350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਦਿੱਲੀ ‘ਚ ਸੈਮੀਨਾਰ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਦਾ ਮਤਾ ਪਾਸ

ਨਵੀਂ ਦਿੱਲੀ,  (ਮਨਪ੍ਰੀਤ ਸਿੰਘ ਖਾਲਸਾ):- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਵਿਖੇ ਕਰਵਾਏ ਗਏ ਵਿਸ਼ਾਲ ਸੈਮੀਨਾਰ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦੀ ਜ਼ੋਰਦਾਰ ਮੰਗ ਕਰਦਾ ਮਤਾ ਪੇਸ਼ ਕੀਤਾ ਗਿਆ, ਜਿਸ ਨੂੰ ਹਾਜ਼ਰੀਨ ਨੇ ਹੱਥ ਖੜ੍ਹੇ ਕਰਕੇ ਤੇ ਜੈਕਾਰੇ ਲਗਾ ਕੇ ਸਮਰਥਨ ਦਿੱਤਾ। ਇੰਡੀਆ ਹੈਬੀਟੈਟ ਸੈਂਟਰ ਦੇ ਸਟੇਨ ਆਡੀਟੋਰੀਅਮ ਵਿਖੇ 'ਗੁਰੂ ਤੇਗ ਬਹਾਦਰ ਸਾਹਿਬ ਜੀ ਧਰਮ ਦੀ ਚਾਦਰ&rsquo ਵਿਸ਼ੇ ਤੇ ਕਰਵਾਏ ਗਏ ਇਸ ਸੈਮੀਨਾਰ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਬਾਬਾ ਦਵਿੰਦਰ ਸਿੰਘ ਬੜੂ ਸਾਹਿਬ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਸੰਬੋਧਨ ਕੀਤਾ, ਜਦਕਿ ਪ੍ਰਸਿੱਧ ਵਿਦਵਾਨ ਡਾ. ਜਸਪਾਲ ਸਿੰਘ ਸਾਬਕਾ ਵਾਈਸ ਚਾਂਸਲਰ, ਡਾ. ਮਨਮੋਹਨ ਸਿੰਘ ਸਾਬਕਾ ਆਈਪੀਐਸ, ਸਾਬਕਾ ਸਫੀਰ ਸ. ਕੇਸੀ ਸਿੰਘ, ਪ੍ਰੋ. ਹਿਮਾਦਰੀ ਬੈਨਰਜੀ, ਡਾ. ਪਰਮਵੀਰ ਸਿੰਘ, ਪ੍ਰੋ ਰਾਜ ਕੁਮਾਰ ਹੰਸ, ਪ੍ਰੋ. ਧਰਮ ਸਿੰਘ ਅਤੇ ਡਾ. ਹਰਿੰਦਰ ਸਿੰਘ ਨੇ ਆਪਣੇ ਖੋਜ ਭਰਪੂਰ ਪਰਚੇ ਪੜ੍ਹੇ।

ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦੂਜਿਆਂ ਦੇ ਧਰਮ ਦੀ ਰੱਖਿਆ ਲਈ ਸ਼ਹਾਦਤ ਦਿੱਤੀ, ਜੋ ਦੁਨੀਆ ਦੇ ਇਤਿਹਾਸ ਵਿੱਚ ਮਿਸਾਲੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਇਸ ਕੁਰਬਾਨੀ ਸਦਕਾ ਹੀ ਭਾਰਤ ਦਾ ਸਭਿਆਚਾਰ ਜਿੰਦਾ ਹੈ। ਦਿੱਲੀ ਅੰਦਰ ਲਾਲ ਕਿਲ੍ਹੇ &lsquoਤੇ ਦੇਸ਼ ਦਾ ਝੰਡਾ ਸਿੱਖ ਗੁਰੂਆਂ ਦੀ ਕੁਰਬਾਨੀ ਕਰਕੇ ਹੈ। ਉਨ੍ਹਾਂ ਕਿਹਾ ਕਿ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਧਰਮਾਂ ਦੀ ਅਜ਼ਾਦੀ ਤੇ ਮਨੁੱਖੀ ਹੱਕਾਂ ਦੀ ਰਖਵਾਲੀ ਲਈ ਸੀ, ਪਰ ਦੁਖਦ ਪਹਿਲੂ ਇਹ ਹੈ ਕਿ ਅੱਜ ਆਪਣੇ ਹੀ ਦੇਸ਼ ਅੰਦਰ ਸਿੱਖਾਂ ਨਾਲ ਅਨਿਆਂ ਕੀਤਾ ਜਾ ਰਿਹਾ ਹੈ। ਸਿੱਖ ਬੰਦੀਆਂ ਨੂੰ ਤਿੰਨ ਤਿੰਨ ਦਹਾਕੇ ਜੇਲ੍ਹਾਂ ਕੱਟਣ ਬਾਅਦ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ।
ਐਡਵੋਕੇਟ ਧਾਮੀ ਨੇ ਕਿਹਾ ਕਿ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕੋਈ ਭੀਖ ਨਹੀਂ ਹੈ ਸਗੋਂ ਇਹ ਸੰਵਿਧਾਨ ਅਨੁਸਾਰ ਹੱਕੀ ਮੰਗ ਹੈ, ਇਸ ਲਈ ਸਰਕਾਰ ਰਿਹਾਈ ਦਾ ਤੁਰੰਤ ਐਲਾਨ ਕਰੇ।