ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਦੇ ਲੜੀਵਾਰ ਸਮਾਗਮਾਂ ਦੀ ਸ਼ੁਰੂਆਤ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਅਰਦਾਸ ਕਰਕੇ ਹੋਵੇਗੀ

ਨਵੀਂ ਦਿੱਲੀ,  (ਮਨਪ੍ਰੀਤ ਸਿੰਘ ਖਾਲਸਾ):-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਲੜੀਵਾਰ ਸਮਾਗਮਾਂ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ 25 ਅਕਤੂਬਰ ਨੂੰ ਕੌਮੀ ਰਾਜਧਾਨੀ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਅਰਦਾਸ ਕਰਕੇ ਕੀਤੀ ਜਾਵੇਗੀ। ਪੰਜਾਬ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹੀਨਾ ਭਰ ਚੱਲਣ ਵਾਲੇ ਸਮਾਗਮਾਂ ਦੀ ਰੂਪ-ਰੇਖਾ ਉਲੀਕੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਦੀ ਸ਼ੁਰੂਆਤ 25 ਅਕਤੂਬਰ ਨੂੰ ਦਿੱਲੀ ਵਿੱਚ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਹੋਵੇਗੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਾਰੇ ਕੈਬਨਿਟ ਮੰਤਰੀ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਨਤਮਸਤਕ ਹੋਣਗੀਆਂ। ਇਸ ਮੌਕੇ ਮੁੱਖ ਮੰਤਰੀ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਸਥਾਨ &rsquoਤੇ ਜਾ ਕੇ ਸ਼ਰਧਾ ਤੇ ਸਤਿਕਾਰ ਭੇਟ ਕਰਨਗੇ ਜਿਨ੍ਹਾਂ ਨੇ ਗੁਰੂ ਸਾਹਿਬ ਪ੍ਰਤੀ ਸਿਦਕ ਨਿਭਾਉਂਦਿਆਂ ਲਾਸਾਨੀ ਕੁਰਬਾਨੀ ਦਿੱਤੀ। ਉਨ੍ਹਾਂ ਦੱਸਿਆ ਕਿ 25 ਅਕਤੂਬਰ ਦੀ ਸ਼ਾਮ ਨੂੰ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਵਿਖੇ ਵਿਸ਼ਾਲ ਕੀਰਤਨ ਦਰਬਾਰ ਕਰਵਾਇਆ ਜਾਵੇਗਾ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਸ਼ਰਧਾ ਭਾਵਨਾ ਨਾਲ ਹਾਜ਼ਰੀ ਭਰੇਗੀ। ਉਨ੍ਹਾਂ ਕਿਹਾ ਕਿ ਦਿੱਲੀ ਵਿਖੇ 'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖੀ ਹੱਕਾਂ ਦੀ ਰਾਖੀ ਅਤੇ ਧਾਰਮਿਕ ਆਜ਼ਾਦੀ ਲਈ ਬਲੀਦਾਨ ਦਿੱਤਾ ਸੀ ਜਿਸ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿੱਚ ਹੋਰ ਕਿਤੇ ਨਹੀਂ ਮਿਲਦੀ। ਨੌਵੇਂ ਪਾਤਸ਼ਾਹ ਸਾਂਝੀਵਾਲਤਾ ਤੇ ਧਰਮ ਨਿਰਪੱਖਤਾ ਦੇ ਮੁਦੱਈ ਸਨ ਅਤੇ ਗੁਰੂ ਸਾਹਿਬ ਜੀ ਦਾ ਮਹਾਨ ਜੀਵਨ ਅਤੇ ਫਲਸਫਾ ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਪਹਿਲੀ ਨਵੰਬਰ ਤੋਂ 18 ਨਵੰਬਰ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾਣਗੇ ਜਿਸ ਵਿਚ ਸ੍ਰੀ ਗੁਰੂ ਤੇਗ ਬਹਾਦਹ ਜੀ ਦੇ ਮਹਾਨ ਜੀਵਨ ਅਤੇ ਫਲਸਫੇ ਨੂੰ ਦਰਸਾਇਆ ਜਾਵੇਗਾ। ਉਨਾਂ ਦੱਸਿਆ ਕਿ ਗੁਰੂ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਨਗਰਾਂ ਤੇ ਸ਼ਹਿਰਾਂ ਵਿਚ ਕੀਰਤਨ ਸਮਾਗਮ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਗਮਾਂ ਦਾ ਮੁੱਖ ਉਦੇਸ਼ ਗੁਰੂ ਸਾਹਿਬ ਦੇ ਜੀਵਨ, ਉਨ੍ਹਾਂ ਦੇ ਫਲਸਫ਼ੇ ਅਤੇ ਮਹਾਨ ਬਲੀਦਾਨ, ਜਿਸ ਤੋਂ ਦੁਨੀਆ ਭਰ ਦੇ ਲੱਖਾਂ ਲੋਕ ਪ੍ਰੇਰਨਾ ਲੈਂਦੇ ਹਨ, ਬਾਰੇ ਲੋਕਾਈ ਨੂੰ ਜਾਣੂੰ ਕਰਵਾਉਣ ਉਤੇ ਕੇਂਦਰਿਤ ਹੋਵੇਗਾ। ਉਨ੍ਹਾਂ ਕਿਹਾ ਕਿ 18 ਨਵੰਬਰ ਨੂੰ ਸ੍ਰੀਨਗਰ (ਜੰਮੂ-ਕਸ਼ਮੀਰ) ਵਿੱਚ ਕੀਰਤਨ ਦਰਬਾਰ ਕਰਵਾਇਆ ਜਾਵੇਗਾ। ਅਗਲੇ ਦਿਨ 19 ਨਵੰਬਰ ਨੂੰ ਸ੍ਰੀਨਗਰ ਤੋਂ ਨਗਰ ਕੀਰਤਨ ਸਜਾਇਆ ਜਾਵੇਗਾ, ਜਿਸ ਵਿੱਚ ਸੈਂਕੜੇ ਕਸ਼ਮੀਰੀ ਪੰਡਿਤ ਵੀ ਸੰਗਤ ਨਾਲ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਇਹ ਨਗਰ ਕੀਰਤਨ 19 ਨਵੰਬਰ ਨੂੰ ਜੰਮੂ ਵਿਖੇ, 20 ਨਵੰਬਰ ਨੂੰ ਪਠਾਨਕੋਟ ਵਿੱਚ ਅਤੇ 21 ਨਵੰਬਰ ਨੂੰ ਹੁਸ਼ਿਆਰਪੁਰ ਵਿਖੇ ਠਹਿਰਾਅ ਕਰੇਗਾ ਅਤੇ 22 ਨਵੰਬਰ ਨੂੰ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਸੰਪੂਰਨ ਹੋਵੇਗਾ।