ਅਫਗਾਨੀਸਤਾਨੀਆਂ ਨਾਲ ਦੋਸਤੀ ਦਾ ਦਮ ਭਰਣ ਵਾਲੀ ਹਿੰਦ ਸਰਕਾਰ ਸਿੱਖਾਂ ਦੇ ਅਫਗਾਨੀਸਤਾਨ ਵਿਚ ਹੋਏ ਕਤਲਾਂ ਦੀ ਤਫਤੀਸ ਕਰਵਾਏ: ਮਾਨ

ਨਵੀਂ ਦਿੱਲੀ,  (ਮਨਪ੍ਰੀਤ ਸਿੰਘ ਖਾਲਸਾ):- &ldquoਅਫਗਾਨੀਸਤਾਨ ਦੇ ਵਿਦੇਸ ਵਜੀਰ ਜਨਾਬ ਮੁਤਾਕੀ ਇੰਡੀਆਂ ਦੌਰੇ ਤੇ ਆਏ ਹੋਏ ਹਨ ਅਤੇ ਉਨ੍ਹਾਂ ਨੇ ਇਹ ਕਿਹਾ ਹੈ ਕਿ ਆਈ.ਐਸ.ਆਈ.ਐਸ ਦੀ ਜਥੇਬੰਦੀ ਖਤਮ ਹੋ ਚੁੱਕੀ ਹੈ । ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੋ ਅਫਗਾਨੀਸਤਾਨ ਦੇ ਗੁਰਦੁਆਰਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਕਾਬੁਲ ਵਿਖੇ 25 ਸਿੱਖਾਂ ਨੂੰ ਆਈ.ਐਸ.ਆਈ.ਐਸ ਦੇ ਸੰਗਠਨ ਵੱਲੋ ਬੰਬ ਵਿਸਫੋਟ ਰਾਹੀ ਕਤਲ ਕਰ ਦਿੱਤਾ ਗਿਆ ਸੀ । ਇਸੇ ਤਰ੍ਹਾਂ ਦੂਜਾ ਹਮਲਾ ਗੁਰਦੁਆਰਾ ਸ੍ਰੀ ਕਰਤਾ-ਏ-ਪ੍ਰਵਾਨ ਵਿਖੇ ਵੀ ਸਿੱਖਾਂ ਦੇ ਕਤਲ ਕਰ ਦਿੱਤੇ ਗਏ ਸਨ ਅਤੇ ਉਸ ਸਮੇ ਇੰਡੀਆਂ ਦੇ ਵਜੀਰ ਏ ਆਜਮ ਮੋਦੀ ਨੇ ਕਿਹਾ ਸੀ ਕਿ ਅਫਗਾਨੀਸਤਾਨ ਨਾਲ ਇੰਡੀਆ ਦੇ ਚੰਗੇ ਸੰਬੰਧ ਹਨ ਅਤੇ ਇਸਦੀ ਜਾਂਚ ਕਰਵਾਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਦੇ ਹੋਏ ਕਾਨੂੰਨ ਅਨੁਸਾਰ ਸਜਾ ਦਿਵਾਉਣ ਦਾ ਪ੍ਰਬੰਧ ਕਰਾਂਗੇ । ਪਰ ਦੁੱਖ ਅਤੇ ਅਫਸੋਸ ਹੈ ਇਸ ਦੁਰਘਟਨਾ ਨੂੰ ਵਾਪਰੇ ਹੋਏ ਲੰਮਾਂ ਸਮਾਂ ਬੀਤ ਚੁੱਕਿਆ ਹੈ । ਪਰ ਸਿੱਖ ਕੌਮ ਨੂੰ ਅੱਜ ਤੱਕ ਕੋਈ ਇਨਸਾਫ਼ ਨਾ ਤਾਂ ਵਜੀਰ ਏ ਆਜਮ ਮੋਦੀ ਵੱਲੋ ਦਿਵਾਇਆ ਗਿਆ ਨਾ ਹੀ ਅਫਗਾਨ ਸਰਕਾਰ ਵੱਲੋ ਇਸ ਤੇ ਕੋਈ ਅਮਲ ਹੋਇਆ ਹੈ । ਜੋ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨਾਲ ਬਹੁਤ ਵੱਡੀ ਬੇਇਨਸਾਫ਼ੀ ਹੈ ।&rdquo ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਫਗਾਨੀਸਤਾਨ ਵਿਚ ਆਈ.ਐਸ.ਆਈ.ਐਸ ਸੰਗਠਨ ਵੱਲੋ 2 ਗੁਰੂਘਰਾਂ ਵਿਚ ਵੱਖ-ਵੱਖ ਸਮਿਆ ਤੇ ਸਿੱਖਾਂ ਦਾ ਕਤਲੇਆਮ ਕਰਨ ਤੇ ਅੱਜ ਤੱਕ ਕੋਈ ਵੀ ਇਨਸਾਫ ਨਾ ਮਿਲਣ ਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਇੰਡੀਅਨ ਹੁਕਮਰਾਨਾਂ ਵੱਲੋ ਆਪਣੇ ਕੀਤੇ ਗਏ ਵਾਅਦੇ ਤੋ ਮੁਨਕਰ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 2018 ਵਿਚ ਇਰਾਕ ਵਿਚ ਇਸੇ ਉਪਰੋਕਤ ਸੰਗਠਨ ਨੇ 38 ਨਿਰਦੋਸ ਸਿੱਖਾਂ ਨੂੰ ਫੜਕੇ ਬਹੁਤ ਬੇਰਹਿੰਮੀ ਨਾਲ ਕਤਲ ਕਰ ਦਿੱਤਾ ਸੀ । ਉਸ ਸਮੇ ਇੰਡੀਆ ਦੀ ਵਿਦੇਸ ਵਜੀਰ ਬੀਬੀ ਸੁਸਮਾ ਸਵਰਾਜ ਸਨ । ਇਸੇ ਦੌਰਾਨ ਕੇਰਲਾ ਦੀਆਂ ਕੁਝ ਨਰਸਾਂ ਨੂੰ ਵੀ ਉਪਰੋਕਤ ਸੰਗਠਨ ਨੇ ਆਪਣੇ ਕੈਦੀ ਬਣਾ ਲਿਆ ਸੀ, ਬੀਬੀ ਸਵਰਾਜ ਨੇ ਅਤੇ ਇੰਡੀਅਨ ਹੁਕਮਰਾਨਾਂ ਨੇ ਪਹੁੰਚ ਕਰਕੇ ਕੇਰਲਾ ਦੀਆਂ ਬੀਬੀਆਂ ਨੂੰ ਰਿਹਾਅ ਕਰਵਾ ਲਿਆ ਸੀ । ਪਰ ਉਪਰੋਕਤ ਸਿੱਖਾਂ ਨੂੰ ਰਿਹਾਅ ਕਰਵਾਉਣ ਲਈ ਇੰਡੀਅਨ ਹੁਕਮਰਾਨਾਂ ਨੇ ਸੰਜੀਦਗੀ ਤੇ ਇਮਾਨਦਾਰੀ ਨਾਲ ਕੋਈ ਅਮਲ ਨਾ ਕੀਤਾ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਕੇਰਲਾ ਵਿਚ ਆਈ.ਐਸ.ਆਈ.