ਡਾਕਟਰ ਪਤੀ ਨੇ ਐਨਸਥੀਸੀਆ ਦੇ ਕੇ ਕੀਤਾ ਪਤਨੀ ਦਾ ਕਤਲ, ਜਾਣੋ ਕਿਵੇਂ ਰਚੀ ਸਾਜਿਸ਼

ਬੰਗਲੁਰੂ ਤੋਂ ਦਿਲ ਦਿਹਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 32 ਸਾਲਾ ਸਰਜਨ ਨੇ ਡਾਕਟਰ ਪਤਨੀ ਦੀ ਹੱਤਿਆ ਐਨੇਸਥੀਸੀਆ (ਬੇਹੋਸ਼ੀ ਦੀ ਦਵਾਈ) ਦੀ ਘਾਤਕ ਮਾਤਰਾ ਦੇ ਕੇ ਕਰ ਦਿੱਤੀ। ਪੁਲੀਸ ਨੇ ਮੁਲਜ਼ਮ ਸਰਜਨ ਡਾ. ਮਹੇਂਦਰ ਰੈੱਡੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹ ਵਿਕਟੋਰੀਆ ਹਸਪਤਾਲ ਵਿੱਚ ਜਨਰਲ ਸਰਜਨ ਦੇ ਪਦ 'ਤੇ ਤਾਇਨਾਤ ਸੀ।
ਦੋਸ਼ ਹੈ ਕਿ ਡਾ. ਮਹੇਂਦਰ ਨੇ ਆਪਣੀ ਪਤਨੀ, ਚਮੜੀ ਰੋਗ ਮਾਹਿਰ (dermatologist) ਡਾ. ਕ੍ਰਿਤਿਕਾ ਰੈੱਡੀ (28), ਦੀ ਹੱਤਿਆ ਬਹੁਤ ਹੀ ਖਤਰਨਾਕ ਤਰੀਕੇ ਨਾਲ ਕੀਤੀ।

ਡਾ. ਮਹੇਂਦਰ ਅਤੇ ਡਾ. ਕ੍ਰਿਤਿਕਾ ਦਾ ਵਿਆਹ 26 ਮਈ 2024 ਨੂੰ ਹੋਇਆ ਸੀ, ਪਰ ਇਹ ਵਿਆਹ ਇੱਕ ਸਾਲ ਵੀ ਨਹੀਂ ਚੱਲ ਸਕਿਆ। ਪੁਲੀਸ ਜਾਂਚ ਅਨੁਸਾਰ ਵਿਆਹ ਦੇ ਕੁਝ ਹੀ ਮਹੀਨਿਆਂ ਬਾਅਦ ਮਹੇਂਦਰ ਨੂੰ ਪਤਾ ਲੱਗਾ ਕਿ ਕ੍ਰਿਤਿਕਾ ਨੂੰ ਕੁਝ ਸਿਹਤ ਸਮੱਸਿਆਵਾਂ ਸਨ, ਜਿਨ੍ਹਾਂ ਬਾਰੇ ਉਸ ਦੇ ਪਰਿਵਾਰ ਨੇ ਵਿਆਹ ਤੋਂ ਪਹਿਲਾਂ ਜਾਣਕਾਰੀ ਨਹੀਂ ਦਿੱਤੀ ਸੀ। ਇਸ ਤੋਂ ਬਾਅਦ ਪਤੀ-ਪਤਨੀ ਦੇ ਵਿੱਚ ਮਤਭੇਦ ਵਧਣ ਲੱਗੇ।
ਇਲਾਜ ਦੇ ਬਹਾਨੇ ਦਿੱਤਾ ਟੀਕਾ
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 21 ਅਪਰੈਲ ਨੂੰ ਮਹੇਂਦਰ ਨੇ ਘਰ ਵਿੱਚ ਕ੍ਰਿਤਿਕਾ ਨੂੰ ਪੇਟ ਦਰਦ ਦੇ ਇਲਾਜ ਦੇ ਨਾਮ &rsquoਤੇ ਇੱਕ ਟੀਕਾ (injection) ਲਗਾਇਆ। ਅਗਲੇ ਦਿਨ, ਉਹ ਇਹ ਕਹਿ ਕੇ ਉਸਦੇ ਮਾਪਿਆਂ ਦੇ ਘਰ (ਮਰਾਠਾਹੱਲੀ) ਲੈ ਗਿਆ ਕਿ ਉਸ ਨੂੰ ਆਰਾਮ ਦੀ ਜ਼ਰੂਰਤ ਹੈ।
23 ਅਪਰੈਲ ਨੂੰ ਕ੍ਰਿਤਿਕਾ ਨੇ ਟੀਕੇ ਵਾਲੀ ਥਾਂ 'ਤੇ ਦਰਦ ਦੀ ਸ਼ਿਕਾਇਤ ਕੀਤੀ, ਪਰ ਮਹੇਂਦਰ ਨੇ ਉਸ ਨੂੰ ਵਟਸਐਪ 'ਤੇ ਸਲਾਹ ਦਿੱਤੀ ਕਿ ਉਹ ਟੀਕਾ ਨਾ ਕੱਢੇ। ਉਸੇ ਰਾਤ ਉਹ ਫਿਰ ਉੱਥੇ ਗਿਆ ਅਤੇ ਦੂਜੀ ਵਾਰ ਦਵਾਈ ਦਿੱਤੀ। 24 ਅਪਰੈਲ ਦੀ ਸਵੇਰ ਨੂੰ ਕ੍ਰਿਤਿਕਾ ਬੇਹੋਸ਼ ਪਾਈ ਗਈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।