ਦਿੱਲੀ ਗੁਰਦੁਆਰਾ ਕਮੇਟੀ ਨੇ ਇੰਡੀਆ ਹੈਬੀਟੈਟ ਸੈਂਟਰ ’ਚ ਸੈਮੀਨਾਰ ਕਰਵਾਉਣ ਦੇ ਵਿਰੋਧ ’ਚ ਧਾਮੀ ਨੂੰ ਲਿਖਿਆ ਪੱਤਰ

ਨਵੀਂ ਦਿੱਲੀ,  (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਵੀਂ ਦਿੱਲੀ ਦੇ ਇੰਡੀਆ ਹੈਬੀਟੈਟ ਸੈਂਟਰ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਕਰਵਾਉਣ ਦਾ ਗੰਭੀਰ ਨੋਟਿਸ ਲਿਆ ਹੈ ਤੇ ਕਿਹਾ ਹੈ ਕਿ ਇਸ ਸੈਂਟਰ ਵਿਚ ਸ਼ਰਾਬ, ਮੀਟ, ਆਂਡਾ ਆਦਿ ਪਦਾਰਥ ਨਿੱਤ ਪਰੋਸੇ ਜਾਂਦੇ ਹਨ ਤੇ ਇਸ ਥਾਂ &rsquoਤੇ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਕਰਵਾਉਣ ਦੇ ਫੈਸਲੇ ਨਾਲ ਸਿੱਖ ਹਿਰਦੇ ਵਲੁੰਧਰੇ ਗਏ ਹਨ। ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਲਿਖੇ ਇਕ ਪੱਤਰ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਦਿੱਲੀ ਵਿਚ ਹਰ ਕੋਈ ਜਾਣਦਾ ਹੈ ਕਿ ਪਰਮਜੀਤ ਸਿੰਘ ਸਰਨਾ ਤੇ ਉਹਨਾਂ ਦੇ ਭਰਾ ਸ਼ਰਾਬ ਦੇ ਕਾਰੋਬਾਰ ਵਿਚ ਲੱਗੇ ਹਨ। ਅਜਿਹੇ ਵਿਚ ਉਹਨਾਂ ਨੂੰ ਇੰਡੀਆ ਹੈਬੀਟੈਟ ਸੈਂਟਰ ਜਿਥੇ ਸ਼ਰਾਬ, ਮੀਟ, ਮੱਛੀ, ਮੁਰਗਾ, ਆਂਡੇ ਦਾ ਸੇਵਨ ਦਿਨ ਨਿੱਤ ਹੁੰਦਾ ਹੈ, ਵਿਚ ਇਹ ਸੈਮੀਨਾਰ ਕਰਵਾਉਣ ਵਿਚ ਕੋਈ ਹਰਜ਼ ਨਹੀਂ ਦਿਸਦਾ। ਉਹਨਾਂ ਕਿਹਾ ਕਿ ਦੂਜੇ ਪਾਸੇ 2015 ਦੀ ਬਰਗਾੜੀ ਬੇਅਦਬੀ ਘਟਨਾ ਜੋ ਕਿ ਪੰਜਾਬ ਵਿਚ ਪੰਥਕ ਸਰਕਾਰ ਹੁੰਦਿਆਂ ਵਾਪਰੀ, ਤੋਂ ਬਾਅਦ ਹੁਣ ਇਹ ਦੂਜੀ ਅਜਿਹੀ ਵੱਡੀ ਘਟਨਾ ਬਣ ਗਈ ਹੈ ਜਿਸ ਨਾਲ ਦੁਨੀਆਂ ਭਰ ਵਿਚ ਬੈਠੇ ਸਿੱਖਾਂ ਦੇ ਹਿਰਦਿਆਂ ਨੂੰ ਡੂੰਘੀ ਠੇਸ ਪਹੁੰਚੀ ਹੈ। ਉਹਨਾਂ ਕਿਹਾ ਕਿ ਉਹ ਇਹ ਗੱਲ ਸਮਝਦੇ ਹਨ ਕਿ ਸਿਆਸੀ ਮਜਬੂਰੀਆਂ ਕਾਰਨ ਐਡਵੋਕੇਟ ਧਾਮੀ ਜ਼ਿਆਦਾ ਕੁਝ ਨਹੀਂ ਕਰ ਸਕਦੇ ਪਰ ਫਿਰ ਵੀ ਉਹਨਾਂ ਤਿੰਨ ਦਿਨ ਪਹਿਲਾਂ ਬੇਨਤੀ ਕੀਤੀ ਸੀ ਕਿ ਸੈਮੀਨਾਰ ਦੀ ਥਾਂ ਬਦਲੀ ਜਾਵੇ ਅਤੇ ਇਸ ਵਾਸਤੇ ਆਪਣੇ ਵਿਦਿਅਕ ਅਦਾਰਿਆਂ ਵਿਚ ਸਥਿਤ ਵੱਡੇ ਸੈਮੀਨਾਰ ਹਾਲ ਦੇਣ ਦੀ ਪੇਸ਼ਕਸ਼ ਵੀ ਕੀਤੀ ਸੀ।