ਐਸਐਫਜੇ ਨੇ ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੂੰ ਦਿੱਤਾ ਗਿਆ ਅਲਟੀਮੇਟਮ, ਵਾਪਿਸ ਜਾਓ ਜਾ ਮੂੰਹ ਬੰਦ ਰੱਖੋ

 ਪਟਨਾਇਕ ਦੇ ਰਿਹਾਇਸ਼ੀ ਪਤੇ ਦੀ ਪੁਸ਼ਟੀ ਕਰਨ ਲਈ ਪੰਜ ਹਜਾਰ ਡਾਲਰ ਇਨਾਮ ਦਾ ਐਲਾਨ
ਨਵੀਂ ਦਿੱਲੀ   (ਮਨਪ੍ਰੀਤ ਸਿੰਘ ਖਾਲਸਾ):- ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਦੀ ਭਾਰਤ ਫੇਰੀ ਤੋਂ ਪਹਿਲਾਂ, ਸਿੱਖਸ ਫਾਰ ਜਸਟਿਸ ਨੇ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਕੇ. ਪਟਨਾਇਕ 'ਤੇ ਕੈਨੇਡਾ ਵਿੱਚ ਭਾਰਤ ਦੇ ਹਿੰਸਕ ਅੰਤਰਰਾਸ਼ਟਰੀ ਦਮਨ ਦਾ ਨਵਾਂ ਚਿਹਰਾ ਬਣਨ ਦਾ ਦੋਸ਼ ਲਗਾਉਂਦੇ ਹੋਏ, ਪਟਨਾਇਕ ਨੂੰ ਵਾਪਿਸ ਜਾਓ ਜਾਂ ਮੂੰਹ ਬੰਦ ਰੱਖਣ ਦਾ ਅਲਟੀਮੇਟਮ ਦਿੱਤਾ ਹੈ। ਐਸਐਫਜੇ ਦੇ ਕੌਂਸਲ ਜਨਰਲ ਗੁਰਪਤਵੰਤ ਸਿੰਘ ਪਨੂੰ ਅਨੁਸਾਰ, ਪਟਨਾਇਕ ਨੇ ਆਪਣੇ ਅਹੁਦੇ ਦੇ ਪਹਿਲੇ ਹਫ਼ਤੇ ਦੇ ਅੰਦਰ ਆਜ਼ਾਦੀ ਪਸੰਦ ਸਿੱਖਾਂ ਦੀ ਜਾਸੂਸੀ, ਨਿਗਰਾਨੀ ਅਤੇ ਖਾਲਿਸਤਾਨ ਰੈਫਰੈਂਡਮ ਪ੍ਰਬੰਧਕਾਂ ਅਤੇ ਸਮਰਥਕਾਂ ਦੀ ਰਿਪੋਰਟਿੰਗ ਲਈ ਕੈਨੇਡੀਅਨ ਨਾਗਰਿਕਾਂ ਦੀ ਭਰਤੀ ਕਰਕੇ ਕੂਟਨੀਤੀ ਦੀ ਲਾਲ ਰੇਖਾ ਪਾਰ ਕਰ ਦਿੱਤੀ ਹੈ ਜੋ ਕਿ ਕੈਨੇਡਾ ਦੀ ਪ੍ਰਭੂਸੱਤਾ 'ਤੇ ਸਿੱਧਾ ਹਮਲਾ ਹੈ ਅਤੇ ਓਟਾਵਾ ਵਿੱਚ 23 ਨਵੰਬਰ ਨੂੰ ਹੋਣ ਵਾਲੀ ਖਾਲਿਸਤਾਨ ਰੈਫਰੈਂਡਮ ਵੋਟਿੰਗ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ ਹੈ।
ਉਨ੍ਹਾਂ ਦਸਿਆ ਕਿ ਐਸਐਫਜੇ ਨੇ ਇਨ੍ਹਾਂ ਦੋਸ਼ਾਂ ਨੂੰ ਵਿਦੇਸ਼ ਮੰਤਰੀ ਅਨੀਤਾ ਆਨੰਦ ਦੇ ਧਿਆਨ ਵਿੱਚ ਲਿਆਂਦਾ ਹੈ, ਅਤੇ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਆਉਣ ਵਾਲੀ ਭਾਰਤ ਫੇਰੀ ਦੌਰਾਨ ਅਜਿਹੀ ਦਖਲਅੰਦਾਜ਼ੀ ਲਈ ਮੋਦੀ ਸਰਕਾਰ ਦਾ ਸਾਹਮਣਾ ਕਰਨ ਅਤੇ ਉਨ੍ਹਾਂ ਨੂੰ ਸਹਿਯੋਗ ਕਰਨ ਦੀ ਬਜਾਏ ਵਿਰੋਧ ਕਰਨ। ਉਨ੍ਹਾਂ ਦਸਿਆ ਐਸਐਫਜੇ ਵਲੋਂ 18 ਅਕਤੂਬਰ ਨੂੰ ਸ਼ਹੀਦ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਦੇ ਦਿਨ ਦਿਨੇਸ਼ ਪਟਨਾਇਕ ਦੇ ਓਟਾਵਾ ਨਿਵਾਸ ਦੇ ਬਾਹਰ 12 ਘੰਟੇ ਦਾ "ਘੇਰਾਵ" ਰੱਖਿਆ ਗਿਆ ਹੈ ਅਤੇ ਹਾਈ ਕਮਿਸ਼ਨਰ ਦੇ ਰਿਹਾਇਸ਼ੀ ਪਤੇ ਦੀ ਪੁਸ਼ਟੀ ਕਰਨ ਲਈ ਪੰਜ ਹਜਾਰ ਡਾਲਰ ਇਨਾਮ ਦਾ ਐਲਾਨ ਕੀਤਾ ਗਿਆ ਹੈ।