ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੰਜਾਬ ਟਾਈਮਜ਼ ਵਿੱਚ ਛੱਪਦੀ ਲੜੀਵਾਰ ਗਾਥਾ ਸਤਿਗੁਰੂ ਨਾਨਕ ਦੀ ਪਦ ਪਦਵੀ ਬਾਰੇ ਬਹੁ-ਮੁੱਲੀ ਜਾਣਕਾਰੀ ਪ੍ਰਦਾਨ ਕਰਦੀ ਹੈ

ਜਥੇਦਾਰ ਮਹਿੰਦਰ ਸਿੰਘ ਯੂ।ਕੇ।

ਗੁਰੂ ਨਾਨਕ ਦੀ ਇਹ ਪਦ-ਪਦਵੀ ਅਪਰੰਪਰ ਪਾਰਬ੍ਰਹਮ ਪ੍ਰਮੇਸ਼ਰੁ, ਨਾਨਕ ਗੁਰੁ ਮਿਲਿਆ ਸੋਈ ਜੀਉ ॥ (ਗੁ: ਗ੍ਰੰ: ਸਾ: ਪੰਨਾ 599) ਹੀ ਨਾਨਕ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵਦੈ ਦਾ ਮੂਲ ਅਧਾਰ ਹੈ (ਗੁ: ਗ੍ਰੰ: ਸਾ: ਪੰਨਾ 966) ਮੀਰੀ ਪੀਰੀ ਦਾ ਸਿੱਖ ਸਿਧਾਂਤ ਜਿਹੜੇ ਮੁੱਢਲੇ ਨਿਯਮਾਂ ਵਿੱਚੋਂ ਜਨਮ ਲੈਂਦਾ ਹੈ ਉਹ ਸਾਰੇ ਹੀ ਸਤਿਗੁਰੂ ਨਾਨਕ ਜੀ ਦੁਆਰਾ ਨਿਰੂਪਣ ਕੀਤੇ ਹੋਏ ਹਨ । ਮੀਰੀ ਪੀਰੀ ਦੇ ਸ਼ਬਦ ਕਿਸ ਭਾਸ਼ਾ ਨਾਲ ਸਬੰਧ ਰੱਖਦੇ ਹਨ ਜਾਂ ਉਨ੍ਹਾਂ ਭਾਸ਼ਾਵਾਂ ਅਨੁਸਾਰ ਇਨ੍ਹਾਂ ਦੇ ਕੀ ਅਰਥ ਨਿਕਲਦੇ ਹਨ ਇਸ ਪਿਛੋਕੜ ਵਿੱਚ ਨਾਂ ਜਾਂਦੇ ਹੋਏ ਇਥੇ ਸਿਰਫ਼ ਇਤਨਾ ਦੱਸ ਦੇਣਾ ਹੀ ਕਾਫੀ ਹੈ ਕਿ ਗੁਰਬਾਣੀ ਦੇ ਸੰਦਰਭ ਵਿੱਚ ਇਨ੍ਹਾਂ ਦੇ ਅਰਥ ਧਾਰਮਿਕ ਤੌਰ ਤੇ ਅਤੇ ਰਾਜਨੀਤਕ ਤੌਰ &lsquoਤੇ ਪੂਰਨ ਸੁਤੰਤਰਤਾ ਵਾਲੇ ਹਨ, ਪਰ ਇਤਿਹਾਸਕ ਘਟਨਾਵਾਂ ਨੂੰ ਸਾਹਮਣੇ ਰੱਖਦਿਆਂ ਜਾਂ ਸਿੱਖ ਪਰੰਪਰਾਵਾਂ ਦੇ ਸੰਦਰਭ ਵਿੱਚ ਦੇਖਿਆ ਸਿੱਖ ਕੌਮ ਦੇ ਆਤਮ ਨਿਰਣੈ ਜਾਂ ਅੰਦਰੂਨੀ ਖ਼ੁਦਮੁਖ਼ਤਿਆਰੀ ਦੇ ਨਿਕਲਦੇ ਹਨ (ਗੁਰਤੇਜ ਸਿੰਘ ਪੁਸਤਕ ਸਿੰਘ ਨਾਦ) । ਗੁਰੂ ਨਾਨਕ ਦੀ ਪਦ-ਪਦਵੀ ਬਾਰੇ ਸਿਰਦਾਰ ਕਪੂਰ ਸਿੰਘ, ਪੁਸਤਕ ਰਾਜ ਕਰੇਗਾ ਖ਼ਾਲਸਾ ਦੇ ਪੰਨਾ 25 ਉੱਤੇ ਲਿਖਦੇ ਹਨ : ਗੁਰੂ ਨਾਨਕ ਦੀ ਆਤਮਾ ਦੀ ਪ੍ਰਮਾਤਮਾ ਨਾਲ ਅਭੇਦਤਾ ਹੈ : ਅਪਰੰਪਰ ਪਾਰ ਬ੍ਰਹਮ ਪਰਮੇਸਰੁ, ਨਾਨਕ ਗੁਰੁ ਮਿਲਿਆ ਸੋਈ ਜੀਉ ॥ (ਅੰਗ 599) ਇਹ ਗੁਰੂ ਤੇ ਪਾਰਬ੍ਰਹਮ ਨਾਲ ਅਭੇਦ ਹੋਣ ਦਾ ਦਾਅਵਾ ਹੈ ਜੋ ਅੱਜ ਤੱਕ ਕਿਸੇ ਨੇ ਨਹੀਂ ਕੀਤਾ । ਗੁਰੂ ਨਾਨਕ ਜੀ ਤੋਂ ਲੈ ਕੇ ਜੋ ਦੱਸ ਗੁਰੂ ਹੋਏ ਹਨ, ਉਨ੍ਹਾਂ ਨੇ ਇਸ ਪਦ-ਪਦਵੀ ਦਾ ਦਾਅਵਾ ਕੀਤਾ ਹੈ ਅਤੇ ਗੁਰੂ ਨਾਨਕ ਜੀ ਬਾਰੇ ਇਹੋ ਦ੍ਰਿੜ ਕਰਵਾਇਆ ਹੈ । ਜਿਸ ਦਾ ਭਰਪੂਰ ਸਮਰਥਨ ਗੁਰਬਾਣੀ ਵਿੱਚ ਮੌਜੂਦ ਹੈ । ਨਾਨਕ ਜੀ ਗੁਰੂ ਹਨ, ਜੇ ਉਨ੍ਹਾਂ ਨੂੰ ਸੰਤ-ਭਗਤ-ਕਵੀ, ਸ਼ਾਇਰ, ਵਲੀ ਅਲਾਹ, ਪੀਰ ਪੈਗੰਬਰ ਸਮਝਕੇ ਜਾਨਣ ਦੀ ਕੋਸ਼ਿਸ਼ ਕਰਾਂਗੇ ਤਾਂ ਹੱਥ ਪਲੇ ਕੁਝ ਨਹੀਂ ਆਉਣਾ ਸਭ ਯਤਨ ਨਿਰਾਰਥਕ ਹੀ ਰਹਿਣਗੇ ।
ਪਿਛਲੇ ਹਫ਼ਤੇ ਪੰਜਾਬ ਟਾਈਮਜ਼ ਅੰਕ 3102 ਦੇ ਸਫ਼ਾ 49 ਉੱਤੇ ਲੜੀਵਾਰ ਛੱਪ ਰਹੀ ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗਾਥਾ ਵਿੱਚ ਗਿਆਨੀ ਗੁਰਦਿੱਤ ਸਿੰਘ ਜੀ ਵੀ ਗੁਰੂ ਨਾਨਕ ਦੀ ਪਦ-ਪਦਵੀ ਬਾਰੇ ਹੇਠ ਲਿਖੀਆਂ ਸੱਤਰਾਂ ਅਨੁਸਾਰ ਵਿਆਖਿਆ ਕਰਦੇ ਹਨ, ਸਤਿਗੁਰਾਂ ਨੇ ਕੋਈ ਖਿਆਲ, ਰੂਹਾਨੀਅਤ ਅਤੇ ਸਮਾਜਿਕ ਸੂਝ ਤੇ ਹੋਰ ਕਿਸੇ ਕਿਸਮ ਦਾ, ਕਬੀਰ ਜਾਂ ਹੋਰ ਕਿਸੇ ਤੋਂ ਨਹੀਂ ਲਿਆ । ਉਨ੍ਹਾਂ ਜੋ ਪ੍ਰਾਪਤ ਕੀਤਾ ਉਹ ਤੱਤ ਨਿਰੰਜਨ ਪਾਰਬ੍ਰਹਮ ਦੀ ਬਖ਼ਸ਼ਿਸ਼ ਦੇ ਰੂਪ ਵਿੱਚ ਧੁਰੋਂ ਲਿਆ ਸੀ । ਬ੍ਰਹਮ ਤੁਲ ਗੁਰੂ ਨਾਨਕ ਜੀ, ਆਪਣੇ ਖਿਆਲ ਆਪ ਬਣਾਉਂਦੇ ਸਨ, ਆਪਣੇ ਸਿਧਾਂਤ ਖ਼ੁਦ ਰੂਪਮਾਨ ਕਰਦੇ ਸਨ । ਗੁਰੂ ਨਾਨਕ ਜੀ ਦਾ ਜੀਵਨ ਘਟਨਾਵਾਂ ਦਾ ਵੇਰਵਾ ਦੇਖੀਏ, ਉਨ੍ਹਾਂ ਦੀ ਬਾਣੀ ਵਿਚਾਰੀਏ ਤਾਂ ਇਹ ਸਾਫ਼ ਸਾਬਤ ਹੁੰਦਾ ਹੈ । ਭਗਤਾਂ ਅਤੇ ਸਤਿਗੁਰੂ ਜੀ ਦਾ ਇਹੋ ਭੇਦ ਹੈ । 
ਇਸ ਦੇ ਨਾਲ ਹੀ ਇਹ ਤੱਥ ਵੀ ਵਿਚਾਰਨ ਯੋਗ ਹੈ ਕਿ : ਪੰਜਵੇਂ ਨਾਨਕ ਗੁਰੂ ਅਰਜਨ ਪਾਤਸ਼ਾਹ ਨੇ ਆਦਿ ਗ੍ਰੰਥ (ਗੁਰੂ ਗ੍ਰੰਥ) ਵਿੱਚ ਭਗਤਾਂ ਤੇ ਭੱਟਾਂ ਦੀ ਬਾਣੀ ਨੂੰ ਗੁਰਮਤਿ ਦੀ ਕਸਵੱਟੀ &lsquoਤੇ ਪਰਖ ਹੀ ਦਰਜ ਕੀਤਾ । ਗੁਰੂ ਸਾਹਿਬ ਨੇ ਪਵਿੱਤਰ ਬਾਣੀ ਦੀ ਚੋਣ ਕਰਨ ਵੇਲੇ ਇਕੋ ਸਾਂਝੇ ਰੱਬ ਦੇ ਸਿਧਾਂਤ ਅਤੇ ਮਨੁੱਖੀ ਭਾਈਚਾਰੇ ਵਿੱਚ ਵਿਸ਼ਵਾਸ਼ ਨੂੰ ਮੁੱਖ ਰੱਖਿਆ । ਵਰਣ ਅਤੇ ਧਰਮ ਦੇ ਆਧਾਰ &lsquoਤੇ ਮਨੁੱਖਤਾ ਵਿੱਚਕਾਰ ਵਿਤਕਰੇ ਦੀਆਂ ਭੇਦ ਰੇਖਾਵਾਂ ਖਿੱਚਣ ਵਾਲੀ ਸੋਚ ਨੂੰ ਪੂਰੀ ਸਖ਼ਤਾਈ ਨਾਲ ਰੱਦ ਕਰ ਦਿੱਤਾ ਗਿਆ । ਇਹ ਇਕ ਅਜਿਹਾ ਅਸੂਲ ਦਾ ਮਾਮਲਾ ਸੀ ਜਿਸ ਬਾਰੇ ਗੁਰੂ ਅਰਜਨ ਪਾਤਸ਼ਾਹ ਨੇ ਜ਼ਰਾ ਜਿੰਨੀ ਵੀ ਸਿਧਾਂਤਕ ਛੋਟ ਕਿਸੇ ਨੂੰ ਨਹੀਂ ਦਿੱਤੀ । ਗੁਰੂ ਨਾਨਕ ਜੋਤਿ ਦੇ ਆਸ਼ੇ ਦੇ ਉਲਟ ਕਿਸੇ ਵੀ ਭਗਤ, ਭੱਟ ਜਾਂ ਮੁਸਲਮਾਨ ਸੂਫੀ ਸੰਤਾਂ ਦੀ ਸਮੁੱਚੀ ਬਾਣੀ ਗੁਰੂ ਦਾ ਦਰਜਾ ਨਹੀਂ ਰੱਖ ਸਕਦੀ । ਭੱਟਾਂ ਨੇ ਗੁਰੂ ਸਾਹਿਬਾਨ ਦੀ ਇਸ ਸਿਧਾਂਤਕ ਅਡੋਲਤਾ ਦਾ ਉਲੇਖ ਇਸ ਤਰ੍ਹਾਂ ਕੀਤਾ ਹੈ : ਝਖੜ ਵਾਉ ਨ ਡੋਲਦੀ ਪਰਬਤ ਮੇਰਾਣ (ਗੁ: ਗ੍ਰੰ: ਸਾ: ਪੰਨਾ 968) ਇਸ ਵਜ੍ਹਾ ਕਰਕੇ ਸਿਧਾਂਤਕ ਅਸੂਲਾਂ ਅਨੁਸਾਰ ਚੋਣਵੇਂ ਭਗਤਾਂ, ਚੋਣਵੇਂ ਸੂਫੀ ਦਰਵੇਸ਼ਾਂ ਦੀ ਬਾਣੀ ਦੇ ਕੁਝ ਚੋਣਵੇਂ ਭਾਗ ਹੀ ਆਦਿ ਗ੍ਰੰਥ ਵਿੱਚ ਦਰਜ ਕੀਤੇ ਗਏ ਅਤੇ ਉਨ੍ਹਾਂ ਦੀ ਬਾਣੀ ਸਮੁੱਚੇ ਰੂਪ ਵਿੱਚ ਨਹੀਂ ਲਈ ਗਈ । ਦੈਵੀ ਲਿਵ ਵਿੱਚ ਕਿਸੇ ਇਨਸਾਨ ਦੇ ਕੁਝ ਖ਼ਾਲਸ ਅਮਲ ਹੀ ਗੁਰੂ ਨਾਨਕ ਅਮਲ ਦੀ ਸੰਪੂਰਨਤਾ ਦਾ ਅੰਗ ਹਨ । 
ਗੁਰੂ ਨਾਨਕ ਦੀ ਪਦ-ਪਦਵੀ ਬਾਰੇ ਲਿਖ ਆਏ ਹਾਂ । ਪਰ ਗੁਰੂ ਨਾਨਕ ਜੋਤਿ ਦੀ ਨਿਰੰਤਰਤਾ ਬਾਰੇ ਵੀ ਸਪੱਸ਼ਟ ਕਰਨਾ ਜਰੂਰੀ ਹੈ । ਆਮ ਆਦਮੀ ਵਾਸਤੇ ਗੁਰੂਆਂ ਦੀ ਗਿਣਤੀ ਦੱਸ ਹੈ ਪਰ ਗੁਰਮਤਿ ਸਿਧਾਂਤ ਅਨੁਸਾਰ ਗੁਰੂ ਕੇਵਲ ਇਕ ਹੀ ਹੈ ਤੇ ਉਹ ਹੈ ਗੁਰੂ ਨਾਨਕ ਜੋਤਿ, ਜਿਸ ਦੀ ਇਲਾਹੀ ਜੋਤਿ ਦੀ ਇਕਸਾਰਤਾ ਤੇ ਏਕਤਾ ਗੁਰਬਾਣੀ ਸਪੱਸ਼ਟ ਕਰਦੀ ਹੈ : 
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵਦੈ ॥
ਲਹਣੇ ਧਰਿਓਨੁ ਛਤ੍ਰ ਸਿਰਿ ਕਰਿ ਸਿਫਤੀ ਅੰਮ੍ਰਿਤ ਪੀਵਦੈ ॥
ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅਦੈ ॥
ਗੁਰ ਚੇਲੇ ਰਹਿਰਾਸ ਕੀਈ ਨਾਨਕਿ ਸਲਾਮਿਤ ਥੀਵਦੈ ॥
