|
ਸਿੱਖਾਂ ਦਾ ਅਮਰੀਕੀ ਫੌਜ ਵਿੱਚ ਸੇਵਾ ਦਾ ਇਤਿਹਾਸ ਬਹੁਤ ਪੁਰਾਣਾ ਹੈ| 1917 ਵਿੱਚ ਭਗਤ ਸਿੰਘ ਥਿੰਦ ਪਹਿਲੇ ਸਿੱਖ ਸਨ, ਜਿਨ੍ਹਾਂ ਨੂੰ ਟਰਬਨ ਪਹਿਨਣ ਦੀ ਇਜਾਜ਼ਤ ਮਿਲੀ| 2010 ਵਿੱਚ ਕੈਪਟਨ ਸਿਮਰਨ ਪ੍ਰੀਤ ਸਿੰਘ ਲਾਂਬਾ ਅਤੇ ਮੇਜਰ ਕਮਲਜੀਤ ਸਿੰਘ ਕਲਸੀ ਨੂੰ ਧਾਰਮਿਕ ਛੋਟ ਮਿਲੀ, ਜਿਸ ਨੇ ਸਿੱਖਾਂ ਲਈ ਪੱਗ ਅਤੇ ਦਾੜ੍ਹੀ ਨਾਲ ਸੇਵਾ ਨਿਭਾਉਣ ਦਾ ਰਾਹ ਖੋਲ੍ਹਿਆ| 2017 ਵਿੱਚ ਆਰਮੀ ਡਾਇਰੈਕਟਿਵ 2017-03 ਨੇ ਇਸ ਨੂੰ ਨਿਯਮਤ ਕਰ ਦਿੱਤਾ, ਜਿਸ ਨਾਲ ਸੈਂਕੜੇ ਸਿੱਖ ਸਿਪਾਹੀਆਂ ਨੇ ਇਹ ਛੋਟ ਲੈ ਕੇ ਸੇਵਾ ਜਾਰੀ ਰੱਖੀ| ਹੁਣ ਇਸ ਨੀਤੀ ਨੂੰ ਵਾਪਸ ਲੈਣਾ ਸਿੱਖਾਂ ਦੀ ਦਹਾਕਿਆਂ ਦੀ ਸੰਘਰਸ਼ਮਈ ਜਿੱਤ ਨੂੰ ਖਤਮ ਕਰਨ ਵਾਲਾ ਕਦਮ ਹੈ|
ਅਮਰੀਕੀ ਅਖਬਾਰਾਂ ਨੇ ਇਸ ਮੁੱਦੇ ਨੂੰ ਵਿਆਪਕ ਕਵਰੇਜ ਦਿੱਤੀ ਹੈ| ਸਟਾਰਜ਼ ਐਂਡ ਸਟ੍ਰਾਈਪਸ ਨੇ ਲਿਖਿਆ ਕਿ ਇਹ ਨੀਤੀ 2010 ਤੋਂ ਪਹਿਲਾਂ ਦੇ ਸਮੇਂ ਵਿੱਚ ਵਾਪਸ ਲੈ ਜਾਂਦੀ ਹੈ, ਜਦੋਂ ਸਿੱਖਾਂ ਨੂੰ ਛੋਟ ਤੋਂ ਬਿਨਾਂ ਸੇਵਾ ਦੀ ਇਜਾਜ਼ਤ ਨਹੀਂ ਸੀ| ਟਾਸਕ ਐਂਡ ਪਰਪਜ਼ ਨੇ ਚੇਤਾਵਨੀ ਦਿੱਤੀ ਕਿ ਇਸ ਪਾਬੰਦੀ ਕਾਰਣ ਨੇਵੀ ਦੇ 53 ਅਤੇ ਆਰਮੀ ਦੇ ਸੈਂਕੜੇ  ਪ੍ਰਭਾਵਿਤ ਹੋਣਗੇ| ਦ ਫਾਰਵਰਡ ਨੇ ਸਿੱਖ ਅਤੇ ਯਹੂਦੀ ਭਾਈਚਾਰਿਆਂ ਤੇ ਪ੍ਰਭਾਵ ਦੀ ਚਰਚਾ ਕੀਤੀ, ਜਦਕਿ ਐਸਐਮਨਿਊਜ਼ ਨੇ ਇਸ ਨੂੰ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਰਾਰ ਦਿੱਤਾ| ਅਮਰੀਕੀ ਸਿੱਖ ਸੰਗਠਨ ਸਿੱਖ ਕੋਲੀਸ਼ਨ ਨੇ ਇਸ ਨੂੰ &lsquoਧੋਖਾ ਅਤੇ ਵਿਤਕਰਾ ਕਿਹਾ ਹੈ| 
ਸ਼੍ਰੋਮਣੀ ਕਮੇਟੀ, ਬਾਦਲ ਅਕਾਲੀ ਦਲ,ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਸ ਨੂੰ ਸਿੱਖ ਸਿਪਾਹੀਆਂ ਨਾਲ ਅਨਿਆਂ ਕਿਹਾ ਅਤੇ ਕੇਂਦਰ ਸਰਕਾਰ ਨੂੰ ਅਮਰੀਕਾ ਨਾਲ ਗੱਲਬਾਤ ਕਰਨ ਲਈ ਅਪੀਲ ਕੀਤੀ| ਸਾਡਾ ਮੰਨਣਾ ਹੈ ਕਿ ਪੰਥਕ ਜਥੇਬੰਦੀਆਂ ਨੂੰ ਅਮਰੀਕੀ ਸਰਕਾਰ ਤੋਂ ਸਪੱਸ਼ਟੀਕਰਨ ਮੰਗਣਾ ਚਾਹੀਦਾ - ਕੀ ਸਿੱਖਾਂ ਨੂੰ ਛੋਟ ਮਿਲੇਗੀ? ਭਾਰਤ ਸਰਕਾਰ ਨੂੰ ਵੀ ਅਪੀਲ ਕਰਨੀ ਚਾਹੀਦੀ ਹੈ ਜੋ ਡਿਪਲੋਮੈਸੀ ਰਾਹੀਂ ਮੱਦਦ ਕਰ ਸਕਦੀ ਹੈ|
-ਰਜਿੰਦਰ ਸਿੰਘ ਪੁਰੇਵਾਲ