ਪੰਜਾਬ ਵਿੱਚ ਪੰਥ ਦਾ ਖੁਰਦਾ ਜਾ ਰਿਹਾ ਵਜੂਦ ਚਿੰਤਾ ਦਾ ਵਿਸ਼ਾ ਹੈ

ਜਥੇਦਾਰ ਮਹਿੰਦਰ ਸਿੰਘ ਯੂ।ਕੇ।

ਦਸਮੇਸ਼ ਪਿਤਾ ਦੇ ਬਖਸ਼ਿਸ਼ ਕੀਤੇ ਸੰਵਿਧਾਨ ਗੁਰੂ ਗਰੰਥ &ndash ਗੁਰੂ ਪੰਥ ਦੇ ਸਿਧਾਂਤ ਤੋਂ ਬਿਨਾ ਖਾਲਸਾ ਰਾਜ ਦੀ ਪ੍ਰਾਪਤੀ ਨਹੀਂ ਹੋ ਸਕਦੀ
ਪ੍ਰਿੰ: ਸਤਿਬੀਰ ਸਿੰਘ ਨੇ ਿਲਿਖਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਗੁਰਸਿੱਖਾਂ ਦਾ ਸਵਾਲ ਸੀ, ਸਾਨੂੰ ਕਿਸ ਦੇ ਲੜ ਲਾ ਚੱਲੇ ਹੋ? ਦਸਮੇਸ਼ ਪਿਤਾ ਦਾ ਉੱਤਰ ਸੀ, ਸਾਡੇ ਪਿੱਛੋਂ ਦੇਹਧਾਰੀ ਗੁਰੂ ਨਹੀਂ ਹੋਵੇਗਾ। ਦਸਾਂ ਗੁਰੂਆਂ ਦਾ ਸਰੂਪ ਗੁਰੂ ਗੰ੍ਰਥ ਸਾਹਿਬ ਹੀ ਪੰਥ ਦਾ ਸਦੀਵੀ ਗੁਰੂ ਹੋਵੇਗਾ। ਪੰਥ ਨੂੰ ਗ੍ਰੰਥ ਦੇ ਲੜ ਲਾ ਚੱਲਿਆ ਹਾਂ। 
ਗੁਰਸਿੱਖਾਂ ਦਾ ਦੂਸਰਾ ਸਵਾਲ ਸੀ, ਤੁਹਾਡੀ ਆਤਮਾ ਕਿੱਥੇ ਤੇ ਸਰੀਰ ਕਿਥੇ ਚੱਲਾ ਹੈ? ਤਾਂ ਦਸਮੇਸ਼ ਪਿਤਾ ਦਾ ਉੱਤਰ ਸੀ ਆਤਮਾ ਗੰ੍ਰਥ ਵਿੱਚ ਸਰੀਰ ਪੰਥ ਵਿੱਚ। ਓਟ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖ਼ਾਲਸੇ ਕਾ। ਭਾਈ ਨੰਦ ਲਾਲ ਦਾ ਪ੍ਰਸ਼ਨ ਸੀ ਕਿ ਖ਼ਾਲਸਾ ਪੰਥ ਦਾ ਰਾਜਸੀ ਨਿਸ਼ਾਨਾ ਕੀ ਹੋਵੇਗਾ ਤਾਂ ਦਸ਼ਮੇਸ਼ ਪਿਤਾ ਦਾ ਉੱਤਰ ਸੀ, ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ, ਖਵਾਰ ਹੋਇ ਸਭ ਮਿਲੇਂਗੇ ਬਚੇ ਸਰਨ ਜੋ ਹੋਇ। (ਹਵਾਲਾ, ਤਨਖ਼ਾਹਨਾਮਾ ਭਾਈ ਨੰਦ ਲਾਲ ਜੀ)। ਭਾਈ ਨੰਦ ਲਾਲ ਦਾ ਅਗਲਾ ਪ੍ਰਸ਼ਨ ਸੀ ਕਿ ਤੁਹਾਡੇ ਦਰਸ਼ਨ ਕਿਵੇਂ ਹੋਣ? ਅਤੇ ਤੁਹਾਡੇ ਨਾਲ਼ ਗੱਲਾਂ ਕਿਵੇਂ ਹੋਣ? ਤਾਂ ਦਸਮੇਸ਼ ਪਿਤਾ ਦਾ ਉੱਤਰ ਸੀ, ਜੋ ਸਿੱਖ ਗੁਰ ਦਰਸ਼ਨ ਕੀ ਚਾਹਿ, ਦਰਸ਼ਨ ਕਰੇ ਗੰ੍ਰਥ ਜੀ ਆਹਿ॥ ਪਰਭਾਤ ਸਮੇਂ ਕਰ ਕੇ ਇਸ਼ਨਾਨ, ਤੀਨ ਪਰਦਛਣਾਂ ਕਰੇ ਸੁਜਾਨ॥ ਅਤੇ ਜੇ ਮੇਰੇ ਨਾਲ਼ (ਦਸ਼ਮੇਸ਼ ਪਿਤਾ ਨਾਲ਼) ਗੱਲਾਂ ਕਰਨੀਆਂ ਹੋਣ ਤਾਂ ਜੋ ਮਮ ਸਾਥ ਚਾਹੇ ਕਰ ਬਾਤ, ਗੰ੍ਰਥ ਜੀ ਪੜ੍ਹੇ ਸੁਣੋ ਬਿਚਾਰੇ ਸਾਥ॥ ਜੋ ਮੁਝ ਬਚਨ ਸੁਣਨ ਕੀ ਚਾਇ, ਗੰ੍ਰਥ ਜੀ ਪੜ੍ਹੇ ਸੁਣੇ ਚਿੱਤ ਲਾਇ॥ ਮੇਰਾ ਰੂਪ ਜੀ ਜਾਣ, ਇਸ ਮੇਂ ਭੇਦ ਨਹੀਂ ਕੁਝ ਮਾਨ॥ (ਰਹਿਤਨਾਮਾ, ਭਾਈ ਨੰਦ ਲਾਲ ਜੀ) ਅਤੇ ਭਾਈ ਕੇਸਰ ਸਿੰਘ ਛਿੱਬਰ ਦੇ ਸ਼ਬਦਾਂ ਵਿੱਚ: 
ਗਰੀਬ ਨਿਵਾਜ ਸਿੱਖ ਸੰਗਤਿ ਹੈ ਤੇਰੀ ਤਿਸ ਦਾ ਕੀ ਹਵਾਲ।
ਬਚਨ ਕੀਤਾ ਗੰ੍ਰਥ ਹੈ ਗੁਰੂ ਲੜ ਪਕੜੋ ਅਕਾਲ।
ਆਪਸ ਵਿੱਚ ਕਰਨਾ ਪਿਆਰ ਪੰਥ ਦੇ ਵਾਧੇ ਨੂੰ ਲੋਚਨਾ।
ਆਗਿਆ ਗੰ੍ਰਥ ਸਾਹਿਬ ਦੀ ਕਰਨੀ, ਸ਼ਬਦ ਦੀ ਖੋਜਨਾ"।
  ਅਤੇ ਭਾਈ ਪ੍ਰ੍ਰਹਿਲਾਦ ਸਿੰਘ ਜੀ ਦਸਮੇਸ਼ ਪਿਤਾ ਦੇ ਸਮਕਾਲੀ ਲਿਖਾਰੀ ਆਪਣੇ ਰਹਿਤਨਾਮਾ ਵਿੱਚ ਲਿਖਦੇ ਹਨ, ਪੰਥ ਚਲਬੋ ਹੈ ਜਗਤ ਮੇਂ ਗੁਰ ਨਾਨਕ ਪ੍ਰਸਾਦਿ, ਰਹਿਤ ਬਤਾਈਏ ਖਾਲਸੇ, ਸੁਣ ਭਾਈ ਪ੍ਰਹਿਲਾਦ। 
ਗੁਰੂ ਖਾਲਸਾ ਮਾਨੀਅਹਿ ਪਰਗਟ ਗੁਰੂ ਕੀ ਦੇਹ, ਜੋ ਸਿੱਖ ਮੋ ਮਿਲਬੋ ਚਹਿਹ, ਖੋਜ ਇਨਹੁ ਮਹਿ ਲੇਹੁ। 
(ਹਵਾਲਾ ਪੁਸਤਕ, ਸਿੱਖ ਸਭਿਅਤਾ ਦੇ ਮੂਲ ਅਧਾਰ ਪੰਨਾ 128) 
   ਖ਼ਾਲਸਾ ਪੰਥ ਦੀ ਸੰਪੂਰਨਤਾ ਇਸ ਨੂੰ ਗੁਰੂ ਪਦਵੀ ਪ੍ਰਾਪਤ ਹੋਣ ਨਾਲ਼ ਹੋਈ। ਇਤਿਹਾਸਕ ਤੌਰ ਤੇ ਅਸੀਂ ਦੇਖਦੇ ਹਾਂ ਕਿ 1699 ਦੀ ਵੈਸਾਖੀ ਤੋਂ ਪਿੱਛੋਂ ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂੂ-ਦੀਖਿਆ ਦੇ ਅਧਿਕਾਰ ਨੂੰ ਖ਼ੁਦ ਵਿਅਕਤੀਗਤ ਰੂਪ ਵਿੱਚ ਕਦੇ ਨਹੀਂ ਵਰਤਿਆ। ਸਗੋਂ ਇਹ ਦੈਵੀ ਅਧਿਕਾਰ ਸ੍ਰੀ ਗੁਰੂੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਪੰਜਾਂ ਪਿਆਰਿਆਂ ਦੇ ਅਧਿਕਾਰ ਖੇਤਰ ਵਿੱਚ ਸ਼ਾਮਿਲ ਕਰ ਦਿੱਤਾ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਦੇ ਪੰਨਾ 27 ਉੱਤੇ ਗੁਰੂ ਗ੍ਰੰਥ ਦੀ ਵਿਆਖਿਆ ਇਸ ਪ੍ਰਕਾਰ ਕੀਤੀ ਗਈ ਹੈ ਕਿ ਗੁਰੂੂ ਪੰਥ : ਤਿਆਰ-ਬਰ-ਤਿਆਰ ਸਿੰਘਾਂ ਦੇ ਸਮੱੁਚੇ ਸਮੂਹ ਨੂੰ ਗੁਰੂ ਪੰਥ ਆਖਦੇ ਹਨ। ਇਸ ਦੀ ਤਿਆਰੀ ਦਸਾਂ ਗੁਰੂੂ ਸਾਹਿਬਾਨਾਂ ਨੇ ਕੀਤੀ ਅਤੇ ਦਸਮ ਗੁਰੂੂ ਜੀ ਨੇ ਇਸ ਦਾ ਅੰਤਿਮ ਸਰੂਪ ਬੰਨ੍ਹ ਕੇ ਗੁਰਿਆਈ ਸੌਂਪੀ। ਭਾਵ ਪੰਥ ਗੁਰੂੂ ਨਾਨਕ ਨੇ ਚਲਾਇਆ- ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ ਅਤੇ ਅਸੀਂ ਉੱਪਰ ਲਿਖ ਆਏ ਹਾਂ ਕਿ ਭਾਈ ਪ੍ਰਹਿਲਾਦ ਸਿੰਘ ਜੀ ਆਪਣੇ ਰਹਿਤਨਾਮਾ ਵਿੱਚ ਲਿਖਦੇ ਹਨ : ਪੰਥ ਚਲਬੋ ਜਗਤ ਮੈ ਗੁਰੂ ਨਾਨਕ ਕੇ ਪ੍ਰਸਾਦਿ।&rsquo ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਦੀ ਪੂਰਤੀ ਲਈ ਹੀ ਗ੍ਰੰਥ ਅਤੇ ਪੰਥ ਨੂੰ ਗੁਰਿਆਈ ਸੌਂਪੀ। ਪੰਥ ਦੀ ਵਿਰਾਸਤ ਗੁਰੂ ਗ੍ਰੰਥ ਅਤੇ ਗੁਰੂ ਪੰਥ ਸਿੱਖ ਪੰਥ ਦੀ ਵਿਲੱਖਣ ਤੇ ਸੁਤੰਤਰ ਹੋਂਦ-ਹਸਤੀ ਨੂੰ ਕਾਇਮ ਰੱਖਣ ਲਈ ਅਹਿਮ ਰੋਲ ਅਦਾ ਕਰਦੇ ਆਏ ਹਨ। ਦਸਮੇਸ਼ ਪਿਤਾ ਦੇ ਇਸ ਆਦੇਸ਼ ਕਿ : &lsquoਆਪਸ ਵਿੱਚ ਪਿਆਰ ਕਰਨਾ ਤੇ ਪੰਥ ਦੇ ਵਾਧੇ ਨੂੰ ਲੋਚਨਾ&rsquo ਨੂੰ ਦੈਵੀ ਹੁਕਮ ਮੰਨ ਕੇ ਪੰਥ ਨੇ ਪ੍ਰਵਾਨ ਕੀਤਾ। 
