ਅਮਰੀਕਾ ਦੀ ਬੰਬ ਫੈਕਟਰੀ ਵਿਚ ਧਮਾਕਾ, 19 ਮੌਤਾਂ ਦਾ ਖਦਸ਼ਾ

ਅਮਰੀਕਾ ਦੇ ਟੈਨੇਸੀ ਸੂਬੇ ਵਿਚ ਬੰਬ ਤਿਆਰ ਕਰਨ ਵਾਲੇ ਕਾਰਖਾਨੇ ਵਿਚ ਹੋਏ ਧਮਾਕੇ ਦੌਰਾਨ ਘੱਟੋ ਘੱਟ 19 ਜਣਿਆਂ ਦੀ ਮੌਤ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਟੈਨੇਸੀ ਸੂਬੇ ਦੀ ਰਾਜਧਾਨੀ ਨੈਸ਼ਵਿਲ ਤੋਂ 60 ਮੀਲ ਦੱਖਣ-ਪੱਛਮ ਵੱਲ ਸਥਿਤ ਬਕਸਨੌਰਟ ਕਸਬੇ ਨੇੜੇ ਐਕਿਊਰੇਟ ਐਨਰਜੈਟਿਕ ਸਿਸਟਮਜ਼ ਪਲਾਂਟ ਵਿਚ ਸ਼ੁੱਕਰਵਾਰ ਸਵੇਰੇ ਤਕਰੀਬਨ 8 ਵਜੇ ਵੱਡਾ ਧਮਾਕਾ ਹੋਇਆ। ਧਮਾਕਾ ਐਨਾ ਜ਼ੋਰਦਾਰ ਸੀ ਕਿ ਕਾਰਖਾਨੇ ਤੋਂ ਮੀਲਾਂ ਦੂਰ ਰਿਹਾਇਸ਼ੀ ਇਲਾਕੇ ਵਿਚ ਵਸਦੇ ਲੋਕਾਂ ਨੇ ਇਸ ਆਵਾਜ਼ ਸੁਣੀ। ਧਮਾਕੇ ਵਾਲੀ ਥਾਂ ਦੀਆਂ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਕਾਰਖਾਨੇ ਦੀ ਇਮਾਰਤ ਤਬਾਹ ਹੋ ਚੁੱਕੀ ਹੈ ਅਤੇ ਉਥੇ ਮੌਜੂਦ ਗੱਡੀਆਂ ਦੇ ਪਰਖੱਚੇ ਉਡ ਗਏ। ਇਸ ਤੋਂ ਪਹਿਲਾਂ ਅਪ੍ਰੈਲ 2014 ਵਿਚ ਵੀ ਇਸ ਕਾਰਖਾਨੇ ਵਿਚ ਧਮਾਕਾ ਹੋਇਆ ਅਤੇ ਉਸ ਵੇਲੇ ਇਕ ਜਣੇ ਦੀ ਜਾਨ ਗਈ ਜਦਕਿ ਤਿੰਨ ਹੋਰ ਜ਼ਖਮੀ ਹੋਏ। ਹੰਫ਼ਰੀਜ਼ ਕਾਊਂਟੀ ਦੇ ਸ਼ੈਰਿਫ਼ ਕ੍ਰਿਸ ਡੇਵਿਸ ਨੇ ਦੱਸਿਆ ਕਿ 19 ਜਣੇ ਲਾਪਤਾ ਹਨ ਜਿਨ੍ਹਾਂ ਦੇ ਪਰਵਾਰਾਂ ਨੂੰ ਧਰਵਾਸ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ। ਪੁਲਿਸ ਮੁਤਾਬਕ ਵੱਡੇ ਧਮਾਕੇ ਤੋਂ ਬਾਅਦ ਕਾਰਖਾਨੇ ਵਿਚ ਕਈ ਛੋਟੇ ਧਮਾਕੇ ਵੀ ਹੋਏ ਜਿਸ ਦੇ ਮੱਦੇਨਜ਼ਰ ਐਮਰਜੰਸੀ ਕਾਮਿਆਂ ਨੂੰ ਮੌਕੇ &rsquoਤੇ ਪੁੱਜਣ ਵਿਚ ਦੇਰ ਹੋਈ। ਬਿਊਰੋ ਆਫ਼ ਐਲਕੌਹਨ, ਟੋਬੈਕੋ, ਫ਼ਾਇਰਆਰਮਜ਼ ਐਂਡ ਐਕਸਪਲੋਸਿਵਜ਼ ਦੇ ਅਫ਼ਸਰਾਂ ਦੀ ਟੀਮ ਰਵਾਨਾ ਹੋ ਚੁੱਕੀ ਹੈ ਅਤੇ ਕੁਝ ਦਿਨਾਂ ਤੱਕ ਧਮਾਕੇ ਦੇ ਕਾਰਨਾਂ ਬਾਰੇ ਪਤਾ ਲੱਗ ਸਕਦਾ ਹੈ।