ਹਰਬੰਸ ਸਿੰਘ ਤੱਖਰ ਅਕਾਲ ਚਲਾਣਾ ਕਰ ਗਏ

ਹਰਬੰਸ ਸਿੰਘ ਤੱਖਰ

ਡਰਬੀ (ਪੰਜਾਬ ਟਾਈਮਜ਼) - ਉਘੇ ਸਮਾਜ ਸੇਵੀ ਅਤੇ ਬਿਜਨੈਸਮੈਨ ਸ: ਹਰਬੰਸ ਸਿੰਘ ਤੱਖਰ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਹਨ । ਉਹਨਾਂ ਦਾ ਅੱਜ ਮੰਗਲਵਾਰ 7 ਅਕਤੂਬਰ ਨੂੰ ਪਿੰਡ  ਸ਼ੰਕਰ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ । ਸ: ਹਰਬੰਸ ਸਿੰਘ ਤੱਖਰ ਲੰਮੇ ਸਮੇਂ ਤੋਂ ਯੂ ਕੇ ਆਪਣੇ ਪਰਿਵਾਰ ਨਾਲ ਰਹਿੰਦੇ ਸਨ । ਉਹ 1955 ਦੇ ਲਾਗੇ ਯੂ ਕੇ ਆਏ ਸਨ ਤੇ ਇਥੇ ਸਖਤ ਮਿਹਨਤ ਕਰਕੇ ਕਈ ਹੋਟਲ ਖਰੀਦੇ । ਉਹ ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੇ ਮੁਖੀਆਂ ਵਿੱਚ ਵੀ ਵਿਚਰੇ । ਲੰਡਨ ਤੋਂ ਇਲਾਵਾ ਡਰਬੀ ਵਿਖੇ ਵੀ ਉਹਨਾਂ ਦੇ ਹੋਟਲ ਸਨ। ਉਹਨਾਂ ਨੇ ਪੰਜਾਬ ਹਰਿਆਣਾ ਦੇ ਚੀਫ਼ ਜਸਟਿਸ ਸ: ਅਜੀਤ ਸਿੰਘ ਬੈਂਸ ਦੇ ਨਾਲ ਜਲੰਧਰ ਵਿਖੇ ਪੜ੍ਹਾਈ ਕੀਤੀ ਸੀ । ਜਦੋਂ ਵੀ ਜਸਟਿਸ ਅਜੀਤ ਸਿੰਘ ਬੈਂਸ ਯੂ ਕੇ ਆਉਂਦੇ ਸਨ, ਤਾਂ ਉਹ ਉਹਨਾਂ ਨੂੰ ਪੰਜਾਬ ਟਾਈਮਜ਼ ਦੇ ਦਫ਼ਤਰ ਵਿਖੇ ਜ਼ਰੂਰ ਲਿਆਉਂਦੇ ਸਨ । ਉਹਨਾਂ ਦੇ ਨਾਲ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੀ ਯੂ ਕੇ ਬਰਾਂਚ ਦੇ ਮੁਖੀ ਵੀ ਰਹੇ ਸਨ । ਉਹਨਾਂ ਨੇ ਨਕੋਦਰ ਵਿਖੇ ਪੰਜਾਬ ਪੈਲੇਸ ਵੀ ਬਣਾਇਆ ਸੀ, ਜਿੱਥੇ ਗਰੀਬ ਲੋਕਾਂ ਲਈ ਬਹੁਤ ਘੱਟ ਪੈਸਿਆਂ ਵਿੱਚ ਦਿੰਦੇ ਸਨ। ਪੰਜਾਬ ਟਾਈਮਜ਼ ਦੇ ਰਾਜਿੰਦਰ ਸਿੰਘ ਪੁਰੇਵਾਲ, ਦੇ ਪੇਂਡੂ ਹੋਣ ਦੇ ਨਾਤੇ ਡਰਬੀ ਦਫ਼ਤਰ ਵਿਖੇ ਆਉਂਦੇ ਰਹਿੰਦੇ ਸਨ । ਪੰਜਾਬ ਵਿੱਚ ਰਾਜਿੰਦਰ ਸਿੰਘ ਪੁਰੇਵਾਲ ਵਾਸਤੇ ਉਹਨਾਂ ਨੇ ਖਾਸ ਪ੍ਰੋਗਰਾਮ ਵੀ ਆਯੋਜਿਤ ਕੀਤਾ ਸੀ, ਜਿੱਥੇ ਸ: ਕੁਲਦੀਪ ਸਿੰਘ ਵਡਾਲਾ ਐਮ ਐਲ ਏ, ਕਾਂਗਰਸੀ ਵਿਧਾਇਕ ਅਮਰਜੀਤ ਸਿੰਘ ਸਮਰਾ, ਵਿਧਾਇਕ ਅਜੀਤ ਸਿੰਘ ਕੋਹਾੜ ਅਤੇ ਹੋਰ ਸਾਰੀਆਂ ਪਾਰਟੀਆਂ ਵੱਲੋਂ ਸ: ਪੁਰੇਵਾਲ ਨੂੰ ਸਨਮਾਨਤ ਕੀਤਾ ਗਿਆ ਸੀ । 
  ਸ: ਰਾਜਿੰਦਰ ਸਿੰਘ ਪੁਰੇਵਾਲ ਨੇ ਤੱਖਰ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਅਤੇ ਪਿੱਛੇ ਰਹਿ ਗਏ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ ।