ਰਿਸ਼ਵਤ ਰਾਣੀ ਤੇਰੀ ਸਦਾ ਹੀ ਜੈ
ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਵਿਚ ਹਾਹਾਕਾਰ ਮਚੀ ਹੋਈ ਹੈ। ਸੋਸ਼ਲ ਮੀਡੀਆ ਦੇ ਸਭ ਚੈਨਲ ਵੱਖੋ-ਵੱਖ ਬੁਲਾਰਿਆਂ ਨੂੰ ਬੁਲਾ ਕੇ ਇਸੇ ਬਾਰੇ ਹੀ ਪ੍ਰੋਗਰਾਮ ਕਰ ਰਹੇ ਹਨ ਤੇ ਭੁੱਲਰ ਦੇ ਪੋਤੜੇ ਫ਼ੋਲੇ ਜਾ ਰਹੇ ਹਨ। ਕੱਟੜ ਇਮਾਨਦਾਰ ਪਾਰਟੀ ਨੂੰ ਵੀ ਖੂਬ ਰਗੜੇ ਲਗ ਰਹੇ ਹਨ। ਕਈ ਬੁਲਾਰੇ ਸਰਕਾਰੀ ਮਹਿਕਮਿਆਂ ਚ ਚਲ ਰਹੀ ਰਿਸ਼ਵਤ ਦੇ ਕੱਚੇ ਚਿੱਠੇ ਫੋਲ ਰਹੇ ਹਨ ਕਿ ਕਿਵੇਂ ਹੇਠਲੇ ਅਫ਼ਸਰ ਰਿਸ਼ਵਤ ਦਾ ਪੈਸਾ ਇਕੱਠਾ ਕਰਦੇ ਹਨ ਤੇ ਸਭ ਆਪਣਾ ਆਪਣਾ ਹਿੱਸਾ ਵੰਡਾ ਕੇ ਬਾਕੀ ਰਕਮ ਉੱਪਰ ਤੱਕ ਪਹੁੰਚਾਉਂਦੇ ਹਨ। ਇਸ ਸਬੰਧੀ 50 ਸਾਲ ਪਹਿਲਾਂ ਮੇਰੀ ਅੱਖੀਂ ਦੇਖੀ ਇਕ ਘਟਨਾ ਪਾਠਕਾਂ ਨਾਲ ਸਾਂਝੀ ਕਰਨੀ ਕੁਥਾਂ ਨਹੀਂ ਹੋਵੇਗੀ। 
ਪੁਲਿਸ ਵਿਚ ਬਹੁਤੇ ਲੋਕ ਬੜੇ ਉੱਚੇ ਸੁੱਚੇ ਸੁਪਨੇ ਲੈ ਕੇ ਭਰਤੀ ਹੁੰਦੇ ਹਨ ਪਰ ਗੰਦੇ ਛੱਪੜ ਚ ਵੜ ਕੇ ਉਨ੍ਹਾਂ ਲਈ ਬੇਦਾਗ਼ ਰਹਿਣਾ ਔਖਾ ਹੋ ਜਾਂਦਾ ਹੈ। ਸਾਰਾ ਸਿਸਟਮ ਉਨ੍ਹਾਂ ਨੂੰ ਅਜਿਹੇ ਮਕੜ ਜਾਲ਼ ਵਿਚ ਫ਼ਸਾਉਂਦਾ ਹੈ ਕਿ ਉਨ੍ਹਾਂ ਦੀ ਹਾਲਤ ਸੱਪ ਦੇ ਮੂੰਹ ਚ ਕੋਹੜ ਕਿਰਲੀ ਵਾਲੀ ਹੋ ਜਾਂਦੀ ਹੈ, ਖਾਣ ਤਾਂ ਕੋਹੜੀ ਛੱਡਣ ਤਾਂ ਕਲੰਕੀ। ਕਾਲਜ ਵਿਚ ਮੇਰੇ ਨਾਲ ਪੜ੍ਹਦੇ ਇਕ ਮੁੰਡੇ ਦਾ ਸੁਪਨਾ ਪੁਲਿਸ ਦੀ ਨੌਕਰੀ ਸੀ। ਉਸਨੇ  ਦੇ ਆਦਰਸ਼ ਬੜੇ ਉੱਚੇ ਸਨ। ਉਹ ਸਮਾਜ ਵਿਚੋਂ ਬੁਰਿਆਈਆਂ ਨੂੰ ਖ਼ਤਮ ਕਰਨ ਦੇ ਸੁਪਨੇ ਲੈਂਦਾ ਸੀ। ਅਸੀਂ ਕਈ ਵਾਰੀ ਇਸ ਵਿਸ਼ੇ ਤੇ ਉਸ ਨਾਲ ਵਿਚਾਰ-ਵਟਾਂਦਰਾ ਵੀ ਕਰਦੇ ਅਤੇ ਦਲੀਲ ਦਿੰਦੇ ਕਿ ਇਸ ਦੁਨੀਆਂ ਵਿਚ ਬਹੁਤ ਮਹਾਨ ਸ਼ਖ਼ਸੀਅਤਾਂ ਵੀ ਕੋਸ਼ਿਸ਼ਾਂ ਕਰ ਚੁੱਕੀਆਂ ਪਰ ਬੁਰਿਆਈ ਦਾ ਬੀਜ ਨਾਸ਼ ਨਹੀਂ ਹੋਇਆ। ਪਰ ਉਸ ਦੀ ਇਕੋ ਰਟ ਹੁੰਦੀ ਸੀ ਕਿ  ਮੈਨੂੰ ਇਕ ਵਾਰੀ ਪੁਲਿਸ ਦੀ ਵਰਦੀ ਪਾ ਲੈਣ ਦਿਉ, ਫਿਰ ਦੇਖਿਉ ਮੇਰੇ ਹੱਥ। ਉੱਚਾ, ਲੰਮਾ, ਸੋਹਣਾ ਗੱਭਰੂ ਸੀ ਉਹ। ਘਰੋਂ ਵੀ ਸੌਖਾ ਸੀ। ਕਈ ਵਾਰੀ ਉਹ ਪੁਲਿਸ ਦੀ ਵਰਦੀ ਨਾਲ ਮਿਲਦੀ ਜੁਲਦੀ ਵਰਦੀ ਪਾ ਕੇ ਆਪਣੇ ਬੁਲੇਟ ਤੇ ਕਾਲਜ ਆ ਜਾਂਦਾ, ਹਾਲਾਂਕਿ ਇੰਜ ਵਰਦੀ ਪਾਉਣੀ ਕਾਨੂੰਨ ਦੀ ਉਲੰਘਣਾ ਸੀ ਪਰ ਉਹ ਪਰਵਾਹ ਨਹੀਂ ਸੀ ਕਰਦਾ। ਉਸ ਦੇ ਕੁਝ ਰਿਸ਼ਤੇਦਾਰ ਦਿੱਲੀ ਚ ਪੁਲਿਸ ਦੇ ਉੱਚ ਅਹੁਦਿਆਂ ਤੇ ਸਨ। ਉਨ੍ਹਾਂ ਨੇ ਉਸ ਨਾਲ ਵਾਅਦਾ ਕੀਤਾ ਹੋਇਆ ਸੀ ਕਿ ਉਹ ਬੀ.ਏ. ਪਾਸ ਕਰ ਲਵੇ ਤੇ ਉਹ ਉਸ ਨੂੰ ਏ.ਐੱਸ.ਆਈ. ਭਰਤੀ ਕਰਵਾ ਦੇਣਗੇ।
ਖੈਰ, ਉਹ ਬੀ.ਏ. ਕਰ ਕੇ ਏ. ਐੱਸ. ਆਈ. ਭਰਤੀ ਹੋ ਗਿਆ ਤੇ ਫ਼ਿਲੌਰ ਪੁਲਿਸ ਅਕੈਡਮੀ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਉਸ ਨੂੰ ਇਕ ਸ਼ਹਿਰ ਦੇ ਥਾਣੇ ਚ ਤਾਇਨਾਤ ਕਰ ਦਿਤਾ ਗਿਆ। ਜਿਵੇਂ ਕਿ ਉਸ ਦੇ ਦਿਮਾਗ਼ ਚ ਸਮਾਜ ਸੁਧਾਰ ਦਾ ਭੂਤ ਸਵਾਰ ਸੀ, ਉਸ ਨੇ ਸ਼ਹਿਰ ਦੇ ਜੇਬ ਕਤਰੇ ਤੇ ਹੋਰ ਨਿੱਕੇ ਮੋਟੇ ਜ਼ੁਰਮ ਕਰਨ ਵਾਲੇ ਮੁਜ਼ਰਿਮ ਲੰਮੇ ਪਾਉਣੇ ਸ਼ੁਰੂ ਕਰ ਦਿਤੇ। ਇਨ੍ਹਾਂ ਮੁਜ਼ਰਿਮਾਂ ਦੇ ਰਖ਼ਵਾਲਿਆਂ ਨੇ ਐੱਸ.ਐੱਚ.ਓ. ਕੋਲ ਫ਼ਰਿਆਦ ਕੀਤੀ। ਐੱਸ.ਐੱਚ.ਓ. ਨੇ ਉਸ ਨੂੰ ਸਮਝਾਇਆ ਕਿ ਉਹ ਸਿਸਟਮ ਮੁਤਾਬਿਕ ਚੱਲੇ, ਇੰਜ ਕੰਮ ਕਰੇ ਕਿ ਲੋਕਾਂ ਨੂੰ ਲੱਗੇ ਕਿ ਪੁਲਿਸ ਬਹੁਤ ਕੰਮ ਕਰਦੀ ਹੈ। ਪਰ ਉਹ ਆਪਣੇ ਜਨੂੰਨ &lsquoਚ ਉਸੇ ਚਾਲ ਨਾਲ ਚਲਦਾ ਰਿਹਾ। ਅਖੀਰ ਉੱਪਰਲਿਆਂ ਦਾ ਜ਼ੋਰ ਚੱਲਿਆ ਤੇ ਅਗਲਿਆਂ ਨੇ ਇਕ ਸਾਲ ਬਾਅਦ ਉਸ ਦੀ ਬਦਲੀ ਕਰਵਾ ਦਿਤੀ।                                                                                                                                
ਜਿੱਥੇ ਉਸ ਨੂੰ ਭੇਜਿਆ ਗਿਆ ਉਸ ਇਲਾਕੇ ਚ ਦਰਿਆ ਦੇ ਕੰਢੇ &lsquoਤੇ ਨਾਜਾਇਜ਼ ਸ਼ਰਾਬ ਬਹੁਤ ਬਣਦੀ ਸੀ। ਪੱਕੀਆਂ ਭੱਠੀਆਂ ਬਣੀਆਂ ਹੋਈਆਂ ਸਨ ਤੇ ਤਸਕਰਾਂ ਵਲੋਂ ਲੱਖਾਂ ਰੁਪਇਆ ਉੱਪਰ ਤੱਕ ਚਾੜ੍ਹਿਆ ਜਾਂਦਾ ਸੀ। ਸਾਡੇ ਇਸ ਸਮਾਜ ਸੁਧਾਰਕ ਨੇ ਉੱਥੇ ਛਾਪੇ ਮਾਰਨੇ ਸ਼ੁਰੂ ਕਰ ਦਿਤੇ। ਭੱਠੀਆਂ ਪੁੱਟਣੀਆਂ ਸ਼ੁਰੂ ਕਰ ਦਿਤੀਆਂ। ਹੁਣ ਉਸ ਦੇ ਵਿਰੁੱਧ ਸ਼ਿਕਾੲਤਾਂ ਹੋਰ ਵੀ ਉੱਪਰ ਤੱਕ ਜਾਣ ਲੱਗੀਆਂ ਤੇ ਉਸ ਨੂੰ ਚਿਤਾਵਨੀਆਂ ਮਿਲਣੀਆਂ ਸ਼ੁਰੂ ਹੋਈਆਂ ਕਿ ਉਹ ਆਪਣੀ ਔਕਾਤ ਚ ਰਹੇ ਨਹੀਂ ਤਾਂ ਉਸ ਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ। ਉਸ ਨੇ ਆਪਣੇ ਦਿੱਲੀ ਵਾਲੇ ਰਿਸ਼ਤੇਦਾਰਾਂ ਨੂੰ ਦੱਸਿਆ ਤੇ ਉਨ੍ਹਾਂ ਦਾ ਜਵਾਬ ਸੀ ਕਿ ਦਰਿਆ ਚ ਰਹਿ ਕੇ ਉਹ ਮਗਰਮੱਛ ਨਾਲ ਵੈਰ ਨਾ ਪਾਵੇ ਤੇ ਚਲ ਰਹੇ ਸਿਸਟਮ ਅਨੁਸਾਰ ਚੱਲਣਾ ਸਿੱਖੇ। ਉਸ ਦੇ ਇਕ ਦੋ ਸਹਿਕਰਮੀ ਅਫ਼ਸਰਾਂ ਨੇ ਵੀ ਉਸ ਨੂੰ ਖ਼ਬਰਦਾਰ ਕਰ ਦਿਤਾ ਸੀ ਕਿ ਜੇ ਉਹ ਸਿਸਟਮ ਮੁਤਾਬਿਕ ਨਾ ਚੱਲਿਆ ਤਾਂ ਉਸ ਨੂੰ ਕਿਸੇ ਕੇਸ ਵਿਚ ਫ਼ਸਾ ਦਿਤਾ ਜਾਵੇਗਾ। ਉਸਦੇ ਦਿਮਾਗ਼ ਵਿਚੋਂ ਦੁਨੀਆਂ ਸੁਧਾਰਨ ਦਾ ਭੂਤ ਉੱਤਰ ਗਿਆ ਤੇ ਫਿਰ ਉਸ ਨੇ ਸਿਫ਼ਾਰਿਸ਼ਾਂ ਪੁਆ ਕੇ ਆਪਣੀ ਬਦਲੀ ਟ੍ਰੈਫ਼ਿਕ ਵਿਚ ਕਰਵਾ ਲਈ। 
ਇਸੇ ਸਮੇਂ ਦੌਰਾਨ ਮੈਨੂੰ ਵੀ ਸਰਕਾਰੀ ਨੌਕਰੀ ਮਿਲ ਗਈ। ਇਕ ਦਿਨ ਮੈਂ ਸਰਹਿੰਦ ਤੋਂ ਲੁਧਿਆਣੇ ਨੂੰ ਪ੍ਰਾਈਵੇਟ ਬੱਸ ਰਾਹੀਂ ਜਾ ਰਿਹਾ ਸਾਂ ਕਿ ਰਾਹ ਵਿਚ ਟ੍ਰੈਫ਼ਿਕ ਵਾਲਿਆਂ ਨੇ ਟੈਕਸ ਚੈੱਕ ਕਰਨ ਲਈ ਬੱਸ ਰੋਕੀ। ਦੋ ਪੁਲਿਸ ਵਾਲੇ ਟਿਕਟਾਂ ਚੈੱਕ ਕਰਨ ਲਈ ਬੱਸ ਵਿਚ ਆ ਚੜ੍ਹੇ। ਖ਼ਤਾਨ ਵਿਚ ਕੁਰਸੀ ਉੱਪਰ ਵੱਡਾ ਅਫ਼ਸਰ ਕਾਲ਼ੀਆਂ ਐਨਕਾਂ ਲਗਾਈ ਬੈਠਾ ਸੀ, ਮੈਂ ਪਛਾਣ ਲਿਆ। ਮੈਂ ਉੱਤਰ ਕੇ ਉਸ ਨੂੰ ਮਿਲਣ ਚਲਿਆ ਗਿਆ। ਉਹ ਮੈਨੂੰ ਦੇਖ ਕੇ ਬੜਾ ਖ਼ੁਸ਼ ਹੋਇਆ ਤੇ ਜੱਫੀ ਪਾ ਕੇ ਮਿਲਿਆ। ਪੰਜ ਕੁ ਸਾਲ ਦਾ ਸਮਾਂ ਹੋ ਗਿਆ ਸੀ ਸਾਨੂੰ ਇਕ ਦੂਜੇ ਨੂੰ ਮਿਲਿਆਂ। ਏਨੀ ਦੇਰ ਨੂੰ ਸਿਪਾਹੀ ਤੇ ਹੌਲਦਾਰ ਟਿਕਟਾਂ ਚੈੱਕ ਕਰ ਕੇ ਆ ਗਏ ਤੇ ਬੱਸ ਦੇ ਡਰਾਈਵਰ ਨੇ ਹਾਰਨ ਵਜਾਇਆ ਤੇ ਮੇਰਾ ਇੰਤਜ਼ਾਰ ਕਰਨ ਲੱਗਿਆ। ਸਾਬ ਨੇ ਸਿਪਾਹੀ ਨੂੰ ਕਿਹਾ ਕਿ ਉਹ ਡਰਾਈਵਰ ਨੂੰ ਇਸ਼ਾਰਾ ਕਰ ਦੇਵੇ ਕਿ ਉਹ ਜਾਵੇ ਤੇ ਅਸੀਂ ਕਾਲਜ ਦੇ ਜ਼ਮਾਨੇ ਦੀਆਂ ਤੇ ਆਪਣੀ ਆਪਣੀ ਨੌਕਰੀ ਸਬੰਧੀ ਗੱਲਾਂ ਲੱਗੇ ਕਰਨ। ਇਕ ਕੁਰਸੀ ਨਾਲ ਵੱਡਾ ਸਾਰਾ ਥੈਲਾ ਟੰਗਿਆ ਹੋਇਆ ਸੀ। ਸਿਪਾਹੀ ਤੇ ਹੌਲਦਾਰ ਲਗਾਤਾਰ ਹਰੇਕ ਪ੍ਰਾਈਵੇਟ ਵਾਹਨ, ਵਿਸ਼ੇਸ਼ ਕਰ ਮਾਲ ਢੋਣ ਵਾਲ਼ੇ ਵਾਹਨਾਂ ਨੂੰ,  ਰੋਕ ਰਹੇ ਸਨ ਤੇ ਪੈਸੇ ਉਗਰਾਹ ਕੇ ਵੱਡੇ ਥੈਲੇ ਚ ਪਾਈ ਜਾ ਰਹੇ ਸਨ। ਜੇ ਕੋਈ ਡਰਾਈਵਰ ਪੈਸੇ ਦੇਣ ਤੋਂ ਆਨਾ &ndashਕਾਨੀ ਕਰਦਾ ਸੀ ਤਾਂ ਉਸ ਨੂੰ ਵੱਡੇ ਸਾਹਿਬ ਕੋਲ ਪੇਸ਼ ਕੀਤਾ ਜਾਂਦਾ ਸੀ ਤੇ &lsquoਕੇਸ&rsquo ਨਿਪਟ ਜਾਂਦਾ ਸੀ।
ਜ਼ਿੰਦਗੀ ਚ ਰਿਸ਼ਵਤ ਬਾਰੇ ਸੁਣਿਆ ਤਾਂ ਬਹੁਤ ਕੁਝ ਸੀ ਪਰ ਅੱਖੀਂ ਦੇਖਣ ਦਾ ਇਹ ਪਹਿਲਾ ਮੌਕਾ ਸੀ। ਮੈਂ ਉਸ ਨੂੰ ਕਿਹਾ ਕਿ ਇਸ ਹਿਸਾਬ ਤਾਂ ਉਹ ਪੈਸਿਆਂ ਨਾਲ਼ ਖੂਹ ਭਰ ਦੇਵੇਗਾ। ਉਸ ਨੇ ਇਕ ਹਉਕਾ ਲਿਆ ਤੇ ਬੋਲਿਆ,  ਜਿਹੜਾ ਕੋਈ ਵੀ ਸਾਨੂੰ ਦੇਖਦੈ ਉਹ ਇੰਜ ਹੀ ਸੋਚਦੈ ਪਰ ਅਸਲੀਅਤ ਕੁਝ ਹੋਰ ਐ। ਲੈ ਸੁਣ, ਇਹ ਪੈਸੇ ਉੱਪਰ ਤੱਕ ਜਾਂਦੇ ਐ, ਸਭ ਨੂੰ ਆਪਣਾ ਆਪਣਾ ਹਿੱਸਾ ਮਿਲਦੈ, ਜੇ ਮੈਂ ਚਾਹਾਂ ਵੀ ਤਾਂ ਵੀ ਇਸ ਵਿਚੋਂ ਸੌ ਦੋ ਸੌ ਇਧਰ ਉਧਰ ਨਹੀਂ ਕਰ ਸਕਦਾ ਕਿਉਂਕਿ ਮੈਨੂੰ ਨਹੀਂ ਪਤਾ ਕਿ ਮੇਰੇ ਉੱਪਰ ਇਹ ਹੌਲਦਾਰ ਜਾਸੂਸੀ ਕਰਦਾ ਹੈ ਜਾਂ ਸਿਪਾਹੀ ਜਿਸ ਨੇ ਉੱਪਰਲੇ ਅਫ਼ਸਰ ਨੂੰ ਰਿਪੋਰਟ ਕਰਨੀ ਹੈ ਕਿ ਇਸ ਰੂਟ ਉੱਪਰ ਇਤਨੇ ਪੈਸੇ ਬਣੇ ਹਨ। ਹਾਂ, ਸਾਨੂੰ ਸਭ ਨੂੰ ਆਪਣਾ ਹਿੱਸਾ ਮਿਲਦਾ ਹੈ, ਹਰੇਕ ਦਾ ਆਪਣਾ ਰੇਟ ਹੈ, ਪਰ ਇਸ ਤੋਂ ਇਲਾਵਾ ਜੋ ਸਾਨੂੰ ਵਾਧੂ ਮਿਲਦੈ ਉਹ ਉੱਪਰਲੇ ਅਫ਼ਸਰਾਂ ਨੂੰ ਨਹੀਂ ਮਿਲਦਾ। ਮੈਂ ਪੁੱਛਿਆ, ਉਹ ਕੀ? 
ਉਹ ਬੜੀ ਗੰਭੀਰਤਾ ਨਾਲ ਬੋਲਿਆ,  ਡਰਾਈਵਰਾਂ ਵਲੋਂ ਕੱਢੀਆਂ ਮਾਂ ਭੈਣ ਦੀਆਂ ਗਾਲ੍ਹਾਂ। ਜਿਸ ਡਰਾਈਵਰ ਦਾ ਕੋਈ ਕਸੂਰ ਵੀ ਨਹੀਂ ਹੁੰਦਾ, ਗੱਡੀ ਦੇ ਕਾਗਜ਼ ਪੂਰੇ ਹਨ, ਗੱਡੀ ਠੀਕ-ਠਾਕ ਹੈ, ਪਰ ਅਸੀਂ ਧੱਕੇ ਨਾਲ ਉਸ ਤੋਂ ਪੈਸੇ ਲੈਂਦੇ ਹਾਂ ਤਾਂ ਉਹ ਸਾਨੂੰ ਗਾਲ੍ਹਾਂ ਨਹੀਂ ਕੱਢੂ ਤਾਂ ਹੋਰ ਸਾਨੂੰ ਸ਼ਗਨ ਪਾਊ? ਕਈ ਵਾਰੀ ਸਾਨੂੰ ਗਾਲ੍ਹਾਂ ਸੁਣ ਵੀ ਪੈਂਦੀਆਂ ਨੇ ਪਰ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਪੈਸਿਆਂ ਨੇ ਸਾਡਾ ਮੂੰਹ ਬੰਦ ਕੀਤਾ ਹੋਇਆ ਹੁੰਦੈ। 
ਏਨਾ ਕਹਿ ਕੇ ਉਹ ਹੋਰ ਵੀ ਗੰਭੀਰ ਹੋ ਗਿਆ ਤੇ ਮੈਂ ਗੱਲ ਦਾ ਰੁਖ਼ ਬਦਲ ਦਿਤਾ।
ਨਿਰਮਲ ਸਿੰਘ ਕੰਧਾਲਵੀ