ਦੁਨੀਆ ਦੀ ਮਣੀ ਨਾਲ ਮੁਲਾਕਾਤ!

ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਵੱਲੋਂ ਮਿਤੀ 12/10/25 ਨੂੰ ਪ੍ਰੋਗਰਾਮ &ldquoਦਿਲ ਦੇ ਵਰਕੇ ਫੋਲ&rdquo ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਰਣਜੀਤ ਮਣੀ ਜੀ ਨਾਲ ਮੁਲਾਕਾਤ ਕੀਤੀ ਗਈ ਤੇ ਉਹਨਾਂ ਦੇ ਬਚਪਨ ਤੋਂ ਲੈ ਕੇ ਅੱਜ ਤੱਕ ਦੀ ਜ਼ਿੰਦਗੀ ਦੇ ਅਤੇ ਕਲਾਕਾਰ ਬਣਨ ਦੇ ਸੁਪਨੇ ਤੋਂ ਲੈ ਕੇ ਸਫ਼ਰ ਕਲਾਕਾਰ ਬਣਨ ਤੱਕ ਦੇ ਇੱਕ ਇੱਕ ਕਰਕੇ ਸਾਰੇ ਵਰਕੇ ਫਰੋਲੇ ਗਏ। 
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਮੰਚ ਪ੍ਰਧਾਨ ਬਿੰਦਰ ਕੋਲੀਆਂ ਵਾਲ ਜੀ ਨੇ ਗਾਇਕ ਰਣਜੀਤ ਮਣੀ ਜੀ ਅਤੇ ਕਾਫ਼ਲੇ ਦੀ ਪ੍ਰਬੰਧਕੀ ਟੀਮ ਨੂੰ ਜੀ ਆਇਆਂ ਆਖਿਆ ਤੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮੋਤੀ ਸ਼ਾਇਰ ਪੰਜਾਬੀ ਨੂੰ ਸੰਭਾਲੀ। ਮੋਤੀ ਸ਼ਾਇਰ ਪੰਜਾਬੀ ਨੇ ਲਹਿੰਦੇ ਪੰਜਾਬ ਦੇ ਸ਼ਾਇਰ ਦਾ ਸ਼ੇਅਰ ਪੜ੍ਹਿਆ ਤੇ ਗਾਇਕ ਰਣਜੀਤ ਮਣੀ ਜੀ ਦਾ ਸੁਆਗਤ ਕੀਤਾ। ਮੋਤੀ ਜੀ ਨੇ ਰਣਜੀਤ ਮਣੀ ਜੀ ਨੂੰ ਬਚਪਨ ਬਾਰੇ ਤੇ ਮੁਢਲੀ ਵਿੱਦਿਆ ਪ੍ਰਾਪਤ ਕਰਨ ਬਾਰੇ ਪਹਿਲਾਂ ਸੁਆਲ ਕੀਤਾ। ਜਿਸ ਵਿੱਚ ਮਣੀ ਜੀ ਨੇ ਦੱਸਿਆ ਕਿ ਉਹਨਾਂ ਨੇ ਮੁਢਲੀ ਵਿੱਦਿਆ ਆਪਣੇ ਪਿੰਡ ਚੁੱਪ ਕੀਤੀ ਜ਼ਿਲ੍ਹਾ ਮੋਗਾ ਤੋਂ ਪ੍ਰਾਪਤ ਕੀਤੀ ਤੇ ਬਾਅਦ ਵਿੱਚ ਸ਼ਹਿਰ ਜਾ ਕੇ ਕਾਲਜ ਵਿੱਚ ਪਰੈਪ ਕਰਨ ਲੱਗੇ। ਕਾਲਜ ਵਿੱਚ ਪੜ੍ਹਦਿਆਂ ਉਹਨਾਂ ਅਖ਼ਬਾਰ ਵਿੱਚ ਫ਼ਿਲਮਾਂ ਵਿੱਚ ਕੰਮ ਕਰਨ ਦਾ ਸੁਨਹਿਰੀ ਮੌਕਾ ਇਸ਼ਤਿਹਾਰ ਪੜ੍ਹਿਆ ਤੇ ਕਲਾਕਾਰ ਬਣਨ ਲਈ ਇਸ਼ਤਿਹਾਰ ਵਿੱਚ ਦਿੱਤੇ ਗਏ ਪਤੇ ਤੇ ਲੁਧਿਆਣਾ ਜਾ ਪਹੁੰਚੇ। 
ਇਸ਼ਤਿਹਾਰ ਵਾਲੇ ਦਫ਼ਤਰ ਵਿੱਚ ਉਹਨਾਂ ਰਣਜੀਤ ਮਣੀ ਦੀ ਤਰੀਫ਼ ਕਰਦਿਆਂ ਪੰਜ ਹਜ਼ਾਰ ਰੁਪਈਏ ਜਮ੍ਹਾਂ ਕਰਾਉਣ ਨੂੰ ਕਿਹਾ। ਰਣਜੀਤ ਮਣੀ ਮੁੜ ਆਪਣੇ ਪਿੰਡ ਚੁੱਪ ਕੀਤੀ ਪਰਤੇ ਤੇ ਆਪਣੇ ਵੱਡੇ ਭਾਈ ਤੇ ਮਾਤਾ ਜੀ ਨੂੰ ਪੈਸਿਆਂ ਬਾਰੇ ਦੱਸਿਆ। ਮਾਤਾ ਜੀ ਤੇ ਵੱਡਾ ਭਾਈ ਫ਼ਿਲਮਾਂ ਵਿੱਚ ਕੰਮ ਕਰਨ ਲਈ ਸਹਿਮਤ ਸਨ ਪਰ ਬਾਪੂ ਜੀ ਨੇ ਗਾਲ੍ਹਾਂ ਨਾਲ ਸੇਵਾ ਕੀਤੀ। ਘਰ ਵਿੱਚ ਗਰੀਬੀ ਹੋਣ ਕਰਕੇ ਪੈਸੇ ਨਹੀਂ ਸਨ ਪਰ ਰਣਜੀਤ ਮਣੀ ਦੇ ਮਾਤਾ ਜੀ ਨੇ ਆਪਣੀਆਂ ਕੰਨਾਂ ਦੀਆਂ ਵਾਲੀਆਂ ਵੇਚ ਕੇ ਪੈਸੇ ਦੇ ਦਿੱਤੇ। ਪੰਜ ਹਜ਼ਾਰ ਰੁਪਈਏ ਲੈ ਕੇ ਦਫ਼ਤਰ ਵਾਲ਼ੇ ਰਾਤੋ ਰਾਤ ਰਫੂ ਚੱਕਰ ਹੋ ਗਏ ਤੇ ਮਣੀ ਜੀ ਦੁਬਾਰਾ ਅਧੂਰੇ ਸੁਪਨੇ ਲੈ ਕੇ ਪਿੰਡ ਨੂੰ ਪਰਤ ਗਏ। 
ਕਹਿੰਦੇ ਹਨ ਜਦੋਂ ਤੁਹਾਡੇ ਅੰਦਰ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ, ਮੰਜ਼ਿਲ ਤੁਸੀਂ ਤੈਅ ਕੀਤੀ ਹੋਵੇ ਤੇ ਰਸਤਾ ਤੈਅ ਕਰਨ ਦੀ ਤਾਕਤ ਤੁਸੀਂ ਜੋੜਨ ਲੱਗਦੇ ਹੋ, ਇਸ ਸਭ ਵਿੱਚ ਕੁਦਰਤ ਵੀ ਤੁਹਾਡਾ ਸਾਥ ਜ਼ਰੂਰ ਦਿੰਦੀ ਹੈ, ਤੁਹਾਡੇ ਨਾਲ ਉਹ ਸਭ ਕੁਝ ਜੋੜਦੀ ਹੈ ਜੋ ਤੁਹਾਨੂੰ ਆਪਣੀ ਮੰਜ਼ਿਲ ਪਾਉਣ ਲਈ ਚਾਹੀਦਾ ਹੈ। ਪਿੰਡ ਜਾ ਕੇ ਮਣੀ ਜੀ ਦਾ ਦਿਲ ਨਾ ਲੱਗਾ ਤੇ ਮੁੜ ਫੇਰ ਤੋਂ ਲੁਧਿਆਣੇ ਆ ਗਏ ਤੇ ਅਮਰ ਸਿੰਘ ਚਮਕੀਲਾ ਜੀ ਦੇ ਦਫਤਰ ਵਿੱਚ ਝਾੜੂ ਪੋਚਾ ਕਰਨ ਦੀ ਨੌਕਰੀ ਕਰਨ ਲੱਗੇ। ਅੰਦਰ ਉਤਸੁਕਤਾ ਤਾਂ ਵਧੀਆ ਗਾਇਕ/ਕਲਾਕਾਰ ਬਣਨ ਦੀ ਸੀ ਪਰ ਮਜਬੂਰੀ ਲਈ ਮਜ਼ਦੂਰੀ ਕਰਨੀ ਵੀ ਚੰਗੀ ਸਮਝੀ। ਨੌਕਰੀ ਕਰਦਿਆਂ ਕੁਝ ਸਮਾਂ ਹੋਇਆ ਤਾਂ ਮਾਰਚ 1988 ਨੂੰ ਅਮਰ ਸਿੰਘ ਚਮਕੀਲਾ ਦਾ ਕਤਲ ਹੋ ਗਿਆ। ਕਤਲ ਹੋਣ ਨਾਲ ਸਾਰੇ ਪਾਸੇ ਹਾਹਾਕਾਰ ਮੱਚੀ ਤੇ ਸਭ ਕਲਾਕਾਰਾਂ ਨੇ ਕੁਝ ਸਮੇਂ ਲਈ ਗਾਉਣਾ ਬੰਦ ਕਰ ਦਿੱਤਾ। ਸਭ ਸੁੰਨਸਾਨ ਆਪਣੇ ਆਪਣੇ ਘਰਾਂ ਵਿੱਚ ਬੈਠ ਗਏ। ਮਣੀ ਵੀ ਮੁੜ ਪਿੰਡ ਪਰਤ ਗਿਆ। ਵਕਤ ਕਿਸੇ ਲਈ ਰੁਕਦਾ ਨਹੀਂ। ਮੁੜ ਸਾਰਾ ਕੁਝ ਪਹਿਲਾਂ ਵਰਗਾ ਹੋ ਗਿਆ ਤੇ ਮਣੀ ਮੁੜ ਲੁਧਿਆਣੇ ਆ ਕੇ ਕੁਲਦੀਪ ਮਾਣਕ ਜੀ ਦੇ ਦਫ਼ਤਰ ਰਿਆਜ਼ ਕਰਨ ਲੱਗੇ ਕੇ ਬੁਕਿੰਗ ਕਲਰਕ ਬਣ ਕੇ ਨੌਕਰੀ ਕਰਨ ਲੱਗੇ। ਮਣੀ ਦੀ ਬੋਲਚਾਲ ਗਾਹਕ ਤੇ ਬਹੁਤ ਅਸਰ ਕਰਦੀ ਸੀ ਜਿਸ ਕਰਕੇ ਮਾਣਕ ਸਾਹਿਬ ਦੇ ਮਿੱਥੇ ਮੁੱਲ 4000 ਤੋਂ  ਵੱਧ ਪੈਸੇ ਭਾਵ 4500-5000 ਵਿੱਚ ਅਖਾੜੇ ਬੁੱਕ ਹੋਣ ਲੱਗੇ। 
ਜਦੋਂ ਇੱਕ ਦਿਨ ਦੇ ਦੇ ਪ੍ਰੋਗਰਾਮ ਆ ਗਏ ਤਾਂ ਮਣੀ ਨੇ ਆਪ ਜਾ ਕੇ ਇੱਕ ਮੰਚ ਤੇ ਆਪਣਾ ਅਖਾੜਾ ਲਾ ਦਿੱਤਾ। ਜੋ ਸਫ਼ਲ ਰਿਹਾ। ਬਾਅਦ ਵਿੱਚ ਮਣੀ ਨੇ ਮਾਣਕ ਸਾਹਿਬ ਦੇ ਦਫ਼ਤਰ ਦੇ ਉੱਪਰ ਵਾਲੇ ਕਮਰੇ ਵਿੱਚ ਆਪਣਾ ਵੱਖਰਾ ਦਫ਼ਤਰ ਬਣਾ ਲਿਆ। ਅਖਾੜੇ ਬੁੱਕ ਹੋਣ ਲੱਗੇ ਤੇ ਮਣੀ ਦੀ ਗੀਤਕਾਰੀ ਦਾ ਸਫ਼ਰ ਸੁਰੂ ਹੋ ਚੁੱਕਾ ਸੀ। ਜਦੋਂ ਮਣੀ ਦਾ ਗੀਤ ਰਿਕਾਰਡ ਹੋਣਾ ਸੀ ਤਾਂ ਭਾਈ ਸਾਹਿਬ ਨੂੰ ਬੁੱਲਾ ਕੇ ਅਰਦਾਸ ਕਰਵਾਈ ਗਈ ਤੇ ਰਣਜੀਤ ਸਿੰਘ ਧਾਰੀਵਾਲ ਤੋਂ ਬਦਲ ਕੇ ਨਵਾਂ ਨਾਮ ਰਣਜੀਤ ਮਣੀ ਦਿੱਤਾ ਗਿਆ। 
ਰਣਜੀਤ ਮਣੀ ਨੇ ਬਹੁਤ ਸਾਰੇ ਗੀਤ ਗਾਏ ਹਨ ਜਿਹਨਾਂ ਵਿੱਚ ਬਹੁ-ਚਰਚਿਤ &ldquoਤੇਰੇ ਵਿਆਹ ਦਾ ਕਾਰਡ, ਸੁਨੱਖੀ ਕੁੜੀ, ਦੋ ਗੱਲਾਂ ਪਿਆਰ ਦੀਆਂ, ਮਾਹੌਲ ਖਰਾਬ ਹੈ, ਪਟਿਆਲੇ ਮੁੰਡਾ ਪੜ੍ਹਦਾ, ਮਾਰੇ ਗਏ ਲੁੱਟੇ ਗਏ, ਮਜ਼ਾ ਫ਼ੋਨ ਤੇ ਨਹੀਂ ਆਉਂਦਾ, ਪਾਸਪੋਰਟ ਬਣਾ ਲਿਆ, ਲੋਕ ਪੂਜਦੇ ਮੜੀਆਂ, ਅਰਥੀ ਤੇਰੇ ਆਸ਼ਕ ਦੀ, ਤੈਨੂੰ ਯਾਦ ਵੀ ਨਹੀਂ ਹੋਣਾ,  ਜਵਾਨੀ ਦੀਆਂ ਮੁਬਾਰਕਾਂ, ਪਿਆਰ ਦੇ ਖਿਆਲਾ ਚ, ਉਹ ਛਮ ਛਮ ਰੋ ਪਈ, ਰੁੱਸਣਾ, ਤੇਰੀ ਕੋਠੀ ਦੇ ਗੇਟ ਵਿੱਚੋਂ, ਵਿੱਚ ਪਰਦੇਸਾਂ ਦੇ, ਮਾਂ ਸ਼ੇਰਾਂ ਵਾਲੀ (ਧਾਰਮਿਕ), ਅੰਮ੍ਰਿਤ ਬਾਟੇ ਦਾ (ਧਾਰਮਿਕ), ਰਾਂਝੇ ਦਾ ਪ੍ਰਿੰਸੀਪਲ ਆਦਿ। 
ਭਾਵੇਂ ਮਣੀ ਜੀ ਨੇ ਬਹੁਤ ਸਾਰੇ ਸੁਰੀਲੇ ਗੀਤ ਗਾਏ ਹਨ ਪਰ ਰਾਂਝੇ ਦਾ ਪ੍ਰਿੰਸੀਪਲ ਅਤੇ ਪਾਸਪੋਰਟ ਬਣਾ ਲਿਆ ਗੀਤਾਂ ਨੇ ਉਹਨਾਂ ਨੂੰ ਗਾਇਕੀ ਦੀ ਪਹਿਲੀ ਕਤਾਰ ਵਿੱਚ ਲਿਆ ਕੇ ਸੁਪਰ ਸਟਾਰ ਬਣਾ ਦਿੱਤਾ। ਰਾਂਝੇ ਦਾ ਪ੍ਰਿੰਸੀਪਲ ਗੀਤ ਨੂੰ ਲੋਕ ਅੱਜ ਵੀ ਉਸੇ ਤਰ੍ਹਾਂ ਸੁਣਨਾ ਪਸੰਦ ਕਰਦੇ ਹਨ ਜਿੰਨਾ ਇੱਕ ਦਹਾਕੇ ਪਹਿਲਾਂ ਕਰਦੇ ਸੀ। 
ਮੋਤੀ ਸ਼ਾਇਰ ਪੰਜਾਬੀ ਦੇ ਸਵਾਲ ਐਨੇ ਸੋਹਣੇ ਤੇ ਸਰਲ ਸਨ ਕਿ ਪ੍ਰੋਗਰਾਮ ਵਿੱਚ ਬੈਠੇ ਸਾਰੇ ਬੁੱਧੀਜੀਵੀਆਂ ਨੂੰ ਪਤਾ ਹੀ ਨਹੀ ਲੱਗਾ ਕਿ ਕਦੋਂ ਪ੍ਰੋਗਰਾਮ ਅਰੰਭ ਤੋਂ ਅਖੀਰਲੇ ਪੜਾਅ ਵੱਲ ਆ ਪਹੁੰਚਿਆ। ਪ੍ਰੋਗਰਾਮ ਦੇ ਅਖੀਰ ਵਿੱਚ ਮੁਖਤਾਰ ਚੰਦੀ ਜੀ ਨੇ ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਦੇ ਪ੍ਰੋਗਰਾਮ &ldquoਦਿਲ ਦੇ ਵਰਕੇ ਫੋਲ&rdquo ਵਿੱਚ ਹਾਜ਼ਰੀ ਭਰ ਰਹੇ ਮੁੱਖ ਮਹਿਮਾਨ ਪੰਜਾਬੀ ਪ੍ਰਸਿੱਧ ਗਾਇਕ ਰਣਜੀਤ ਮਣੀ, ਮੰਚ ਪ੍ਰਧਾਨ ਬਿੰਦਰ ਕੋਲੀਆਂ ਵਾਲ, ਮੰਚ ਸੰਚਾਲਕ ਮੋਤੀ ਸ਼ਾਇਰ ਅਤੇ ਟੀਮ ਮੈਂਬਰ ਜਸਵਿੰਦਰ ਕੌਰ ਮਿੰਟੂ, ਪੋਲੀ ਬਰਾੜ, ਗੁਰਮੀਤ ਮੱਲ੍ਹੀ, ਮੰਗਤ ਖਾਨ, ਸਰਬਜੀਤ ਸਿੰਘ ਜਰਮਨੀ ਦਾ ਬਹੁਤ ਪਿਆਰਾ ਸ਼ੇਅਰ ਗਾ ਕੇ ਧੰਨਵਾਦ ਕੀਤਾ। 
ਆਪ ਜੀ ਸਾਡੇ ਇਸ ਪ੍ਰੋਗਰਾਮ ਨੂੰ ਯੂ ਟਿਊਬ ਚੈਨਲ &ldquoਬਿੰਦਰ ਕੋਲੀਆਂ ਵਾਲ&rdquo  ਜਾਂ ਫੇਸਬੁੱਕ ਪੇਜ ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਤੇ ਸੁਣ ਸਕਦੇ ਹੋ। 
ਚੰਗੀ ਲੱਗੇ ਹਾੜ੍ਹ ਜੇਠ ਵਿੱਚ ਪੈਂਦੀ ਜਿਵੇਂ ਕਣੀ,
ਇੰਜ ਕਲਾਕਾਰਾ ਵਿੱਚ ਰਣਜੀਤ ਮਣੀ! 
ਸਰਬਜੀਤ ਸਿੰਘ ਜਰਮਨੀ