ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੀਆਂ ਘਟਨਾਵਾਂ ਸਿੱਖ ਜਗਤ ਦੇ ਜ਼ਖ਼ਮ ਹਾਲੇ ਵੀ ਅੱਲੇ: ਗਿਆਨੀ ਹਰਪ੍ਰੀਤ ਸਿੰਘ

ਚੰਡੀਗੜ੍ਹ : ਬਰਗਾੜੀ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਕੋਟਕਪੂਰਾ ਦੇ ਗੋਲ ਚੌਂਕ ਵਿਖੇ ਇਨਸਾਫ਼ ਮੰਗ ਰਹੀ ਸੰਗਤ ਉੱਪਰ ਹੋਏ ਪੁਲਸੀਆ ਤਸ਼ੱਦਦ ਦੇ ਦਸ ਸਾਲ ਪੂਰੇ ਹੋਣ ਅਤੇ ਇਨਸਾਫ਼ ਨਾ ਮਿਲਣ ਨੂੰ ਲੈਕੇ ਸਿੱਖ ਸੰਗਤ ਨੇ ਅੱਜ ਕੋਟਕਪੂਰਾ ਦੇ ਗੋਲ ਚੌਂਕ ਵਿਖੇ ਲਾਹਣਤ ਦਿਹਾੜਾ ਮਨਾਇਆ।

ਸਭ ਤੋਂ ਪਹਿਲਾਂ ਸਿੱਖ ਸੰਗਤ ਨੇ ਸਵੇਰੇ ਗੁਰੂ ਸਾਹਿਬ ਦੇ ਜਾਪ ਨਾਲ ਆਪਣੇ ਰੋਸ ਧਰਨੇ (ਲਾਹਣਤ ਦਿਹਾੜੇ) ਦੀ ਸ਼ਰੂਆਤ ਕੀਤੀ ਅਤੇ ਬਹਿਬਲ ਕਲਾਂ ਦੇ ਸ਼ਹੀਦਾਂ (14 ਅਕਤੂਬਰ 2015) ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਅਤੇ ਸਰਦਾਰ ਗੁਰਜੀਤ ਸਿੰਘ ਸਰਾਂਵਾਂ ਦੀ ਸ਼ਹੀਦੀ ਨੂੰ ਪ੍ਰਣਾਮ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੰਗਤ ਦੇ ਨਾਲ ਇਨਸਾਫ਼ ਮੰਗ ਰਹੇ ਦੋ ਸਿੱਖਾਂ ਦੀ ਸ਼ਹੀਦੀ ਵਿਅਰਥ ਨਹੀਂ ਜਾਵੇਗੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਹੋਈ ਬੇਅਦਬੀ ਦਾ ਇਨਸਾਫ਼ ਸਿੱਖ ਸੰਗਤ ਲੈਕੇ ਰਹੇਗੀ।