ਐਸ ਸੈਟਰ ਦੇ ਟ੍ਰੇਨਿੰਗ ਸੈਟਰ ਸਨ ਜਿਸ ਨਾਲ ਕੇਰਲਾ ਸੂਬੇ ਨਾਲ ਇਸ ਸੰਗਠਨ ਦਾ ਸੰਬੰਧ ਜੁੜਿਆ ਹੋਇਆ ਸੀ ਅਤੇ ਇੰਡੀਅਨ ਹੁਕਰਮਾਨਾਂ ਦੇ ਵੀ ਇਸ ਸੰਗਠਨ ਨਾਲ ਅੱਛੇ ਸੰਬੰਧ ਸਨ । ਜੇਕਰ ਸਿੱਖਾਂ ਨੂੰ ਇਰਾਕ ਵਿਚੋ ਨਹੀ ਛੁਡਾਇਆ ਗਿਆ ਅਤੇ ਕਤਲ ਹੋਣ ਤੋ ਨਾ ਬਚਾਇਆ ਗਿਆ ਇਸ ਵਿਚ ਮੋਦੀ ਹਕੂਮਤ ਅਤੇ ਉਸ ਸਮੇ ਦੀ ਵਿਦੇਸ ਵਜੀਰ ਮਰਹੂਮ ਸੁਸਮਾ ਸਵਰਾਜ ਵੀ ਦੋਸ਼ੀ ਸਨ । ਜਿਨ੍ਹਾਂ ਨੇ ਆਪਣੇ ਇੰਡੀਅਨ ਨਾਗਰਿਕਾਂ ਦੀ ਜਿੰਦਗੀ ਬਚਾਉਣ ਲਈ ਕੋਈ ਅਮਲ ਨਾ ਕੀਤਾ । ਉਨ੍ਹਾਂ ਕਿਹਾ ਕਿ ਉਪਰੋਕਤ ਕਤਲੇਆਮ ਤੋ ਇਲਾਵਾ ਪਾਕਿਸਤਾਨ ਦੇ ਪੇਸਾਵਰ ਵਿਖੇ ਇਕ ਸਿੱਖ ਹਕੀਮ ਨੂੰ ਵੀ ਉਪਰੋਕਤ ਸੰਗਠਨ ਨੇ ਕਤਲ ਕਰ ਦਿੱਤਾ ਸੀ, ਇਸ ਤੋ ਇਲਾਵਾ ਸ੍ਰੀਨਗਰ ਵਿਚ ਇਕ ਪ੍ਰਿੰਸੀਪਲ ਸਿੱਖ ਬੀਬੀ ਸੁਪਿੰਦਰ ਕੌਰ ਨੂੰ ਵੀ ਕਤਲ ਕਰ ਦਿੱਤਾ ਸੀ । ਇਨ੍ਹਾਂ ਸਭ ਕਤਲਾਂ ਦੇ ਦੋਸ਼ੀਆਂ ਵਿਰੁੱਧ ਕੋਈ ਅਮਲ ਨਾ ਹੋਣ ਵੀ ਬਹੁਤ ਦੁੱਖਦਾਇਕ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ੍ਰੀ ਮੁਤਾਕੀ ਦੇ ਇੰਡੀਆ ਪਹੁੰਚਣ ਤੇ ਅਫਗਾਨੀਸਤਾਨ ਅਤੇ ਇੰਡੀਆ ਦੇ ਹੁਕਮਰਾਨਾਂ ਨੂੰ ਮਨੁੱਖੀ ਹੱਕਾਂ ਦੇ ਬਿਨ੍ਹਾਂ ਤੇ ਇਹ ਅਪੀਲ ਕਰਨੀ ਚਾਹੇਗਾ ਕਿ ਜਦੋ ਹੁਣ ਅਫਗਾਨੀਸਤਾਨ ਤੇ ਇੰਡੀਆ ਦੀ ਆਪਸੀ ਅੱਛੇ ਸੰਬੰਧ ਤੇ ਦੋਸਤੀ ਹੈ ਤਾਂ ਉਪਰੋਕਤ ਹੋਏ ਸਭ ਸਿੱਖਾਂ ਦੇ ਕਤਲਾਂ ਦੀ ਨਿਰਪੱਖਤਾ ਨਾਲ ਸੀਮਤ ਸਮੇ ਵਿਚ ਜਾਂਚ ਵੀ ਹੋਵੇ ਅਤੇ ਇਸ ਵਿਚ ਦੋਸੀ ਪਾਏ ਜਾਣ ਵਾਲੇ ਆਈ.ਐਸ.ਆਈ.ਐਸ ਸੰਗਠਨ ਦੇ ਕਾਤਲਾਂ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜਾ ਦੇਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਅਫਗਾਨੀਸਤਾਨ ਤੇ ਹੋਰ ਮੁਲਕਾਂ ਵਿਚ ਵੱਸ ਰਹੇ ਸਿੱਖਾਂ ਦੀ ਹਿਫਾਜਤ ਦੇ ਵੀ ਪ੍ਰਬੰਧ ਹੋਣ ।