ਸ: ਕਪਤਾਨ ਸਿੰਘ ਨਾਲ ਹੱਥੋਪਾਈ ਕਰਨ ਦੀ ਨਿਖੇਧੀ

ਡਰਬੀ (ਪੰਜਾਬ ਟਾਈਮਜ਼) - ਬੀਤੇ ਦਿਨੀਂ ਮਿਡਲੈਂਡ ਦੇ ਇੱਕ ਗੁਰਦੁਆਰਾ ਸਾਹਿਬ ਅੰਦਰ ਇੱਕ ਸਿੱਖ ਨੌਜਵਾਨ ਸ: ਕਪਤਾਨ ਸਿੰਘ ਨਾਲ ਥੋੜ੍ਹੀ ਜਿਹੀ ਬਹਿਸ ਬਾਜ਼ੀ ਪਿੱਛੋਂ ਉਸ ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਲਿਜਾ ਕੇ ਕੁੱਝ ਬੰਦਿਆਂ ਵੱਲੋਂ ਕੁੱਟ ਮਾਰ ਕੀਤੀ ਗਈ ਸੀ । ਜਿਸ ਘਟਨਾ ਦੀ ਗੁਰਦੁਆਰਾ ਸਾਹਿਬ ਦੇ ਟਰੱਸਟੀਆਂ ਅਤੇ ਸੁਪਰੀਮ ਸਿੱਖ ਕੌਂਸਲ ਯੂ ਕੇ ਵੱਲੋਂ ਨਿਖੇਧੀ ਕੀਤੀ ਗਈ ਹੈ । ਹੋਰ ਵੀ ਦੇਸ਼ ਵਿਦੇਸ਼ ਦੇ ਸਿੱਖਾਂ ਵੱਲੋਂ ਸ: ਕਪਤਾਨ ਸਿੰਘ ਨਾਲ ਕੀਤੀ ਗਈ ਹੱਥੋਪਾਈ ਦੀ ਨਿੰਦਾ ਕੀਤੀ ਗਈ ਹੈ । 
   ਉਹਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਜਾਂ ਬਾਹਰ ਕਿਸੇ ਵੀ ਵਿਅਕਤੀ ਜਾਂ ਸਿੱਖ ਨਾਲ ਸਿੱਖਾਂ ਵੱਲੋਂ ਹੱਥੋਪਾਈ ਜਾਂ ਕੁੱਟਮਾਰ ਨਹੀਂ ਹੋਣੀ ਚਾਹੀਦੀ । 1984 ਤੋਂ ਪਹਿਲਾਂ ਐਹੋ ਜਿਹੀਆਂ ਘਟਨਾਵਾਂ ਬਹੁਤ ਘੱਟ ਹੁੰਦੀਆਂ ਸਨ । ਪਰ 1984 ਤੋਂ ਬਾਅਦ ਗੁਰੂ ਘਰਾਂ ਉਤੇ ਕਬਜ਼ਿਆਂ ਲਈ ਬਹੁਤੇ ਸ਼ਹਿਰਾਂ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਿੱਚ ਬਹੁਤ ਵਾਧਾ ਹੋਇਆ । ਹੁਣ ਪਿਛਲੇ ਕੁੱਝ ਸਾਲਾਂ ਤੋਂ ਅਜਿਹੀਆਂ ਘਟਨਾਵਾਂ ਵਿੱਚ ਕਮੀ ਆਈ ਹੈ । ਸਾਰੇ ਗੁਰਸਿੱਖਾਂ ਨੂੰ ਇਹੋ ਜਿਹੀਆਂ ਘਟਨਾਵਾਂ ਦੀ ਨਿੰਦਾ ਕਰਨੀ ਚਾਹੀਦੀ ਹੈ । ਸਮਾਂ ਪਹਿਲਾਂ ਕਈ ਥਾਂਈਂ ਦੂਜੇ ਸ਼ਹਿਰਾਂ ਵਿੱਚੋਂ ਬੰਦੇ ਇਕੱਠੇ ਹੋ ਕੇ ਵੀ ਕੁੱਟਮਾਰ ਕਰਦੇ ਰਹੇ ਹਨ । ਪੰਜਾਬ ਟਾਈਮਜ਼ ਦੇ ਸੇਵਾਦਾਰ ਨੂੰ ਵੀ ਕਈ ਧਮਕੀ ਭਰੀਆਂ ਚਿੱਠੀਆਂ ਆਉਂਦੀਆਂ ਰਹੀਆਂ ਹਨ । ਲੰਡਨ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਕਥਾ ਕਰ ਰਹੇ ਇੱਕ ਕਥਾਕਾਰ ਤੇ ਦੀਵਾਨ ਹਾਲ ਦੇ ਵਿੱਚ ਹੀ ਹਮਲਾ ਕੀਤਾ ਗਿਆ, ਉਸ ਨਾਲ ਕੁੱਟਮਾਰ ਕਰਕੇ ਉਹਨਾਂ ਦੀ ਦਸਤਾਰ ਵੀ ਉਤਾਰੀ ਗਈ । ਹੁਣ ਦੀ ਤਰ੍ਹਾਂ ਬਹੁਤੇ ਪੰਥਕ ਆਗੂਆਂ ਵੱਲੋਂ ਨਿੰਦਾ ਤੱਕ ਵੀ ਨਹੀਂ ਕੀਤੀ ਗਈ ਸੀ । 
   ਅਸੀਂ ਪੰਜਾਬ ਟਾਈਮਜ਼ ਸਮੂਹ ਗੁਰੂ ਘਰਾਂ ਦੇ ਸੇਵਾਦਾਰਾਂ ਅਤੇ ਸਮੂਹ ਪੰਥਕ ਤੇ ਸਮਾਜ ਸੇਵੀ ਸੰਸਥਾਵਾਂ ਤੇ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਇਹੋ ਜਿਹੀਆਂ ਹਰਕਤਾਂ ਨਾ ਕੀਤੀਆਂ ਜਾਣ । ਸਗੋਂ ਚੰਗੇ ਗੁਰਸਿੱਖ ਬਣੀਏ ਤਾਂ ਜੋ ਹੋਰ ਲੋਕ ਵੀ ਸਿੱਖੀ ਵੱਲ ਆ ਸਕਣ । 
   ਗੁਰੂ ਘਰਾਂ ਤੇ ਹੋਰ ਸੰਸਥਾਵਾਂ ਵਿੱਚ ਵੱਖ ਵੱਖ ਵਿਚਾਰਾਂ ਵਾਲੇ ਲੋਕ ਹੁੰਦੇ ਹਨ। ਆਪਸ ਵਿੱਚ ਇੱਕ ਦੂਜੇ ਤੇ ਹੱਥੋਪਾਈ ਨਹੀਂ ਹੋਣਾ ਚਾਹੀਦਾ । ਜੇ ਤੁਹਾਨੂੰ ਇਨਸਾਫ਼ ਨਹੀਂ ਮਿਲਦਾ ਤਾਂ ਗੁਰੂ ਘਰ ਦੀ ਕਮੇਟੀ ਨੂੰ, ਟਰੱਸਟੀਆਂ ਕੋਲ ਮਸਲਾ ਲਿਆਓ ਅਤੇ ਚੈਰਿਟੀ ਕਮਸ਼ਿਨ ਦੀ ਸਲਾਹ ਲਵੋ । ਪੰਜਾਬ ਟਾਈਮਜ਼ ਅਦਾਰੇ ਵੱਲੋਂ ਸ: ਕਪਤਾਨ ਸਿੰਘ ਨੇ ਪਿਛਲੇ ਸਮਿਆਂ ਦੌਰਾਨ ਗੁਰੂ ਸਿੱਖਾਂ ਦੀ ਕੁੱਟਮਾਰ ਦੀ ਅਸੀਂ ਨਿਖੇਧੀ ਕਰਦੇ ਹਾਂ । ਆਓ ਚੰਗੇ ਗੁਰਸਿੱਖ ਬਣੀਏ ਤੇ ਸਮਾਜ ਦੀ ਸੇਵਾ ਕਰੀਏ ।