ਦਲ ਖਾਲਸਾ ਦੇ ਆਗੂ ਭਾਈ ਪ੍ਰਮਜੀਤ ਸਿੰਘ ਮੰਡ ਦਾ ਯੂ ਕੇ ਦੀਆਂ ਪੰਥਕ ਸੰਸਥਾਵਾਂ ਵੱਲੋਂ ਮਾਣ ਸਨਮਾਨ

ਡਰਬੀ (ਪੰਜਾਬ ਟਾਈਮਜ਼) - ਬੀਤੇ ਦਿਨੀਂ ਦਲ ਖਾਲਸਾ ਦੇ ਨੌਜਵਾਨ ਆਗੂ ਸ: ਪ੍ਰਮਜੀਤ ਸਿੰਘ ਮੰਡ ਯੂ ਕੇ ਦੇ ਦੌਰੇ ਦੌਰਾਨ ਨੈਸ਼ਨਲ ਸਿੱਖ ਅਜਾਇਬਘਰ ਦੇਖਣ ਲਈ ਡਰਬੀ ਪਹੁੰਚੇ । ਇਥੇ ਉਹਨਾਂ ਨੇ ਅਜਾਇਬਘਰ ਦੇ ਦਰਸ਼ਨ ਕਰਨ ਉਪਰੰਤ ਗੁਰਦੁਆਰਾ ਸਿੰਘ ਸਭਾ ਡਰਬੀ ਦੇ ਸੇਵਾਦਾਰਾਂ ਅਤੇ ਅਜਾਇਬ ਘਰ ਦੀ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ, ਜਿਹਨਾਂ ਨੇ ਸਿੱਖ ਵਿਰਾਸਤ ਦੀ ਸਾਂਭ ਸੰਭਾਲ ਕੀਤੀ ਹੈ ।
ਉਪਰੰਤ ਭਾਈ ਮੰਡ ਦੇ ਨਾਲ ਯੂ ਕੇ ਦੇ ਪੰਥਕ ਆਗੂਆਂ ਨੇ ਅਜਾਇਬਘਰ ਦੀ ਰੈਫਰੈਂਸ ਲਾਇਬ੍ਰੇਰੀ ਵਿਖੇ ਪੰਥ ਦੇ ਮੌਜੂਦਾ ਮਸਲਿਆਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਇਸ ਮੌਕੇ ਗੱਲਬਾਤ ਸਮੇਂ ਸ: ਰਾਜਿੰਦਰ ਸਿੰਘ ਪੁਰੇਵਾਲ, ਭਾਈ ਜੋਗਾ ਸਿੰਘ, ਭਾਈ ਮਨਪ੍ਰੀਤ ਸਿੰਘ, ਭਾਈ ਅਮਰੀਕ ਸਿੰਘ ਗਿੱਲ, ਭਾਈ ਦਬਿੰਦਰਜੀਤ ਸਿੰਘ, ਭਾਈ ਜਸਵਿੰਦਰ ਸਿੰਘ (ਜੱਸ) ਡਰਬੀ ਅਤੇ ਅਜਾਇਬਘਰ ਦੀ ਟੀਮ ਦੇ ਮੈਂਬਰ ਸ਼ਾਮਿਲ ਸਨ ।
ਭਾਈ ਮੰਡ ਨਾਲ ਖਾਲਸਾ ਹਲੇਮੀ ਰਾਜ ਦੀ ਪ੍ਰਾਪਤੀ ਲਈ ਕੀਤੀ ਜਾ ਰਹੀ ਜੱਦੋ ਜਹਿਦ ਬਾਰੇ ਖੁੱਲ੍ਹੀਆਂ ਵਿਚਾਰਾਂ ਹੋਈਆਂ । ਦੇਸ਼ ਵਿਦੇਸ਼ ਵਿੱਚ ਸਿੱਖਾਂ ਦੀਆਂ ਸਰਗਰਮੀਆਂ ਅਤੇ ਪੰਥਕ ਜਥੇਬੰਦੀਆਂ ਵਿੱਚ ਆਪਸੀ ਤਾਲਮੇਲ ਅਤੇ ਪੰਥਕ ਏਕਤਾ ਦੇ ਮੁੱਦੇ ਵੀ ਵਿਚਾਰੇ ਗਏ । ਬਾਅਦ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਤੇ ਪੰਥਕ ਜਥੇਬੰਦੀਆਂ ਵੱਲੋਂ ਭਾਈ ਮੰਡ ਨੂੰ ਸਿਰੋਪਾਓ ਦੇ ਕੇ ਮਾਣ ਸਨਮਾਨ ਕੀਤਾ ਗਿਆ । ਪੰਜਾਬ ਟਾਈਮਜ਼ ਦੇ ਸੇਵਾਦਾਰ ਸ: ਰਾਜਿੰਦਰ ਸਿੰਘ ਪੁਰੇਵਾਲ ਵੱਲੋਂ ਭਾਈ ਮੰਡ ਦੀਆਂ ਮਨੁੱਖੀ ਅਧਿਕਾਰਾਂ ਅਤੇ ਪੰਥ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਲਈ ਗੋਲਡ ਮੈਡਲ ਦੇ ਕੇ ਸਨਮਾਨ ਕੀਤਾ ਗਿਆ ।