ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਲਈ 3 ਨਵੰਬਰ ਨੂੰ ਹੋਵੇਗਾ ਜਨਰਲ ਇਜਲਾਸ- ਐਡਵੋਕੇਟ ਧਾਮੀ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਸਾਲਾਨਾ ਚੋਣ ਵਾਸਤੇ ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ 3 ਨਵੰਬਰ ਨੂੰ ਸੱਦ ਲਿਆ ਗਿਆ ਹੈ। ਅੱਜ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜਨਰਲ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਦੁਪਹਿਰ 12:00 ਵਜੇ ਹੋਵੇਗਾ, ਜਿਸ ਵਿਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਤੇ ਅੰਤ੍ਰਿੰਗ ਕਮੇਟੀ ਮੈਂਬਰਾਂ ਦੀ ਚੋਣ ਕੀਤੀ ਜਾਵੇਗੀ। ਅੰਤ੍ਰਿੰਗ ਕਮੇਟੀ ਵੱਲੋਂ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਐਡਵੋਕੇਟ ਧਾਮੀ ਨੇ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ ਸਮਾਗਮ 23 ਨਵੰਬਰ ਤੋਂ 29 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਈ ਰਵਾਇਤਾਂ ਅਨੁਸਾਰ ਕੀਤੇ ਜਾਣਗੇ ਅਤੇ ਮੁੱਖ ਸਮਾਗਮ 25 ਨਵੰਬਰ ਨੂੰ ਹੋਵੇਗਾ। ਉਨ੍ਹਾਂ ਦੱਸਿਆ ਕਿ ਸ੍ਰੀਨਗਰ ਦੇ ਮਟਨ ਤੋਂ ਨਗਰ ਕੀਰਤਨ ਸਜਾਉਣ ਸਬੰਧੀ ਜੰਮੂ ਕਸ਼ਮੀਰ ਦੇ ਗਵਰਨਰ, ਮੁੱਖ ਮੰਤਰੀ ਅਤੇ ਸਥਾਨਕ ਸਿੱਖ ਆਗੂਆਂ ਨਾਲ ਮਿਲ ਕੇ ਜਲਦ ਪ੍ਰੋਗਰਾਮ ਉਲੀਕਿਆ ਜਾਵੇਗਾ। ਐਡਵੋਕੇਟ ਧਾਮੀ ਨੇ ਕਿਹਾ ਕਿ 350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਹਿੰਦੂ ਧਰਮ ਦੇ ਧਾਰਮਿਕ ਆਗੂਆਂ ਸਮੇਤ ਹੋਰ ਧਰਮਾਂ ਦੇ ਆਗੂਆਂ ਨਾਲ ਇਕੱਤਰਤਾਵਾਂ ਕਰਕੇ ਸ਼ਤਾਬਦੀ ਸਮਾਗਮਾਂ ਦਾ ਹਿੱਸਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਲਗਾਤਾਰ ਸੇਵਾਵਾਂ ਕਰ ਰਹੀ ਹੈ। ਅੱਜ ਦੀ ਅੰਤ੍ਰਿੰਗ ਕਮੇਟੀ ਦੀ ਬੈਠਕ ਵਿਚ ਰਾਹਤ ਸੇਵਾਵਾਂ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਮੁੱਢਲੇ ਤੌਰ &rsquoਤੇ ਜਿਥੇ ਲੰਗਰ, ਜ਼ੂਰਰੀ ਵਸਤਾਂ, ਮੈਡੀਕਲ ਸਹੂਲਤਾਂ ਅਤੇ ਵੱਡੀ ਪੱਧਰ &rsquoਤੇ ਡੀਜ਼ਲ ਮੁਹੱਈਆ ਕਰਵਾਇਆ ਗਿਆ, ਉਥੇ ਹੀ ਹੁਣ ਕਿਸਾਨਾਂ ਨੂੰ ਮਿਆਰੀ ਬੀਜ ਦੇਣ ਦਾ ਕਾਰਜ ਆਰੰਭਿਆ ਜਾ ਰਿਹਾ ਹੈ। ਇਸ ਸਬੰਧ ਵਿਚ ਸ੍ਰੋਮਣੀ ਕਮੇਟੀ ਵੱਲੋਂ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿਚ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ, ਗੁਰਦੁਆਰਾ ਬਾਬਾ ਬੁੱਢਾ ਜੀ ਰਮਦਾਸ, ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਅਤੇ ਗੁਰਦੁਆਰਾ ਸ੍ਰੀ ਜਾਮਨੀ ਸਾਹਿਬ ਬਜੀਦਪੁਰ ਫਿਰੋਜ਼ਪੁਰ ਸ਼ਾਮਲ ਹਨ। 10 ਏਕੜ ਤੋਂ ਘੱਟ ਵਾਲੇ ਪ੍ਰਭਾਵਿਤ ਕਿਸਾਨ ਇਨ੍ਹਾਂ ਥਾਵਾਂ &rsquoਤੇ ਆਪਣੇ ਨਾਂ ਦਰਜ ਕਰਵਾਉਣ, ਤਾਂ ਜੋ ਸਮੇਂ ਸਿਰ ਬੀਜ ਮੁਹੱਈਆ ਕਰਵਾਇਆ ਜਾ ਸਕੇ।