ਨਵਾਂ ਅਕਾਲੀ ਦਲ ਦੀ ਕੀ ਸੰਭਾਵਨਾ ਤੇ ਚੁਣੌਤੀਆਂ ਹਨ ? ਦੇ ਲੇਖ ਦੀ, ਸਿੱਖੀ ਸਿਧਾਂਤਾਂ ਦੇ ਨਜ਼ਰੀਏ ਤੋਂ ਪੜਚੋਲ

2 ਤੋਂ 9 ਅਕਤੂਬਰ ਪੰਜਾਬ ਟਾਈਮਜ਼ ਯੂ।ਕੇ। ਦੇ ਅੰਕ 3100 ਦੇ ਸਫ਼ਾ 32 ਉੱਤੇ ਪ੍ਰੀਤਮ ਸਿੰਘ ਪ੍ਰੋਫੈਸਰ ਐਮੇਰਿਟਸ ਆਕਸਫੋਰਡ ਬਰੁਕਮ ਯੂਨੀਵਰਸਿਟੀ ਯੂ।ਕੇ। ਦਾ ਲੇਖ, ਨਵਾਂ ਅਕਾਲੀ ਦਲ ਦੀ ਕੀ ਸੰਭਾਵਨਾ ਤੇ ਚੁਣੌਤੀਆਂ ਹਨ ਛੱਪਿਆ ਹੈ । ਇਸ ਲੇਖ ਦੀ ਸਿੱਖੀ ਸਿਧਾਂਤਾਂ ਦੇ ਨਜ਼ਰੀਏ ਤੋਂ ਪੜਚੋਲ ਇਸ ਕਰਕੇ ਜਰੂਰੀ ਹੋ ਗਈ, ਕਿਉਂਕਿ ਲੇਖਕ ਸਿੱਖੀ ਬਾਰੇ ਸਵੈ ਵਿਰੋਧੀ ਵਿਚਾਰ ਪ੍ਰਗਟਾਉਂਦਾ ਨਜ਼ਰ ਆਉਂਦਾ ਹੈ । ਉਦਾਹਰਣ ਦੇ ਤੌਰ &lsquoਤੇ ਲੇਖਕ ਸਿੱਖਇਜ਼ਮ ਦੀ ਥਾਂ ਸਿੱਖੀ ਸ਼ਬਦ ਦੀ ਵਰਤੋਂ ਕਰਨਾ ਪਸੰਦ ਕਰਦਾ ਹੈ ਜੋ ਕਿ ਬਹੁਤ ਚੰਗੀ ਗੱਲ ਹੈ । ਪਰ ਇਸ ਦੇ ਨਾਲ-ਨਾਲ ਇਹ ਜਾਨਣਾ ਵੀ ਜਰੂਰੀ ਹੈ ਕਿ ਸਿੱਖੀ ਦੀ ਵਿਆਖਿਆ ਕੀ ਹੈ । ਲੇਖਕ ਲਿਖਦਾ ਹੈ : ਮੈਂ ਕੋਈ ਸਿੱਖੀ (ਮੈਂ ਗ਼ਲਤ ਵਰਤੇ ਜਾਂਦੇ ਪੱਛਮੀ ਸ਼ਬਦ ਸਿੱਖਇਜ਼ਮ ਦੀ ਬਜਾਏ ਇਹ ਸ਼ਬਦ ਵਰਤਣਾ ਪਸੰਦ ਕਰਦਾ ਹਾਂ) ਦੇ ਸਾਰ ਨੂੰ ਦੇਖੇ ਤਾਂ ਇਹ ਸਮਾਨਤਾ ਹੈ । ਅਧਿਆਤਮਕ, ਸਮਾਜਿਕ ਅਤੇ ਵਾਤਾਵਰਣ ਨਾਲ ਜੁੜੀ ਹੋਈ । ਅਧਿਆਤਮਕ ਇਸ ਲਈ ਕਿਉਂਕਿ ਸਾਰੇ ਜੀਵਾਂ ਨੂੰ ਬਰਾਬਰ ਮੰਨਿਆ ਜਾਂਦਾ ਹੈ, ਸਮਾਜਿਕ ਇਸ ਲਈ ਕਿਉਂਕਿ ਜਾਤ ਤੇ ਲੰਿਗ ਅਧਾਰਤ ਸਮਾਜਿਕ ਵਰਗੀਕਰਨ ਦੀ ਆਲੋਚਨਾ ਕੀਤੀ ਜਾਂਦੀ ਹੈ ਅਤੇ ਵਾਤਾਵਰਣ ਦੀ ਇਸ ਲਈ ਕਿਉਂਕਿ ਬਰਾਬਰੀ ਦਾ ਦ੍ਰਿਸ਼ਟੀਕੋਣ ਮਨੁੱਖਾਂ ਤੋਂ ਅਗਾਂਹ ਸਾਰੇ ਜੀਵਾਂ ਤੱਕ ਜਾਂਦਾ ਹੈ । ਸਿੱਖ ਸਮਾਜ ਅਤੇ ਸੰਸਥਾਵਾਂ ਅਮਲੀ ਤੌਰ &lsquoਤੇ ਗੁਰੂ ਦੇ ਬਰਾਬਰੀ ਦੇ ਦ੍ਰਿਸ਼ਟੀਕੋਣ ਤੋਂ ਪ੍ਰਭਾਵਿਤ ਹਨ, ਪਰ ਇਨ੍ਹਾਂ ਅੰਦਰ ਜਾਤ ਅਸਮਾਨਤਾ ਅਤੇ ਪੱਖਪਾਤਾਂ ਤੇ ਪੁਰਸ਼ ਪ੍ਰਧਾਨ ਰਵਾਇਤਾਂ ਤੇ ਜ਼ੋਰ ਦੇ ਕੇ ਵੱਡੀ ਗਿਰਾਵਟ ਦਰਜ ਹੋਈ ਹੈ । ਇਹ ਸਿੱਖੀ ਦਾ ਸਮਾਨਤਾ ਨੂੰ ਸੁਰਜੀਤ ਕਰਨ ਦਾ ਵੇਲਾ ਹੈ । ਇਥੇ ਵਿਚਾਰਨਯੋਗ ਤੱਥ ਇਹ ਹੈ ਕਿ ਉਕਤ ਪੈਰੇ੍ਹ ਵਿੱਚ ਤਾਂ ਪ੍ਰੀਤਮ ਸਿੰਘ ਜੀ ਸਿੱਖ ਸਮਾਜ ਤੇ ਸਿੱਖ ਸੰਸਥਾਵਾਂ ਤੇ ਉਂਗਲ ਚੁੱਕਦੇ ਹਨ ਕਿ ਇਨ੍ਹਾਂ ਵਿੱਚ ਜਾਤ ਅਸਮਾਨਤਾ ਤੇ ਪੱਖਪਾਤ ਭਾਰੂ ਹੈ ਜੋ ਨਹੀਂ ਹੋਣਾ ਚਾਹੀਦਾ ਕਿਉਂਕਿ ਸਿੱਖੀ ਵਿੱਚ ਜਾਤ ਤੇ ਲੰਿਗ ਅਧਾਰਤ ਸਮਾਜਿਕ ਵਰਗੀ ਕਰਨ ਦੀ ਆਲੋਚਨਾ ਕੀਤੀ ਜਾਂਦੀ ਹੈ । ਪ੍ਰੀਤਮ ਸਿੰਘ ਜੀ ਹੋਰ ਲਿਖਦੇ ਹਨ ਕਿ ਇਹ ਸਿੱਖੀ ਦੀ ਸਮਾਨਤਾ ਨੂੰ ਸੁਰਜੀਤ ਕਰਨ ਦਾ ਵੇਲਾ ਹੈ । ਪਰ ਹੈਰਾਨੀ ਦੀ ਗੱਲ ਹੈ ਕਿ ਅੱਗੇ ਚੱਲਕੇ ਪ੍ਰੀਤਮ ਸਿੰਘ ਜੀ ਖ਼ੁਦ ਹੀ ਸਿੱਖੀ ਦੀ ਸਮਾਨਤਾ ਨੂੰ ਢਾਅ ਲਾਉਣ ਹਿੱਤ, ਲਿਖਦੇ ਹਨ ਕਿ ਨਵੀਂ ਪਾਰਟੀ ਨੂੰ ਉੱਚੀਆਂ ਜਾਤਾਂ ਦੇ ਪੰਜਾਬੀ ਹਿੰਦੂ ਭਾਈਚਾਰੇ ਨਾਲ ਰਿਸ਼ਤੇ ਕਾਇਮ ਕਰਨੇ ਚਾਹੀਦੇ ਹਨ । ਇਸ ਤੋਂ ਸਪੱਸ਼ਟ ਹੈ ਕਿ ਪ੍ਰੀਤਮ ਸਿੰਘ ਜੀ ਉੱਚੀਆਂ ਤੇ ਨੀਵੀਆਂ ਜਾਤਾਂ ਦੇ ਵਰਗੀਕਰਨ ਨੂੰ ਸਵੀਕਾਰਦੇ ਹਨ, ਜਿਸ ਦੀ ਸਿੱਖੀ ਸਿਧਾਂਤਾਂ ਵਿੱਚ ਸਖ਼ਤ ਮਨਾਹੀ ਹੈ । ਜਦ ਸਿੱਖੀ ਸਿਧਾਂਤਾਂ &lsquoਤੇ ਪਹਿਰਾ ਨਹੀਂ ਦੇਣਾ ਫਿਰ ਸਿੱਖੀ ਆਖੋ ਜਾਂ ਸਿੱਖਇਜ਼ਮ ਆਖੋ ਕੀ ਫਰਕ ਪੈਂਦਾ ? ਨਵਾਂ ਅਕਾਲੀ ਦਲ (ਸ਼੍ਰੋਮਣੀ ਅਕਾਲੀ ਦਲ) ਸਿੱਖਾਂ ਦੀ ਰਾਜਨੀਤਕ ਪਾਰਟੀ ਹੈ ਤੇ ਸਿੱਖੀ ਸਿਧਾਂਤਾਂ ਨੂੰ ਸਮਰਪਿਤ ਹੈ, ਉਨ੍ਹਾਂ ਲਈ ਸਾਰੇ ਹਿੰਦੂ ਬਰਾਬਰ ਹਨ ਭਾਵੇਂ ਉਹ ਉੱਚੀ ਜਾਤ ਦੇ ਹੋਣ ਜਾਂ ਨੀਵੀਂ ਜਾਤ ਦੇ, ਸਭ ਦੀਆਂ ਵੋਟਾਂ ਬਰਾਬਰ ਹਨ । ਅੱਗੇ ਚੱਲਕੇ ਪ੍ਰੀਤਮ ਸਿੰਘ ਜੀ ਸਿੱਖਾਂ ਵਿੱਚ ਜਾਤ-ਪਾਤ ਦਾ ਕੁਰਾਹਾ ਪੱਕਿਆਂ ਕਰਨ ਲਈ ਲਿਖਦੇ ਹਨ : ਪੰਜਾਬੀ ਸਮਾਜ ਦੇ ਉੱਨਤ ਹਿੱਸੇ ਵਿੱਚ ਮੁੱਖ ਤੌਰ ਤੇ ਤਿੰਨ ਜਾਤਾਂ ਬ੍ਰਾਹਮਣ, ਖੱਤਰੀ ਅਤੇ ਬਾਣੀਏ ਸ਼ਾਮਿਲ ਹਨ । ਕੁਝ ਸਿੱਖਾਂ ਦਾ ਪਿਛੋਕੜ ਹਾਲਾਂਕਿ ਬ੍ਰਾਹਮਣ ਤੇ ਬਾਣੀਆਂ ਜਾਤਾਂ ਵਿੱਚੋਂ ਹੀ ਹੈ, ਪਰ ਇਹ ਖੱਤਰੀ ਭਾਈਚਾਰਾ ਜਿਸ ਨੇ ਸਭ ਤੋਂ ਵੱਧ ਸਿੱਖੀ ਨੂੰ ਅਪਣਾਇਆ । ਪ੍ਰੀਤਮ ਸਿੰਘ ਜੀ ਨੂੰ ਦਾਸ ਬੇਨਤੀ ਕਰੇ ਕਿ ਜਦੋਂ ਕੋਈ ਪ੍ਰਾਣੀ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਦੀ ਦੱਸੀ ਮਰਿਯਾਦਾ ਅਨੁਸਾਰ ਖੰਡੇ ਦੀ ਪਹੁਲ ਲੈ ਕੇ ਸਿੱਖੀ ਅਪਣਾ ਲੈਂਦਾ ਹੈ ਤਾਂ ਉਸ ਦੀ ਪਿਛਲੀ ਕੁਲ, ਕਿਰਤ, ਕਰਮ, ਧਰਮ ਦਾ ਨਾਸ਼ ਹੋ ਜਾਂਦਾ ਹੈ । ਨਵੇਂ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਸਿੱਖੀ ਦੇ ਇਸ ਨਾਸ਼ ਸਿਧਾਂਤ ਦੀ ਪੂਰੀ ਜਾਣਕਾਰੀ ਰੱਖਦੇ ਹਨ ਤੇ ਇਸ &lsquoਤੇ ਪਹਿਰਾ ਦੇ ਰਹੇ ਹਨ । ਸਿੱਖੀ ਅਪਨਾਉਣ ਤੋਂ ਬਾਅਦ ਆਪਣੇ ਨਾਂਅ ਨਾਲ ਪਿਛਲੀ ਜਾਤ ਦਾ ਛੱਜ ਬੰਨ੍ਹੀ ਰੱਖਣਾ ਉੱਚਿਤ ਨਹੀਂ ਹੈ । ਸਿੱਖੀ ਦੀ ਪਛਾਣ ਕੇਵਲ ਇਕ ਸਿੱਖ ਧਰਮ ਵਜੋਂ ਹੀ ਨਹੀਂ ਸਗੋਂ ਇਕ ਪੰਥ ਵਜੋਂ ਵੀ ਹੈ । ਗੁਰੂ ਨਾਨਕ ਦੇ ਸਰਬੱਤ ਦੇ ਭਲੇ ਅਤੇ ਹਲੇਮੀ ਰਾਜ ਦੇ ਮਿਸ਼ਨ ਦੀ ਪੂਰਤੀ ਨਾ ਤਾਂ ਮਨੁੱਖਤਾ ਨੂੰ ਵੰਡਣ ਵਾਲੀ ਬ੍ਰਾਹਮਣ-ਖੱਤਰੀ, ਵੈਸ਼-ਸ਼ੂਦਰ ਵਰਣ ਆਸ਼ਰਮ ਦੇ ਜਾਤ-ਪਾਤੀ ਚੌਖਟੇ ਵਿੱਚ ਸੰਭਵ ਹੋ ਸਕਦੀ ਸੀ ਤੇ ਨਾ ਹੀ ਸ਼ਰੀਅਤ ਦੇ ਕੱਟੜ ਵਿਧਾਨ ਅੰਦਰ ਮੁਮਕਿਨ ਸੀ । ਸਿੱਖੀ ਧਰਮ ਦੀ ਵਿਚਾਰਧਾਰਾ ਅਨੁਸਾਰ ਆਤਮਿਕ ਸੁਤੰਤਰਤਾ ਨੂੰ ਸਮਾਜਿਕ ਸੁਤੰਤਰਤਾ ਤੋਂ ਵੱਖ ਨਹੀਂ ਕੀਤਾ ਜਾ ਸਕਦਾ । ਗੁਰੂ ਨਾਨਕ ਸਾਹਿਬ ਨੇ ਆਪਣੇ ਸਮੇਂ ਲੋਕਾਈ ਵਿੱਚ ਰਾਜਸੀ, ਧਾਰਮਿਕ, ਸਮਾਜਿਕ ਤੇ ਸੱਭਿਆਚਾਰਕ ਅਧੋਗਤੀ ਨੂੰ ਅਨੁਭਵ ਕੀਤਾ ਅਤੇ ਇਸ ਨੂੰ ਦੂਰ ਕਰਨ ਲਈ ਨਿਰਮਲ ਪੰਥ ਦੀ ਨੀਂਹ ਰੱਖੀ । ਅਰਥਾਤ - ਮਾਰਿਆ ਸਿੱਕਾ ਜਗਤਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ ਅਤੇ - ਚਾਰ ਵਰਨ (ਬ੍ਰਾਹਮਣ-ਖੱਤਰੀ-ਵੈਸ਼-ਸ਼ੂਦਰ) ਗੁਰ ਸਿੱਖ ਕਰਿ ਗੁਰਮੁਖਿ ਸਚਾ ਪੰਥੁ ਚਲਾਇਆ (ਭਾਈ ਗੁਰਦਾਸ ਦੀਆਂ ਵਾਰਾਂ ਵਿੱਚੋਂ) ਗੁਰੂ ਨਾਨਕ ਪਾਤਸ਼ਾਹ ਨੇ ਇਕ ਨਵੇਂ ਧਰਮ ਦਾ ਮੁੱਢ ਬੰਨਿਆ ਜਿਸ ਨੂੰ ਭਾਈ ਗੁਰਦਾਸ ਨੇ ਤੀਸਰੇ ਪੰਥ ਦਾ ਨਾਉਂ ਦਿੱਤਾ । ਇਹ ਤੀਸਰਾ ਪੰਥ ਕਿਸੇ ਪਹਿਲੇ ਦੀ ਨਕਲ ਜਾਂ ਕਿਸੇ ਪੁਰਾਣੇ ਦਾ ਸੋਧਿਆ ਹੋਇਆ ਰੂਪ ਨਹੀਂ ਸੀ ਤੇ ਨਾ ਹੀ ਧਰਮਾਂ ਦਾ ਮਿਸ਼ਰਣ ਜਾਂ ਉਨ੍ਹਾਂ ਦੇ ਚੰਗੇ ਤੱਤਾਂ ਦਾ ਅਰਕ ਸੀ । ਇਹ ਆਪਣੇ ਆਪ ਵਿੱਚ ਮੁਕੰਮਲ ਸੀ, ਇਕ ਦਮ ਅਸਲੀ, ਮੌਲਿਕ ਤੇ ਸੁਤੰਤਰ । ਤੀਸਰੇ ਪੰਥ ਦੇ ਸੱਚ ਨੂੰ ਜੇਕਰ ਇਨ੍ਹਾਂ ਮੌਲਿਕ ਅਰਥਾਂ ਵਿੱਚ ਨਹੀਂ ਸਮਝਿਆ ਜਾਂਦਾ ਤਾਂ ਇਸ ਵਿੱਚੋਂ ਅਟਲ ਰੂਪ ਵਿੱਚ ਇਸ ਦੀ ਗਲਤ ਪੇਸ਼ਕਾਰੀ ਦੇ ਬਿਪਰ ਰੁਝਾਨ ਜਨਮ ਲੈਂਦੇ ਹਨ । (ਨੋਟ-ਪ੍ਰੀਤਮ ਸਿੰਘ ਦੀ ਇਹ ਗਲਤ ਪੇਸ਼ਕਾਰੀ ਹੀ ਹੈ ਕਿ ਪੰਜਾਬੀ ਸਮਾਜ ਦੇ ਉੱਨਤ ਹਿੱਸੇ ਤਿੰਨ ਜਾਤਾਂ ਬ੍ਰਾਹਮਣ, ਖੱਤਰੀ ਤੇ ਬਾਣੀਏ ਹਨ, ਕੁਝ ਸਿੱਖਾਂ ਦਾ ਪਿਛੋਕੜ ਹਾਲਾਂਕਿ ਬ੍ਰਾਹਮਣ ਤੇ ਬਾਣੀਆਂ ਜਾਤਾਂ ਵਿੱਚੋਂ ਹੈ ਇਸ ਕਰਕੇ ਬਿਪਰ ਰੁਝਾਨ ਜਨਮ ਲੈਂਦੇ ਹਨ, ਇਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਖੇਤੀ ਸਿੱਖ ਕਿਸਾਨ ਕਰਦੇ ਹਨ) ਸਿੱਖ ਧਰਮ ਦੀ ਰਾਜਨੀਤਕ ਤੇ ਧਾਰਮਿਕ ਰੁਚੀ ਦੇ ਸੰਗਮ ਦਾ ਨਾਂ ਪੰਥ ਹੈ । ਪੰਥ ਕੋਈ ਨਿਰੋਲ ਧਾਰਮਿਕ ਸੰਸਥਾ ਦਾ ਨਾਂ ਨਹੀਂ ਤੇ ਨਾ ਹੀ ਕਿਸੇ ਇਕ ਸਮੇਂ ਦੀ ਲੋੜ ਪੂਰਣ ਦਾ । ਪੰਥ ਉਨ੍ਹਾਂ ਮਰਜੀਵੜਿਆਂ ਦਾ ਇਕੱਠ ਹੈ, ਜਿਨ੍ਹਾਂ ਦੀਨ ਤੇ ਦੁਨੀ ਦੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਆਸ਼ਿਆਂ ਤੇ ਨਿਸ਼ਾਨਿਆਂ ਨੂੰ ਪ੍ਰਵਾਣ ਕਰ ਲਿਆ ਹੈ ਅਤੇ ਉਨ੍ਹਾਂ ਆਸ਼ਿਆਂ ਤੇ ਨਿਸ਼ਾਨਿਆਂ ਦੀ ਪੂਰਤੀ ਲਈ ਆਪਾ ਵਾਰਨ ਲਈ ਤੱਤਪਰ ਹਨ ਅਤੇ ਨਿੱਜੀ ਘਾਲਣਾ ਦੇ ਨਾਲ-ਨਾਲ ਸਮੂਹਿਕ ਘਾਲਣਾ ਕਰਨਾ ਵੀ ਆਪਣਾ ਫਰਜ ਸਮਝਦੇ ਹਨ । (ਪ੍ਰਿੰ: ਸਤਿਬੀਰ ਸਿੰਘ, ਖ਼ਾਲਸੇ ਦੀ ਵਾਸੀ ਪੁਸਤਕ)
ਅੰਤ ਵਿੱਚ ਜਸਵੰਤ ਸਿੰਘ ਕੰਵਲ ਦੀ ਪੁਸਤਕ ਹਾਲ ਮੁਰੀਦਾਂ ਦਾ ਵਿੱਚੋਂ ਵੀ ਇਹ ਇਕ ਹਵਾਲਾ ਦੇਣਾ ਕੁਥਾਂ ਨਹੀਂ ਹੋਵੇਗਾ : ਸਰਕਾਰ ਤੇ ਬ੍ਰਾਹਮਣਵਾਦੀ ਸੋਚ ਦੇ ਕਾਇਲ ਲਾਲਚ ਵੱਸ ਆਏ ਬੁੱਧੀਜੀਵੀੳ, ਆਪਣੀ ਲੱਛੇਦਾਰ ਭੁਲੇਖਾ ਪਾਊ ਸ਼ਬਦਾਵਲੀ ਵਰਤਕੇ ਲੋਕਾਂ ਨੂੰ ਧੋਖਾ ਨਾ ਦਿਉ । ਇਹ ਮਤਾਂ ਲੀਡਰਾਂ ਨੂੰ ਕੁਰਸੀਆਂ ਤਾਂ ਦੇ ਸਕਦੀਆਂ ਹਨ, ਪਰ ਲੋਕਾਂ ਦੇ ਗਲਾਂ ਵਿੱਚ ਗ਼ੁਲਾਮੀ ਦਾ ਪਟਾ ਵੀ ਜਰੂਰ ਪਾਉਂਦੀਆਂ ਹਨ । ਜਿਹੜੀ ਸੋਚ ਗ਼ੁਲਾਮੀ ਦਾ ਬੰਧਨ ਮਜ਼ਬੂਤ ਕਰਦੀ ਹੈ ਦੂਜੇ ਬੰਨੇ ਅਸਾਲਟ ਕਲਚਰ ਨੂੰ ਵੀ ਜਨਮ ਦਿੰਦੀ ਹੈ । ਗ਼ੁਲਾਮੀ ਦੇ ਵਿਰੁੱਧ ਘੋਲ ਨੂੰ ਕੁਦਰਤ ਜਨਮ ਦਿੰਦੀ ਹੈ । ਕੁਦਰਤ ਦਾ ਟਾਕਰਾ ਨਾ ਰਾਜਸੀ ਤਾਕਤ ਕਰ ਸਕਦੀ ਤੇ ਨਾ ਹੀ ਨਕਾਰੇ ਬੁੱਧੀਜੀਵੀਆਂ ਦੀ ਸੋਚ । ਸੋ ਜਨਤਾ ਮਹਾਨ ਹੈ, ਸੰਗਤ ਪ੍ਰਧਾਨ ਹੈ । ਸੋ ਸਰਬੱਤ ਦੇ ਭਲੇ ਲਈ ਜੱਦੋ ਜਹਿਦ ਨੂੰ ਆਪਣੇ ਵਰਗੀਆਂ ਘੱਟ-ਗਿਣਤੀ ਸ਼ਕਤੀਆਂ (ਨਾ ਕਿ ਉੱਚੀਆਂ ਜਾਤਾਂ) ਨੂੰ ਨਾਲ ਲੈ ਕੇ ਜਾਰੀ ਰੱਖਣਾ ਹੀ ਅੱਜ ਦੀ ਸਾਰਥਿਕ ਨੀਤੀ ਹੈ । ਭਾਈਚਾਰੇ ਦੀ ਬਰਾਬਰਤਾ ਤੇ ਸਾਂਝੀਵਾਲਤਾ ਸਾਡੇ ਨਗਾਰੇ ਦੀ ਪਹਿਲੀ ਤੇ ਆਖਰੀ ਚੋਟ ਹੈ ਜਿਹੜੀ ਬ੍ਰਾਹਮਣਵਾਦ ਨੂੰ ਚੁੱਭਦੀ ਹੈ । (ਹਵਾਲਾ ਪੁਸਤਕ ਹਾਲ ਮੁਰੀਦਾਂ ਦਾ ਪੰਨਾ 75 ਲੇਖਕ ਜਸਵੰਤ ਸਿੰਘ ਕੰਵਲ)
ਵਜ਼ੀਰੀਆਂ ਤੇ ਬਾਦਸ਼ਾਹੀਆਂ ਸਿੱਖੀ ਦਾ ਵਿਸ਼ਾ ਨਹੀਂ, ਬਾਦਸ਼ਾਹੀਆਂ ਸਿੱਖੀ ਦੇ ਦਰ ਉੱਤੇੇ ਝੁੱਕਦੀਆਂ ਤੇ ਚਰਨ ਬੰਦਨਾ ਕਰਦੀਆਂ ਹਨ । ਸਿੱਖੀ ਮਾਇਆਵਾਦ ਦੇ ਵਿਰੁੱਧ ਇਕ ਬਗਾਵਤ ਹੈ । ਇਹ ਸਾਂਝੀਵਾਲਤਾ ਦੀ ਉਪਦੇਸ਼ਿਕ ਹੈ । ਦੀਨ ਦੁਖੀਆਂ ਤੇ ਮਜਲੂਮਾਂ ਦੀ ਸਹਾਇਤਾ ਕਰਦਿਆਂ ਹੋਇਆਂ ਪ੍ਰਾਣਾਂ ਦੀ ਬਾਜ਼ੀ ਲੱਗ ਜਾਵੇ ਤਾਂ ਸਿੱਖ ਅੰਤਿਮ ਸਮੇਂ ਇਹੀ ਕਹੇਗਾ ਕਿ ਅਜਿਹਾ ਕਰਨਾ ਮੇਰਾ ਫ਼ਰਜ਼ ਸੀ । ਦਾਸ ਪ੍ਰੀਤਮ ਸਿੰਘ ਨੂੰ ਬੇਨਤੀ ਕਰੇਗਾ ਕਿ ਭਾਈ ਜੋਧ ਸਿੰਘ ਦੀ ਸੰਪਾਦਿਤ ਕੀਤੀ ਪੁਸਤਕ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਪੀ ਹੈ ਸਿੱਖੀ ਕੀ ਹੈ, ਜਰੂਰ ਪੜੋ੍ਹ ਜੇ ਹੋਰ ਸਿੱਖੀ ਬਾਰੇ ਪੂਰੀ ਜਾਣਕਾਰੀ ਲੈਣੀ ਚਾਹੁੰਦੇ ਤਾਂ ਭਾਈ ੁਗੁਰਦਾਸ ਦੀਆਂ ਵਾਰਾਂ ਪੜ੍ਹਨ ਦੀ ਕ੍ਰਿਪਾਲਤਾ ਕਰਨੀ । 
ਭੁੱਲਾਂ ਚੁੱਕਾਂ ਦੀ ਖਿਮਾਂ-ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਯੂ।ਕੇ।