ਸਹਿ ਟਿਕਾ ਦਿਤੋਸ ਜੀਵਦੈ ॥
ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥
ਝੁਲੇ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ ॥
(ਗੁ: ਗ੍ਰੰ: ਸਾ: ਪੰਨਾ 966)
ਭਾਵ - ਉਹ ਹੀ ਈਸ਼ਵਰੀ ਨੂਰ ਅਤੇ ਵੈਸੀ ਹੀ ਜੀਵਨ ਰਹੁ ਰੀਤੀ । ਪਾਤਸ਼ਾਹ (ਗੁਰੂ ਨਾਨਕ) ਨੇ ਮੁੜਕੇ ਆਪਣਾ ਸਰੀਰ ਹੀ ਬਦਲਿਆ ਹੈ । ਸੁੰਦਰ ਨਿਰੰਕਾਰੀ ਛਤ੍ਰ ਉਨ੍ਹਾਂ (ਗੁਰੂ ਅੰਗਦ) ਉੱਤੇ ਝੁਲਦਾ ਹੈ ਉਹ ਨਾਨਕ ਵਿੱਚ ਪ੍ਰਵਿਰਤ ਹੋ ਗਏ ਹਨ ਅਤੇ ਉਹ ਉਨ੍ਹਾਂ (ਗੁਰੂ ਨਾਨਕ) ਦੇ ਰਾਜ ਸਿੰਘਾਸਣ ਉੱਤੇ ਬਹਿੰਦੇ ਹਨ । ਭਾਈ ਗੁਰਦਾਸ ਜੀ ਪਹਿਲੀ ਵਾਰ ਦੀ 46ਵੀਂ ਪੌੜੀ ਵਿੱਚ ਗੁਰੂ ਨਾਨਕ ਜੋਤਿ ਪ੍ਰਵਿਰਤੀ ਨੂੰ ਇਸ ਤਰ੍ਹਾਂ ਬਿਆਨ ਕਰਦੇ ਹਨ : 
ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ ।
ਥਾਪਿਆ ਲਹਿਣਾ ਜੀਵਦੇ ਗੁਰਿਆਈ ਸਿਰਿ ਛਤ੍ਰ ਫਿਰਾਇਆ ।
ਜੋਤੀ ਜੋਤਿ ਮਿਲਾਇਕੈ ਸਤਿਗੁਰ ਨਾਨਕ ਰੂਪ ਵਟਾਇਆ ।
ਲਥਿ ਨ ਕੋਈ ਸਕਈ ਆਚਰਜੇ ਆਚਰਜ ਦਿਖਾਇਆ ।
ਕਾਇਆ ਪਲਟਿ ਸਰੂਪ ਬਣਾਇਆ ।
ਗੁਰੂ ਨਾਨਕ ਸਾਹਿਬ ਨੇ ਲਹਣੇ ਨੂੰ ਆਪਣੇ ਆਤਮਿਕ ਸਰੂਪ ਅਭੇਦ ਕਰਕੇ ਗੁਰੂ-ਚੇਲੇ ਦਾ ਭੇਦ ਖ਼ਤਮ ਕਰ ਦਿੱਤਾ ਅਰਥਾਤ : ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸ਼ ਚਲਾਏ ॥ (ਅੰਗ 444) 
ਸਿੱਖ ਧਰਮ ਵਿੱਚ ਲੰਗਰ, ਸੰਗਤ, ਪੰਗਤ, ਦਰਬਾਰ ਸਾਹਿਬ, ਗੁਰੂ ਗ੍ਰੰਥ ਸਾਹਿਬ, ਅਕਾਲ ਤਖ਼ਤ, ਮੀਰੀ-ਪੀਰੀ, ਪੰਜ ਪਿਆਰੇ, ਸਿੱਖ-ਸਿੰਘ ਅਤੇ ਗੁਰੂ ਸੰਸਥਾ (ਗੁਰੂ ਸਿਖੁ ਸਿਖੁ ਗੁਰੂ ਹੈ) ਦਾ ਮੂਲ ਗੁਰੂ ਨਾਨਕ ਸਾਹਿਬ ਦੀ ਧੁਰ ਕੀ ਬਾਣੀ ਹੈ । ਗੁਰੂ ਨਾਨਕ ਸਾਹਿਬ ਨੇ ਦੁਨਿਆਵੀ ਤਖ਼ਤ ਨੂੰ ਵੰਗਾਰ ਪਾਉਂਦਿਆਂ ਲੋਕਾਈ ਨੂੰ ਸਮਝਾਇਆ ਕਿ ਅਸਲ ਤਖ਼ਤ ਕਿਹੜਾ ਹੈ, ਗੁਰੂ ਸਾਹਿਬ ਫੁਰਮਾਉਂਦੇ ਹਨ : ਸਾਚੀ ਨਗਰੀ ਤਖ਼ਤੁ ਸਚਾਵਾ ॥ ਗੁਰਮੁਖਿ ਸਾਂਚੁ ਮਿਲੈ ਸੁਖੁ ਪਾਵਾ ॥ ਸਾਚੇ ਸਾਚੈ ਤਖਤਿ ਵਡਾਈ ਹਉਮੈ ਗਣਤ ਗਵਾਈ ਹੇ ॥ (ਅੰਗ 1022)
ਭਾਵ - ਕਿ ਅਕਾਲ ਪੁਰਖ ਦੀ ਨਗਰੀ ਹੀ ਸੱਚ ਹੈ ਅਤੇ ਤਖ਼ਤ ਵੀ, ਉਸ ਸਾਚੀ ਨਗਰੀ ਵਿੱਚ ਵੱਸਦੇ ਸਿੱਖਾਂ ਨੂੰ ਮਿਲ ਸਕਦਾ ਹੈ । ਗੁਰੂ ਨਾਨਕ ਸਾਹਿਬ ਨੇ ਐਸੇ ਗੁਰਮੁਖਿ ਦੀ ਘਾੜਤ ਘੜੀ ਹੈ ਜਿਸ ਦਾ ਬਦਲ ਦੁਨੀਆਂ ਦੇ ਹੋਰ ਕਿਸੇ ਧਰਮ ਵਿੱਚ ਨਹੀਂ ਹੈ । ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਸਰਕਾਰ ਪੱਖੀ ਸਿੱਖ ਵਿਦਵਾਨਾਂ ਵੱਲੋਂ ਗੁਰੂ ਨਾਨਕ ਦੇ ਉਕਤ ਦੈਵੀ ਸਿਧਾਂਤ ਨੂੰ ਗੁਰੂ ਨਾਨਕ ਦੀਆਂ ਸਿੱਖਿਆਵਾਂ ਦਾ ਨਾਂਅ ਦੇਕੇ ਕੇਵਲ ਇਕ ਸੁਧਾਰਕ ਵਜੋਂ ਪਰਚਾਰਿਆ ਜਾ ਰਿਹਾ ਹੈ ਅਤੇ ਗੁਰੂ ਨਾਨਕ ਸਾਹਿਬ ਦੀ ਦੈਵੀ ਗੁਰੂ ਪਦ-ਪਦਵੀ ਨੂੰ ਨਜ਼ਰ ਅੰਦਾਜ਼ ਕਰਕੇ ਉਨ੍ਹਾਂ ਨੂੰ ਦੁਨੀਆਵੀ ਨਾਇਕਾਂ ਦੇ ਬਰਾਬਰ ਖੜ੍ਹਾ ਕੀਤਾ ਜਾ ਰਿਹਾ ਹੈ ਸ਼੍ਰੀ ਨਰਿੰਦਰ ਮੋਦੀ ਜੀ ਨੇ Sikh Guru tradition is a source for, Ek Bharat, Shresh Bharat : PM Modi on Veer Bal Diwas, 26 December 2022 ਦੇ ਭਾਸ਼ਨ ਵਿੱਚ ਆਖਿਆWe try to live by the words of Guru Nanak Dev Ji, we read about and follow the example of heroes like Mahrana Partap and Chatarpati.। ਭਾਵ ਅਸੀਂ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਅਨੁਸਾਰ ਜੀਊਣ ਦੀ ਕੋਸ਼ਿਸ਼ ਕਰਦੇ ਹਾਂ । ਅਸੀਂ ਮਹਾਰਾਣਾ ਪ੍ਰਤਾਪ ਅਤੇ ਛਤਰਪਤੀ ਵੀਰ ਸ਼ਿਵਾ ਜੀ ਮਹਾਰਾਜ ਵਰਗੇ ਮਹਾਨ ਨਾਇਕਾਂ ਦੀਆਂ ਉਦਾਹਰਣਾਂ ਨੂੰ ਪੜ੍ਹਦੇ ਤੇ ਮੰਨਦੇ ਹਾਂ । ਸ਼੍ਰੀ ਨਰਿੰਦਰ ਮੋਦੀ ਤੇ ਆਰ।ਐੱਸ।ਐੱਸ। ਸਿੱਖ ਗੁਰੂਆਂ ਨੂੰ ਵੀ ਹਿੰਦੂ ਗੁਰੂ ਹੀ ਮੰਨਦੀ ਹੈ ਜਦਕਿ ਹਿੰਦੂ ਗੁਰੂ ਅਤੇ ਸਿੱਖ ਗੁਰੂ ਦਾ ਸਿਧਾਂਤਕ ਪੱਖੋਂ ਜਮੀਨ ਅਸਮਾਨ ਦਾ ਫ਼ਰਕ ਹੈ । ਹਿੰਦੂ ਗੁਰੂ ਦੇ ਸਾਹਮਣੇ ਵਰਣ, ਆਸ਼ਰਮ ਦੀਆਂ ਹਦਾਂ ਹਨ, ਸਿੱਖ ਗੁਰੂ ਅਕਾਲ ਪੁਰਖ ਦੀ ਸੈਭੰ ਬਖ਼ਸ਼ਿਸ਼ ਦੇ ਨੂਰ ਵਿੱਚੋਂ ਪੈਦਾ ਹੁੰਦਾ ਹੈ (ਹਰਿੰਦਰ ਸਿੰਘ ਮਹਿਬੂਬ)
ਅਗਲੇ ਹਫ਼ਤੇ ਪੜੋ੍ਹ ਮੈਕਲੋਡ ਨੇ ਪੱਛਮੀ ਵਿਦਵਾਨਾਂ ਨੂੰ ਸਿੱਖ ਧਰਮ ਵਿਰੋਧੀ ਫਰੇਮਵਰਕ ਕਿਵੇਂ ਤਿਆਰ ਕਰਕੇ ਦਿੱਤਾ ।
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਯੂ।ਕੇ।