  ਬੰਦਾ ਸਿੰਘ ਬਹਾਦਰ 1708 ਤੋਂ 1716 ਅਤੇ 1716 ਤੋਂ 1765 ਸਿੱਖ ਮਿਸਲਾਂ ਦੇ ਰਾਜ ਤਕ ਪੰਥਵਾਦੀ ਯੁੱਗ ਸੀ। ਸਿੱਖ ਜੋ ਕੁਝ ਵੀ ਕਰਦੇ ਸਨ ਜਿਸ ਲਈ ਲੜਦੇ ਮਰਦੇ ਵਢੀਂਦੇ, ਕਟੀਂਦੇ, ਚਰਖੜੀਆਂ ਤੇ ਚੜ੍ਹਦੇ ਬੰਦ-ਬੰਦ ਕਟਵਾਉਂਦੇ ਸਨ, ਉਹ ਸਭ ਸ਼ਹੀਦੀਆਂ ਆਪਣੀਆਂ ਉਸ ਜਾਨਹੂਲਵੀ ਸੇਵਾ ਦਾ ਮੁੱਲ ਵਸੂਲਣ ਲਈ ਨਹੀਂ ਪੰਥ ਦੇ ਭਵਿੱਖ ਲਈ ਸਨ। ਸਿੱਖੀ ਦੀ ਸੇਵਾ ਕੀਤੀ ਹੀ ਉਹਨਾਂ ਮਰਜੀਵੜਿਆਂ ਨੇ ਜਿਨ੍ਹਾਂ ਨੇ ਵਰਤਮਾਨ ਦੇ ਸੁੱਖਾਂ ਨੂੰ ਛੱਡ ਕੇ ਦੁੱਖ ਕਬੂਲ ਕਰ ਕੇ ਪੰਥ ਦੇ ਉਜਲੇ ਭਵਿੱਖ ਲਈ ਆਪਣੇ ਖ਼ੂਨ ਅਤੇ ਜਿਸਮ ਦੀਆਂ ਹੱਡੀਆਂ ਦੀ ਖਾਦ ਪੰਥ ਦੇ ਪੌਦੇ ਦੀਆਂ ਜੜ੍ਹਾਂ ਵਿੱਚ ਪਾਈ। ਭਾਈ ਰਤਨ ਸਿੰਘ ਭੰਗੂ ਉਸ ਵੇਲ਼ੇ ਪੰਥ ਦੇ ਸਿਦਕ ਦਾ ਹਵਾਲਾ ਦਿੰਦੇ ਹੋਏ ਲਿਖਦੇ ਹਨ: ਨਾਹਿ ਜਖੀਰੋ ਸਿੰਘਨ ਪਾਸ। ਸ਼ਸਤ੍ਰ ਬਸਤਰ ਹੀਨ ਸੁ ਖਾਸ। ਨਾਂਗੇ ਖਰੇ, ਔਰ ਭੁਖੇ ਪਯਾਸੇ। ਦਾਰੂ ਸਿਕਾ ਨਹਿ ਕੁਛ ਪਾਸੇ। ਹਾਟ ਪਟਨ ਬਜ਼ਾਰ ਸੁ ਨਾਂਹੀ। ਰੋਗੀ ਔਖਧ ਬਿਨ ਮਰ ਜਾਹੀ। ਗੁਰੁ ਬਚਨ (ਰਾਜ ਕਰੇਗਾ ਖਾਲਸਾ) ਕੀ ਉਨ ਕੋ ਆਸ। ਬਹੀ ਖਜ਼ਾਨੋ ਸਿੰਘਨ ਪਾਸ। ਦੋਨੋਂ ਘਲੂਘਾਰਿਆਂ ਤੋਂ ਬਾਅਦ ਜਿਹੜੇ ਪੰਥ ਨੇ ਉਸ ਭੀੜ ਵਾਲ਼ੇ ਸਮੇਂ ਪੰਥਕ ਮਰਯਾਦਾ ਦਾ ਪਾਲਣ ਕਰ ਕੇ ਤੇ ਉਸ ਮੁਸੀਬਤ ਭਰੇ ਸਮੇਂ ਵੀ ਘੋੜਿਆਂ ਦੀਆਂ ਕਾਠੀਆਂ ਤੇ ਰੈਣ ਬਸੇਰੇ ਕਰ ਕੇ ਪੰਥ ਦੀ ਚੜ੍ਹਦੀ ਕਲਾ ਲਈ ਜਾਨਾਂ ਹੂਲ ਕੇ ਪੂਰਨੇ ਪਾਏ, ਉਹੋ ਜਿਹੀ ਮਿਸਾਲ ਹੋਰ ਕਿੱਧਰੇ ਨਹੀਂ ਮਿਲ਼ਦੀ। ਓਦੋਂ ਪੰਥ ਦੇ ਸਿੱਖੀ ਸਿਧਾਂਤਾਂ ਦੀ ਮਰਯਾਦਾ ਦੀ ਪਾਲਣਾ ਪ੍ਰਮੱੁਖ ਰੂਪ ਵਿੱਚ ਕੀਤੀ ਜਾਂਦੀ ਸੀ। 
ਪੰਥ ਦੀ ਸਰਵ-ਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੰਵਿਧਾਨ ਗੁਰੂ ਗ੍ਰੰਥ, ਗੁਰੂ ਪੰਥ ਦੇ ਤਹਿਤ ਗੁਰਮਤੇ ਕਰ ਕੇ ਆਪਸੀ ਮਸਲੇ ਨਜਿੱਠ ਲਏ ਜਾਂਦੇ ਸਨ। ਕਨਿੰਘਮ ਨੇ &lsquoਹਿਸਟਰੀ ਆਫ਼ ਦ ਸਿਖਸ&rsquo ਵਿੱਚ ਪੰਥ ਦੀ ਤਰੀਫ਼ ਇਹਨਾਂ ਸ਼ਬਦਾਂ ਵਿੱਚ ਕੀਤੀ ਹੈ, ਜੋ ਬਹੁਤ ਹੱਦ ਤਕ ਠੀਕ ਹੈ। ਕਨਿੰਘਮ ਦੇ ਸ਼ਬਦਾਂ ਵਿੱਚ ਪੰਥ ਕੇਵਲ ਸਿੱਖਾਂ ਦੇ ਸਮੂਹ ਜਾਂ ਸਿੱਖਾਂ ਦੀ ਬਹੁਸੰਮਤੀ ਨੂੰ ਨਹੀਂ ਕਹਿੰਦੇ ਸਗੋਂ ਸਿੱਖਾਂ ਵਿੱਚ ਕੰਮ ਕਰ ਰਹੀ ਓਸ ਸਿੱਖੀ ਸਪਿਰਟ ਨੂੰ ਕਹਿੰਦੇ ਹਨ ਜੋ ਦਸਾਂ ਸਤਿਗੁਰੂਆਂ ਨੇ ਸਿੱਖਾਂ ਵਿੱਚ ਭਰੀ ਹੈ।
ਪੰਥ ਇੱਕ ਸਰੀਰ ਦੀ ਤਰ੍ਹਾਂ ਹੈ, ਜਿਸ ਦੇ ਕਈ ਅੰਗ ਹਨ। ਇਹ ਅੰਗ ਇੱਕ ਦਿਮਾਗ ਜਾਂ ਮਨ ਦੇ ਤਾਬਿਆ ਹੁੰਦੇ ਹਨ। ਸਾਰੇ ਅੰਗਾਂ ਦਾ ਹਾਣ-ਲਾਭ ਸਾਂਝਾ ਹੁੰਦਾ ਹੈ। ਸਰੀਰ ਦਾ ਹਰੇਕ ਅੰਗ ਭਾਵੇਂ ਵੱਖ-ਵੱਖ ਹੁੰਦਾ ਹੈ, ਪਰ ਸਾਰੇ ਅੰਗ ਇੱਕ ਦੂਜੇ ਨਾਲ਼ ਮਿਲ਼ ਕੇ ਆਪਣੀ ਵੱਖਰੀ ਹੋਂਦ ਨੂੰ ਮਿਟਾ ਕੇ ਸਮੱੁਚੇ ਤੌਰ ਤੇ ਸਰੀਰ ਅਖਵਾਂਦਾ ਹੈ। ਇਸ ਤਰ੍ਹਾਂ ਜਦ ਮਨੱੁਖ ਸ਼ਖ਼ਸੀ ਨਫ਼ੇ-ਨੁਕਸਾਨ ਨੂੰ ਸਮੁਦਾਇ ਨਾਲ਼ ਮੇਲ ਲੈਂਦਾ ਹੈ, ਉਸ ਹਾਲਤ ਦਾ ਨਾਂ ਜਥੇਬੰਦੀ ਹੈ। ਏਕਤਾ ਓਦੋਂ ਤੀਕ ਨਹੀਂ ਪੈਦਾ ਹੋ ਸਕਦੀ ਜਦੋਂ ਤੀਕ ਭਿੰਨ-ਭਿੰਨ ਅੰਗ ਕਿਸੇ ਸਾਂਝੇ ਆਦਰਸ਼ ਲਈ ਆਪਣੇ ਆਪ ਨੂੰ ਭੁਲਾ ਨਾ ਦੇਣ। ਭਾਵ ਸਮੂਹ ਪੰਥਕ ਜਥੇਬੰਦੀਆਂ ਇੱਕ ਨਿਸ਼ਾਨ ਹੇਠ ਇਕੱਠੀਆਂ ਹੋ ਕੇ ਆਪਣੇ ਆਪ ਨੂੰ ਪੰਥ ਰੂਪੀ ਸਰੀਰ ਵਿੱਚ ਸਮਾ ਲੈਣ ਤੇ ਹਉਮੈ ਤੇ ਨਿੱਜਵਾਦ ਦਾ ਤਿਆਗ ਕਰ ਦੇਣ। 
