27 ਅਕਤੂਬਰ ਸ਼ਹੀਦੀ ਤੇ ਵਿਸ਼ੇਸ਼, ਸਿਦਕੀ ਸਿੱਖ ਸ਼ਹੀਦ ਸ: ਦਰਸ਼ਨ ਸਿੰਘ ਫੇਰੂਮਾਨ ਦੀ ਕੁਰਬਾਨੀ ਨੂੰ ਯਾਦ ਕਰਦਿਆਂ

ਸਿੱਖੀ ਸਿਦਕ, ਸਬਰ ਤੇ ਸਿਰੜ ਨੂੰ ਤੋੜ ਨਿਭਾਉਣ ਵਾਲੇ ਸਿੱਖ ਆਗੂ ਸ। ਦਰਸ਼ਨ ਸਿੰਘ ਫੇਰੂਮਾਨ ਆਪਣੇ ਕੀਤੇ ਪ੍ਰਣ ਨੂੰ ਨਿਭਾਉਣ ਵਾਲੇ ਮਰਜੀਵੜੇ ਸਨ । ਆਪ ਵੀਹਵੀਂ ਸਦੀ ਦੇ ਉਨ੍ਹਾਂ ਸਿੱਖ ਆਗੂਆਂ ਵਿੱਚੋਂ ਇਕ ਸਨ, ਜਿਨ੍ਹਾਂ ਜੋ ਕਿਹਾ, ਉਸ ਨੂੰ ਪੂਰਾ ਕੀਤਾ। ਸ. ਦਰਸ਼ਨ ਸਿੰਘ ਫੇਰੂਮਾਨ ਨੇ ਆਪਣੀ ਇਸ ਕਾਇਆ ਦਾ ਬਲੀਦਾਨ ਦੇ ਕੇ ਸਮੁੱਚੇ ਪੰਜਾਬੀਆਂ ਅਤੇ ਸਿੱਖ ਜਗਤ ਤੋਂ ਭਰਪੂਰ ਸਤਿਕਾਰ ਪ੍ਰਾਪਤ ਕੀਤਾ । ਇਸ ਮਹਾਨ ਬਲੀਦਾਨੀ ਦਾ ਜਨਮ ਪਹਿਲੀ ਅਗਸਤ 1885 ਈ: ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਫੇਰੂਮਾਨ ਵਿੱਚ ਸ। ਚੰਦਾ ਸਿੰਘ ਅਤੇ ਮਾਤਾ ਚੰਦ ਕੌਰ ਦੇ ਗ੍ਰਹਿ ਵਿਖੇ ਹੋਇਆ । 
ਸ. ਦਰਸ਼ਨ ਸਿੰਘ ਦੱਸਵੀਂ ਦਾ ਇਮਤਿਹਾਨ ਪਾਸ ਕਰਨ ਪਿੱਛੋਂ 1912 ਈ: ਵਿੱਚ ਭਾਰਤੀ ਅੰਗ੍ਰੇਜ਼ੀ ਫੌਜ ਵਿੱਚ ਭਰਤੀ ਹੋ ਗਏ । ਪਰ ਫੌਜ ਦੀ ਨੌਕਰੀ ਕੇਵਲ 2 ਕੁ ਸਾਲ ਕਰਨ ਤੋਂ ਬਾਅਦ ਹਿਸਾਰ (ਮੌਜੂਦਾ ਹਰਿਆਣਾ) ਵਿਖੇ ਰਹਿ ਕੇ ਠੇਕੇਦਾਰੀ ਕਰਨੀ ਸ਼ੁਰੂ ਕੀਤੀ । ਜਦੋਂ 1920 ਵਿੱਚ ਸੰਪੂਰਨ ਰੂਪ ਵਿੱਚ ਗੁਰਦੁਆਰਾ ਸੁਧਾਰ ਲਹਿਰ ਦਾ ਸਿਖ਼ਰ ਸੀ, ਆਪ ਸਿੱਖ ਸੰਘਰਸ਼ ਵਿੱਚ ਕੁੱਦ ਪਏ। 1921 ਈ: ਵਿੱਚ ਚਾਬੀਆਂ ਦੇ ਮੋਰਚੇ ਦੌਰਾਨ ਗ੍ਰਿਫਤਾਰ ਕੀਤਾ ਗਿਆ । ਇਸ ਸੰਘਰਸ਼ ਦੌਰਾਨ ਉਨ੍ਹਾਂ ਨੂੰ ਇਕ ਸਾਲ ਦੀ ਕੈਦ ਕੱਟਣੀ ਪਈ । ਇਸ ਤੋਂ ਬਾਅਦ ਦਸੰਬਰ, 1924 ਈ: ਵਿੱਚ ਜਦੋਂ ਜੈਤੋਂ ਦਾ ਮੋਰਚਾ ਆਪਣੀ ਸਿਖਰ &lsquoਤੇ ਸੀ, ਸਿੱਖ ਧੜਾ ਧੜ ਗ੍ਰਿਫਤਾਰੀਆਂ ਦੇ ਰਹੇ ਸਨ ਤਾਂ ਸ: ਦਰਸ਼ਨ ਸਿੰਘ ਫੇਰੂਮਾਨ ਨੂੰ 14ਵੇਂ ਜਥੇਦਾਰ ਥਾਪਿਆ ਗਿਆ । ਜਥੇ ਦੀ ਗ੍ਰਿਫਤਾਰੀ ਤੋਂ ਪਿੱਛੋਂ ਉਨ੍ਹਾਂ ਨੂੰ 10 ਮਹੀਨੇ ਦੀ ਕੈਦ ਕੱਟਣੀ ਪਈ । ਇਸ ਤੋਂ ਬਾਅਦ ਦੇਸ਼ ਦੀ ਅਜ਼ਾਦੀ ਲਈ ਚੱਲ ਰਹੇ ਸੰਘਰਸ਼ ਦੇ ਦੌਰਾਨ ਨਾ ਮਿਲ-ਵਰਤਣ ਲਹਿਰ ਵਿੱਚ ਸ਼ਾਮਿਲ ਹੋ ਕੇ ਮੁੜ 14 ਮਹੀਨੇ ਸਖ਼ਤ ਕੈਦ ਕੱਟਣੀ ਪਈ ।
1926 ਈ: ਵਿੱਚ ਆਪ ਮਲਾਇਆ ਚਲੇ ਗਏ, ਉਥੇ ਵੀ ਸੰਘਰਸ਼ ਨੂੰ ਮੱਠਾ ਨਹੀਂ ਪੈਣ ਦਿੱਤਾ । ਫਿਰ ਗ੍ਰਿਫਤਾਰ ਕਰ ਲਿਆ ਗਿਆ । ਜੇਲ੍ਹ ਵਿੱਚ ਸਿੱਖੀ ਦੇ ਕਕਾਰਾਂ ਦਾ ਅੰਗ ਕਛਹਿਰਾ ਪਹਿਨਣ ਦਾ ਹੱਕ ਪ੍ਰਾਪਤ ਕਰਨ ਲਈ 21 ਦਿਨ ਲਗਾਤਾਰ ਭੁੱਖ ਹੜਤਾਲ ਕੀਤੀ । ਆਪਣੀ ਗੱਲ ਨੂੰ ਮੰਨਵਾ ਕੇ ਹੀ ਭੁੱਖ ਹੜਤਾਲ ਖ਼ਤਮ ਕੀਤੀ । ਇਸ ਤੋਂ ਪਿੱਛੋਂ ਜਦੋਂ ਦੇਸ਼ ਪਰਤੇ, ਅਜ਼ਾਦੀ ਦੀ ਲਹਿਰ ਲਈ ਚੱਲ ਰਹੇ ਸੰਘਰਸ਼ ਤਹਿਤ ਕਾਂਗਰਸ ਵੱਲੋਂ ਚਲਾਈ ਸਿਵਲ-ਨਾ ਫੁਰਮਾਨੀ ਲਹਿਰ ਤੇ ਭਾਰਤ ਛੱਡੋ ਅੰਦੋਲਨ ਵਿੱਚ ਭਰਪੂਰ ਯੋਗਦਾਨ ਪਾਇਆ । 
ਕਾਂਗਰਸ ਪਾਰਟੀ ਵੱਲੋਂ ਨਾਮਜ਼ਦਗੀ ਪ੍ਰਾਪਤ ਕਰਕੇ ਆਪ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਵੀ ਰਹੇ । ਪਰ ਕਾਂਗਰਸ ਪਾਰਟੀ ਨਾਲ ਮੱਤਭੇਦ ਹੋਣ ਕਰਕੇ ਕਾਂਗਰਸ ਛੱਡ ਕੇ ਸੁਤੰਤਰ ਪਾਰਟੀ ਵਿੱਚ ਸ਼ਾਮਿਲ ਹੋ ਗਏ । ਪੰਜਾਬ ਵਿੱਚ ਸੁਤੰਤਰ ਪਾਰਟੀ ਦੇ ਪ੍ਰਚਾਰ ਲਈ ਲਗਾਤਾਰ ਯਤਨਸ਼ੀਲ ਰਹੇ । ਇਸ ਪਾਰਟੀ ਦੇ ਮੋਢੀ ਆਗੂ ਵਜੋਂ ਰਾਤ-ਦਿਨ ਇਕ ਕਰਕੇ ਸਖਤ ਮਿਹਨਤ ਕੀਤੀ । ਜਦੋਂ ਭਾਰਤੀ ਸਰਕਾਰ ਵੱਲੋਂ ਪੰਜਾਬੀ ਸੂਬੇ ਦੀ ਮੰਗ ਮਨ ਲਈ ਗਈ, ਪਰ ਪੰਜਾਬੀ ਬੋਲਦੇ ਇਲਾਕੇ ਅਤੇ ਚੰਡੀਗੜ੍ਹ ਨੂੰ ਪੰਜਾਬ ਤੋਂ ਬਾਹਰ ਰਹਿਣ ਦਿੱਤਾ ਗਿਆ । ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਿਲ ਕਰਵਾਉਣ ਲਈ ਉਸ ਸਮੇਂ ਦੇ ਅਕਾਲੀ ਆਗੂਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਕੀਤੀ ਅਰਦਾਸ ਤੋਂ ਵਾਰ-ਵਾਰ ਮੂੰਹ ਫੇਰਿਆ ਗਿਆ ਤਾਂ ਇਨ੍ਹਾਂ ਘਟਨਾਵਾਂ ਨਾਲ ਇਸ ਸਿਦਕੀ ਅਤੇ ਕਹਿਣੀ ਤੇ ਕਰਣੀ ਦੇ ਸੂਰੇ ਤੇ ਪੂਰੇ ਸਿੱਖ ਦੇ ਹਿਰਦੇ ਨੂੰ ਡੂੰਘੀ ਸੱਟ ਵੱਜੀ । ਸਿੱਖ ਅਰਦਾਸ ਵਿੱਚ ਸ਼ਾਮਿਲ ਸਿਦਕ ਤੇ ਸਿਰੜ ਨੂੰ ਨਿਭਾਊਣ ਵਾਲੇ ਸਿੱਖਾਂ ਦੀ ਹੁੰਦੀ ਬੇਹੁਰਮਤੀ ਸਹਾਰੀ ਨਾ ਗਈ । ਇਸ ਸਿਦਕੀ ਸਿੱਖ ਨੇ 15 ਅਗਸਤ, 1969 ਈ: ਨੂੰ ਮਰਨ ਵਰਤ ਆਰੰਭ ਕਰ ਦਿੱਤਾ । ਉਨ੍ਹਾਂ ਕਿਹਾ ਕਿ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਿਲ ਕਰਨ ਦੀ ਮੰਗ ਪੂਰੀ ਹੋਣ ਤੱਕ ਭੁੱਖੇ ਰਹਿਣ ਦੇ ਸੰਕਲਪ ਲਈ ਕੀਤੀ ਅਰਦਾਸ ਨੂੰ ਅਤੇ ਕੀਤੇ ਪ੍ਰਣ ਨੂੰ ਜ਼ਿੰਦਗੀ ਦੀ ਡੋਰ ਟੁੱਟਣ ਤੱਕ ਨਿਭਾਵਾਂਗਾ ।
ਇਸ ਮਹਾਨ ਸਿਦਕੀ ਸਿੱਖ ਨੇ ਆਪਣੇ ਪ੍ਰਣ ਨੂੰ ਨਿਭਾਉਣ ਲਈ ਅਤੇ ਕੀਤੀ ਅਰਦਾਸ &lsquoਤੇ ਕਾਇਮ ਰਹਿਣ ਲਈ ਲਗਾਤਾਰ 74 ਦਿਨ ਤੱਕ ਭੁੱਖੇ ਰਹਿ ਕੇ 17 ਅਕਤੂਬਵਰ, 1969 ਨੂੰ ਆਪਣਾ ਬਲੀਦਾਨ ਦਿੱਤਾ । ਅੱਜ ਅਧੀ ਸਦੀ ਬੀਤ ਜਾਣ ਤੋਂ ਬਾਅਦ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਕੀਤਾ ਧੱਕਾ ਹਕੂਮਤ ਨੂੰ ਪੁੱਛਦਾ ਹੈ, ਅਜੇ ਹੋਰ ਕਿੰਨੀਆਂ ਕੁ ਕੁਰਬਾਨੀਆਂ ਦੀ ਲੋੜ ਹੈ ।
-ਭਗਵਾਨ ਸਿੰਘ ਜੌਹਲ