ਕੈਨੇਡਾ ’ਚ ਪੈਦਾ ਹੋਈਆਂ 60 ਹਜ਼ਾਰ ਨਵੀਆਂ ਨੌਕਰੀਆਂ

ਕੈਨੇਡਾ ਦੇ ਰੁਜ਼ਗਾਰ ਖੇਤਰ ਵਿਚ ਸਤੰਬਰ ਦੌਰਾਨ ਰੌਣਕਾਂ ਦੇਖਣ ਨੂੰ ਮਿਲੀਆਂ ਅਤੇ ਅਰਥਚਾਰੇ ਵਿਚ 60 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਣ ਦੀ ਰਿਪੋਰਟ ਹੈ। ਟਰੰਪ ਦੀਆਂ ਟੈਰਿਫ਼ਸ ਦੇ ਬਾਵਜੂਦ ਕੌਮੀ ਪੱਧਰ &rsquoਤੇ ਰੁਜ਼ਗਾਰ ਦਰ 0.1 ਦੇ ਵਾਧੇ ਨਾਲ 60.6 ਹੋ ਗਈ ਪਰ ਬੇਰੁਜ਼ਗਾਰੀ ਦਰ 7.1 ਫ਼ੀ ਸਦੀ ਦੇ ਪੱਧਰ &rsquoਤੇ ਬਰਕਰਾਰ ਹੈ। ਆਰਥਿਕ ਮਾਹਰ ਬ੍ਰੈਂਡਨ ਬਰਨਾਰਡ ਦਾ ਕਹਿਣਾ ਸੀ ਕਿ ਸਤੰਬਰ ਦੇ ਰੁਜ਼ਗਾਰ ਅੰਕੜਿਆਂ ਨੇ ਅਗਸਤ ਦੌਰਾਨ ਪਿਆ ਘਾਟਾ ਪੂਰਾ ਕਰ ਦਿਤਾ ਪਰ ਮਈ ਤੋਂ ਹੁਣ ਤੱਕ ਦੇ ਸਮੇਂ ਦੀ ਸਮੀਖਿਆ ਕੀਤੀ ਜਾਵੇ ਤਾਂ ਕੈਨੇਡਾ ਵਿਚ ਰੁਜ਼ਗਾਰ &rsquoਤੇ ਲੱਗੇ ਲੋਕਾਂ ਦੀ ਗਿਣਤੀ ਵਿਚ ਬਹੁਤੀ ਤਬਦੀਲੀ ਨਹੀਂ ਆਈ।  ਦੂਜੇ ਪਾਸੇ ਰਾਯਲ ਬੈਂਕ ਆਫ਼ ਕੈਨੇਡਾ ਦੇ ਅਸਿਸਟੈਂਟ ਚੀਫ਼ ਇਕੌਨੋਮਿਸਟ ਨੇਥਨ ਜੈਨਜ਼ਨ ਮੁਤਾਬਕ ਸਤੰਬਰ ਦੌਰਾਨ ਕੈਨੇਡੀਅਨ ਕਿਰਤੀ ਬਾਜ਼ਾਰ ਸਥਿਰਤਾ ਦੇ ਸੰਕੇਤ ਦੇਣ ਲੱਗਾ ਕਿਉਂਕਿ ਫੁਲ ਟਾਈਮ ਨੌਕਰੀਆਂ ਪੈਦਾ ਹੋਣ ਦੀ ਰਫ਼ਤਾਰ ਵਧੀ। ਜੁਲਾਈ ਅਤੇ ਅਗਸਤ ਦੌਰਾਨ ਡਾਵਾਂਡੋਲ ਹੋਏ ਕਿਰਤੀ ਬਾਜ਼ਾਰ ਨੂੰ ਤਾਜ਼ਾ ਅੰਕੜੇ ਕੁਝ ਰਾਹਤ ਦੇ ਰਹੇ ਹਨ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਕੁਝ ਖੇਤਰਾਂ ਵਿਚ ਨਵੀਂ ਭਰਤੀ ਦਾ ਰੁਝਾਨ ਵਧਿਆ ਹੈ ਜਦਕਿ ਕੁਝ ਖੇਤਰਾਂ ਵਿਚ ਘਟਿਆ। ਸਭ ਤੋਂ ਪਹਿਲਾਂ ਕੈਨੇਡਾ ਦੇ ਮੈਨੁਫੈਕਚਰਿੰਗ ਸੈਕਟਰ ਦਾ ਜ਼ਿਕਰ ਕੀਤਾ ਜਾਵੇ ਤਾਂ ਸਤੰਬਰ ਦੌਰਾਨ 28 ਹਜ਼ਾਰ ਨੌਕਰੀਆਂ ਦਾ ਵਾਧਾ ਹੋਇਆ ਜੋ ਜਨਵਰੀ ਤੋਂ ਬਾਅਦ ਪਹਿਲਾ ਵਾਧਾ ਦੱਸਿਆ ਜਾ ਰਿਹਾ ਹੈ। ਬ੍ਰੈਂਡਨ ਬਰਨਾਰਡ ਮੁਤਾਬਕ ਸਾਲ ਦੇ ਆਰੰਭ ਤੋਂ ਹੀ ਮੈਨੁਫੈਕਚਰਿੰਗ ਸੈਕਟਰ ਕਮਜ਼ੋਰ ਚੱਲ ਰਿਹਾ ਸੀ ਅਤੇ ਤਾਜ਼ਾ ਅੰਕੜਿਆਂ ਨੂੰ ਬਹੁਤਾ ਹਾਂਪੱਖੀ ਨਹੀਂ ਮੰਨਿਆ ਜਾ ਸਕਦਾ।