1920 ਵਿੱਚ ਅਕਾਲ ਤਖ਼ਤ ਉੱਤੇ ਜੁੜ ਕੇ ਸਿੱਖ ਪੰਥ ਨੂੰ ਇੱਕ ਸ਼੍ਰੋਮਣੀ ਅਕਾਲੀ ਦਲ ਬਣਾਇਆ ਸੀ ਤਾਂ ਕਿ ਉਹ ਰਾਜਸੀ ਖੇਤਰ ਵਿੱਚ ਸਿੱਖ ਪੰਥ ਦੀ ਪ੍ਰਤੀਨਿਧਤਾ ਕਰ ਸਕੇ ਤੇ ਦੂਜੇ ਸਾਰੇ ਖੇਤਰਾਂ ਵਿੱਚ ਸਿੱਖੀ ਦੀ ਚੜ੍ਹਦੀ ਕਲਾ ਲਈ ਕੰਮ ਕਰ ਸਕੇ। 1920 ਵਾਲ਼ਾ ਸ਼੍ਰੋਮਣੀ ਅਕਾਲੀ ਦਲ ਅੱਧੀ ਸਦੀ ਤੋਂ ਵੱਧ ਸਮੇਂ ਲਈ ਸਿੱਖਾਂ ਦੇ ਦਿਲਾਂ ਦੀ ਧੜਕਣ ਬਣਿਆ ਰਿਹਾ ਤੇ ਕਿਸੇ ਸਿੱਖ ਨੂੰ ਲੱਗੀ ਮਾੜੀ ਤੋਂ ਮਾੜੀ ਝਰੀਟ ਵੇਖ ਕੇ ਵੀ ਮਾਂ ਵਾਂਗ ਤੜਪ ਉੱਠਦਾ ਰਿਹਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗ਼ਰੀਬੀ ਵਿੱਚ ਰਹਿ ਕੇ ਆਮ ਸਿੱਖਾਂ ਨਾਲ਼ ਜੁੜੇ ਰਹੇ ਪਰ ਰਾਜ ਸਿੰਘਾਸਨ &rsquoਤੇ ਬੈਠਦਿਆਂ ਹੀ ਉਹ ਸ਼੍ਰੋਮਣੀ ਅਕਾਲੀ ਦਲ &lsquoਪੰਜਾਬੀ ਪਾਰਟੀ&rsquo ਬਣ ਗਿਆ ਤੇ ਮੋਨੇ ਜਥੇਦਾਰ ਬਣਾਉਣ ਲੱਗ ਪਿਆ ਅਤੇ ਪੰਥ ਦੀ ਅਜ਼ਾਦ ਰਾਜਨੀਤਿਕ ਹਸਤੀ ਨੂੰ ਆਪਣੇ ਨਿੱਜੀ ਸੁਆਰਥ ਪੂਰੇ ਕਰਨ ਲਈ ਦਾਅ &rsquoਤੇ ਲਾ ਦਿੱਤਾ। ਪੰਥ ਦੀ ਰਾਜਨੀਤਿਕ ਹਸਤੀ ਖ਼ਤਮ ਹੋਣ ਤੋਂ ਬਾਅਦ ਸਿੱਖ ਵੋਟਤੰਤਰ ਦਾ ਹਿੱਸਾ ਬਣ ਕੇ ਰਹਿ ਗਏ, ਭਾਵ ਇੱਕ ਸਿੱਖ ਇੱਕ ਵੋਟ। ਬਾਕੀ ਦੇ ਅੱਧੀ ਦਰਜਨ ਦੇ ਕਰੀਬ ਅਕਾਲੀ ਦਲ ਵੀ ਰਾਜ ਸੱਤਾ ਪ੍ਰਾਪਤ ਕਰਨ ਨੂੰ ਆਪਣਾ ਇੱਕੋ-ਇੱਕ ਨਿਸ਼ਾਨਾ ਮਿਥ ਕੇ ਪੰਥ ਦਾ ਨਾਂ ਓਦੋਂ ਤਕ ਵਰਤਦੇ ਰਹਿਣਗੇ, ਜਦੋਂ ਤਕ ਸੱਤਾ ਵਿੱਚ ਨਹੀਂ ਆ ਜਾਂਦੇ, ਉਹ ਵੀ ਸੱਤਾ ਵਿੱਚ ਆ ਜਾਣ ਮਗਰੋਂ ਪੰਜਾਬੀ ਪਾਰਟੀ ਬਣ ਜਾਣਗੇ। ਪੰਥ ਵਿੱਚ ਧੜਾ ਪ੍ਰਵਾਨ ਨਹੀਂ ਹੈ। ਪਰ 1978 ਤੋਂ ਬਾਅਦ ਦਾ ਅਕਾਲੀ ਇਤਿਹਾਸ ਵੱਖ-ਵੱਖ ਧੜਿਆਂ ਵੱਲੋਂ ਆਪਣੀ ਪ੍ਰਭੂਸੱਤਾ ਕਾਇਮ ਰੱਖਣ ਦੇ ਮਹਾਂ ਯੁੱਗ ਦਾ ਨਜ਼ਾਰਾ ਹੀ ਹੈ। ਵਰਤਮਾਨ ਵੋਟਤੰਤਰ ਵਰਤਾਰੇ ਵਿੱਚ ਸ਼ਾਮਿਲ ਸਿੱਖ ਬੇਸ਼ੱਕ ਜਿੰਨਾ ਮਰਜੀ ਪੰਥਕ ਹੋਣ ਦਾ ਭਰਮ ਪਾਲੀ ਰੱਖਣ ਪਰ ਅਸਲ ਵਿੱਚ ਉਹ ਪੰਥ ਦੀ ਵਿਲੱਖਣ ਤੇ ਅਜ਼ਾਦ ਹੋਂਦ ਹਸਤੀ ਨੂੰ, ਹਿੰਦੂ, ਹਿੰਦੀ, ਹਿੰਦੋਸਤਾਨ ਵਿੱਚ ਜਜ਼ਬ ਕਰਨ ਵਾਲ਼ੀ ਧਾਰਾ ਦੇ ਵਹਿਣ ਚ ਵਹਿ ਤੁਰੇ ਹਨ। ਜਦੋਂ ਕੌਮ ਦੇ ਆਗੂ ਆਪਣਾ ਸਿਧਾਂਤ, ਆਪਣਾ ਨਿਆਰਾਪਨ, ਸਿੱਖ ਸੱਭਿਆਚਾਰ, ਆਪਣੀ ਵੱਖਰੀ ਹੋਂਦ ਤੇ ਆਪਣੇ ਲਈ ਅਜ਼ਾਦੀ ਦਾ ਨਿੱਘ ਮਾਨਣ ਲਈ ਮੰਗਾਂ ਨੂੰ ਛੱਡ ਕੇ ਕੇਵਲ ਪੰਜਾਬੀ ਅਤੇ ਪੰਜਾਬੀ ਪਾਰਟੀ ਤੋਂ ਵੋਟਾਂ ਦੀ ਰਾਜਨੀਤੀ ਦੀ ਗੱਲ ਕਰਨਗੇ, ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇ-ਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ, ਕਿਉਂਕਿ ਸਿਆਸਤ ਦਾ ਗੁਲਾਮੀਕਰਨ ਅਤੇ ਧਰਮ ਦਾ ਸਿਆਸੀਕਰਨ ਹੋ ਚੁੱਕਾ ਹੈ।
ਗੁਰੂੂ ਮਾਰੇ ਮੱਸੇ ਰੰਘੜ ਦਾ ਸਿਰ ਵੱਢਣ ਵਾਲ਼ੇ ਭਾਈ ਮਹਿਤਾਬ ਸਿੰਘ ਦੇ ਪੋਤਰੇ ਭਾਈ ਰਤਨ ਸਿੰਘ ਭੰਗੂ ਆਪਣੇ ਅਦੁੱਤੀ ਪੰਥ ਪ੍ਰਕਾਸ਼&rsquo ਵਿੱਚ ਲਿਖਦੇ ਹਨ ਕਿ: ਵੱਡੇ ਘਲੂਘਾਰੇ ਦੀ ਸ਼ਾਮ ਨੂੰ ਸਿੰਘਾਂ ਦੇ ਇਕੱਠ ਨੇ ਇਹ ਅਰਦਾਸਾ ਸੋਧਿਆ:
ਪੰਥ ਜੋ ਰਹਾ ਤੋ ਤੇਰਾ ਗ੍ਰੰਥ ਭੀ ਰਹੇਗਾ ਨਾਥ, ਪੰਥ ਨ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੈਗੋ।
ਸਾਲ 2014 ਵਿੱਚ ਮੋਦੀ ਸਰਕਾਰ ਆਉਣ ਤੋਂ ਬਾਅਦ ਪੰਜਾਬ ਵਿੱਚ ਗੁਰੂੂ ਗੰ੍ਰਥ ਸਾਹਿਬ ਜੀ ਦੀ ਬੇ-ਅਦਬੀ ਦੀਆਂ ਸੈਂਕੜੇ ਘਟਨਾਵਾਂ ਵਾਪਰੀਆਂ ਹਨ ਅਤੇ ਲਗਾਤਾਰ ਵਾਪਰ ਰਹੀਆਂ ਹਨ। ਇਸ ਲਈ ਕੋਈ ਸ਼ੱਕ ਨਹੀਂ ਕਿ ਇਸ ਸਾਰੀ ਸਾਜ਼ਿਸ਼ ਪਿੱਛੇ ਆਰ.ਐੱਸ.ਐੱਸ. ਬੜੀ ਮੁਸਤੈਦੀ ਨਾਲ਼ ਪਰ ਲੁੱਕਵੇਂ ਅੰਦਾਜ਼ ਵਿੱਚ ਕੰਮ ਕਰ ਰਹੀ ਹੈ। ਆਰ.ਐੱਸ.ਐੱਸ. ਜਮਾਤ ਇਹ ਸਮਝਦੀ ਹੈ ਕਿ ਸਿੱਖਾਂ ਦੀ ਸ਼ਕਤੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਰਧਾ ਤੇ ਵਿਸ਼ਵਾਸ ਵਿੱਚੋਂ ਨਿਕਲ਼ਦੀ ਹੈ। ਇਸ ਲਈ ਵਾਰ-ਵਾਰ ਗੁਰੂ ਗ੍ਰੰਥ ਸਾਹਿਬ ਦੀ ਬੇ-ਅਦਬੀ ਕਰਵਾ ਕੇ ਇਸ ਵਿਸ਼ਵਾਸ ਨੂੰ ਸੱਟ ਮਾਰੀ ਜਾ ਰਹੀ ਹੈ।
(ਨੋਟ- ਇਸ ਕਰਕੇ ਹੀ ਗੁਰੂੂ ਗੋਬਿੰਦ ਸਿੰਘ ਜੀ ਦੇ 350ਵੇਂ ਤੇ ਗੁਰੂੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬਾਂ ਦੇ ਸਮਾਗਮ ਭਾਰਤ ਸਰਕਾਰ ਨੇ ਹਾਲਾਂ ਤੇ ਯੂਨੀਵਰਸਿਟੀਆਂ ਵਿੱਚ ਕੀਤੇ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਸੀ, ਅਫ਼ਸੋਸ ਨਾਲ਼ ਲਿਖਣਾ ਪੈ ਰਿਹਾ ਹੈ ਕਿ ਉਹਨਾਂ ਸਮਾਗਮਾਂ ਵਿੱਚ ਕੁਝ ਸਿੱਖ ਵਿਦਵਾਨਾਂ ਤੇ ਸਿੱਖ ਆਗੂਆਂ ਨੇ ਵੀ ਹਾਜ਼ਰੀ ਭਰੀ) ਆਰ.ਐੱਸ.ਐੱਸ. ਹਰ ਹਰਬਾ ਵਰਤ ਕੇ ਸਿੱਖਾਂ ਨੂੰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ਼ੋਂ ਤੋੜਨਾ ਚਾਹੁੰਦੀ ਹੈ। 
ਧੜਿਆਂ ਚ ਵੰਡੀ ਗਈ ਗੁਰਿਆਈ ਪੰਥ ਦੀ, 
ਤਾਹੀਓਂ ਨਹੀਂ ਰੁਕਦੀ ਬੇ-ਅਦਬੀ ਗੁਰੂ ਗ੍ਰੰਥ ਦੀ।
   ਮੁੱਕਦੀ ਗੱਲ ਇਹੀ ਹੈ ਕਿ ਦਸਮੇਸ਼ ਪਿਤਾ ਦੇ ਬਖਸ਼ਿਸ਼ ਕੀਤੇ ਸੰਵਿਧਾਨ ਗੁਰੂ ਗਰੰਥ &ndash ਗੁਰੂ ਪੰਥ ਦੇ ਸਿਧਾਂਤ ਤੋਂ ਬਿਨਾ ਖਾਲਸਾ ਰਾਜ ਦੀ ਪ੍ਰਾਪਤੀ ਨਹੀਂ ਹੋ ਸਕਦੀ, ਕਿਉਂਕਿ ਗੁਰੂ ਗਰੰਥ &ndash ਗੁਰੂ ਪੰਥ, ਜੋਤਿ ਤੇ ਜੁਗਤਿ ਦਾ ਸਿਧਾਂਤ ਹੈ ਅਤੇ ਜੁਗਤਿ ਤੋਂ ਬਿਨਾ ਜੋਤਿ ਦਾ ਵਰਤਾਰਾ ਨਹੀਂ ਵਰਤਦਾ।
- ਜਥੇਦਾਰ ਮਹਿੰਦਰ ਸਿੰਘ ਯੂ.ਕੇ.