ਯੂਕੇ ਵਿੱਚ ਸਿੱਖ ਭਾਈਚਾਰੇ ਉੱਤੇ ਵਧਦੀ ਨਸਲਵਾਦੀ ਹਿੰਸਾ: ਸਮਾਂ ਸਖ਼ਤ ਕਾਰਵਾਈ ਦਾ

-ਰਜਿੰਦਰ ਸਿੰਘ ਪੁਰੇਵਾਲ

ਪਿਛਲੇ ਦੋ ਮਹੀਨਿਆਂ ਵਿੱਚ ਵੈਸਟ ਮਿਡਲੈਂਡਜ਼ ਦੇ ਵਾਲਸਾਲ ਅਤੇ ਓਲਡਬਰੀ ਇਲਾਕਿਆਂ ਵਿੱਚ ਦੋ ਵੱਖ-ਵੱਖ 20 ਸਾਲਾ ਪੰਜਾਬੀ ਮੂਲ ਦੀਆਂ ਸਿੱਖ ਕੁੜੀਆਂ ਨਾਲ ਬਲਾਤਕਾਰ ਅਤੇ ਭਿਆਨਕ ਨਸਲਵਾਦੀ ਹਮਲੇ ਹੋਏ ਨੇ| ਇਹ ਘਟਨਾਵਾਂ ਸਿਰਫ਼ ਅਪਰਾਧ ਨਹੀਂ, ਸਗੋਂ ਇੱਕ ਡੂੰਘੀ ਸਮਾਜਿਕ ਬਿਮਾਰੀ ਦੇ ਲੱਛਣ ਨੇ| ਸਵਾਲ ਉੱਠਦਾ ਹੈ ਕਿ ਸਿੱਖ ਕਿਉਂ ਨਿਸ਼ਾਨਾ ਬਣ ਰਹੇ ਨੇ? ਬਲਾਤਕਾਰ ਵਰਗੇ ਜੁਰਮ ਪਿੱਛੇ ਕੀ ਮਾਨਸਿਕਤਾ ਕੰਮ ਕਰ ਰਹੀ ਹੈ? ਇੰਗਲੈਂਡ ਸਰਕਾਰ ਸਖ਼ਤ ਕਾਰਵਾਈ ਕਿਉਂ ਨਹੀਂ ਕਰ ਰਹੀ | ਇਸ ਸਮੱਸਿਆ ਦੇ ਹੱਲ ਲਈ ਹੋਰ ਉÎੱਦਮ ਕਰਨੇ ਚਾਹੀਦੇ ਹਨ | ਪਹਿਲੀ ਘਟਨਾ ਪਿਛਲੇ ਮਹੀਨੇ ਓਲਡਬਰੀ ਵਿੱਚ ਵਾਪਰੀ, ਜਿੱਥੇ ਇੱਕ ਬ੍ਰਿਟਿਸ਼ ਸਿੱਖ ਔਰਤ ਨੂੰ ਨਸਲਵਾਦੀ ਹਮਲੇ ਵਿੱਚ ਬਲਾਤਕਾਰ ਦਾ ਸ਼ਿਕਾਰ ਬਣਾਇਆ ਗਿਆ| ਫਿਰ ਸ਼ਨੀਵਾਰ ਨੂੰ ਵਾਲਸਾਲ ਦੇ ਪਾਰਕ ਹਾਲ ਇਲਾਕੇ ਵਿੱਚ 20 ਸਾਲਾ ਭਾਰਤੀ ਮੂਲ ਦੀ ਕੁੜੀ ਨੂੰ ਸੜਕ ਉੱਤੇ ਗੰਭੀਰ ਜ਼ਖ਼ਮੀ ਹਾਲਤ ਵਿੱਚ ਲੱਭਿਆ ਗਿਆ| ਪੁਲਿਸ ਨੇ ਪੁਸ਼ਟੀ ਕੀਤੀ ਕਿ ਉਸ ਨਾਲ ਬਲਾਤਕਾਰ ਕੀਤਾ ਗਿਆ ਅਤੇ ਬੁਰੀ ਤਰ੍ਹਾਂ ਕੁੱਟਿਆ ਗਿਆ| ਹਮਲਾਵਰ ਇੱਕ ਗੋਰਾ ਮਰਦ ਹੈ, ਜਿਸ ਦੀ ਉਮਰ 30 ਸਾਲ ਦੇ ਕਰੀਬ ਹੈ| ਪੁਲਿਸ ਨੇ ਸੀਸੀਟੀਵੀ ਫੁਟੇਜ ਜਾਰੀ ਕੀਤੀ ਹੈ ਅਤੇ ਲੋਕਾਂ ਨੂੰ ਮਦਦ ਮੰਗੀ ਹੈ| ਡਿਟੈਕਟਿਵ ਸੁਪਰਡੈਂਟ ਰੋਨਨ ਟਾਇਰਰ ਨੇ ਇਸ ਨੂੰ ਬਹੁਤ ਭਿਆਨਕ ਹਮਲਾ ਦੱਸਿਆ ਅਤੇ ਕਿਹਾ ਕਿ ਇਹ ਨਸਲਵਾਦੀ ਮਨਸੂਬੇ ਨਾਲ ਕੀਤਾ ਗਿਆ ਲੱਗਦਾ ਹੈ| 
ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੇ ਪਿੱਛੇ ਡੂੰਘੀਆਂ ਜੜ੍ਹਾਂ ਨੇ| ਬ੍ਰਿਟੇਨ ਵਿੱਚ ਸਿੱਖ ਭਾਈਚਾਰਾ 1960ਵਿਆਂ ਤੋਂ ਬਾਅਦ ਵੱਡੀ ਗਿਣਤੀ ਵਿੱਚ ਆ ਵੱਸਿਆ ਸੀ| ਪਗੜੀ, ਦਾੜ੍ਹੀ ਅਤੇ ਵੱਖਰੀ ਪਛਾਣ ਕਾਰਨ ਉਹ ਅਕਸਰ ਆਊਟਸਾਈਡਰ ਮੰਨੇ ਜਾਂਦੇ ਨੇ| 9/11 ਦੇ ਹਮਲਿਆਂ ਤੋਂ ਬਾਅਦ ਮੁਸਲਿਮ ਵਿਰੋਧੀ ਮਾਹੌਲ ਵਿੱਚ ਸਿੱਖਾਂ ਨੂੰ ਵੀ ਗਲਤੀ ਨਾਲ ਨਿਸ਼ਾਨਾ ਬਣਾਇਆ ਗਿਆ| ਪਰ ਹੁਣ ਇਹ ਹਮਲੇ ਵਧੇਰੇ ਨਸਲਵਾਦੀ ਅਤੇ ਜਿਨਸੀ ਹਿੰਸਾ ਨਾਲ ਜੁੜੇ ਨੇ| ਬਲਾਤਕਾਰ ਵਰਗੇ ਜੁਰਮ ਪਿੱਛੇ ਇੱਕ ਬੀਮਾਰ ਮਾਨਸਿਕਤਾ ਕੰਮ ਕਰਦੀ ਹੈ - ਅਸੀਂ ਉੱਤਮ ਹਾਂ, ਉਹ ਘਟੀਆ ਨੇ&rsquo ਵਾਲੀ ਸੋਚ| ਇਹ ਰਾਈਟ-ਵਿੰਗ ਗਰੁੱਪਾਂ ਦੇ ਪ੍ਰਭਾਵ ਹੇਠ ਵਧ ਰਹੀ ਹੈ, ਜੋ ਇਮੀਗ੍ਰੇਸ਼ਨ ਵਿਰੋਧੀ ਨਾਅਰੇ ਲਗਾਉਂਦੇ ਨੇ| ਸਿੱਖ ਕੁੜੀਆਂ ਨੂੰ ਨਿਸ਼ਾਨਾ ਬਣਾਉਣਾ ਭਾਈਚਾਰੇ ਨੂੰ ਡਰਾਉਣ ਅਤੇ ਉਨ੍ਹਾਂ ਦੀ ਪਛਾਣ ਉੱਤੇ ਹਮਲਾ ਕਰਨ ਦੀ ਰਣਨੀਤੀ ਹੈ| ਇਹ ਸਿਰਫ਼ ਜਿਨਸੀ ਹਿੰਸਾ ਨਹੀਂ, ਸਗੋਂ ਨਸਲੀ ਸਫ਼ਾਇਆ ਵਰਗੀ ਮਨਸ਼ਾ ਵੀ ਦਿਖਾਉਂਦੀ ਹੈ|
ਇੰਗਲੈਂਡ ਸਰਕਾਰ ਦੀ ਚੁੱਪ ਅਤੇ ਨਰਮ ਰਵੱਈਆ ਹੈਰਾਨ ਕਰਨ ਵਾਲਾ ਹੈ| ਵੈਸਟ ਮਿਡਲੈਂਡਜ਼ ਪੁਲਿਸ ਨੇ ਵਧੀ ਹੋਈ ਪੈਟਰੋਲਿੰਗ ਅਤੇ ਫੋਰੈਂਸਿਕ ਜਾਂਚ ਦਾ ਵਾਅਦਾ ਕੀਤਾ ਹੈ, ਪਰ ਸਖ਼ਤ ਕਾਨੂੰਨੀ ਕਾਰਵਾਈ ਨਹੀਂ ਹੋ ਰਹੀ| ਨਸਲਵਾਦੀ ਹਮਲਿਆਂ ਨੂੰ ਹੇਟ ਕ੍ਰਾਈਮ ਵਜੋਂ ਰਜਿਸਟਰ ਕੀਤਾ ਜਾਂਦਾ ਹੈ, ਪਰ ਸਜ਼ਾਵਾਂ ਹਲਕੀਆਂ ਨੇ| ਬ੍ਰੈਕਸਿਟ ਤੋਂ ਬਾਅਦ ਨਸਲਵਾਦ ਵਧਿਆ ਹੈ, ਪਰ ਸਰਕਾਰ ਨੇ ਕੋਈ ਵਿਸ਼ੇਸ਼ ਨੀਤੀ ਨਹੀਂ ਬਣਾਈ| ਸਰਕਾਰ ਨੂੰ ਨਫ਼ਰਤੀ ਜੁਰਮਾਂ ਲਈ ਉਮਰ ਕੈਦ ਵਰਗੀਆਂ ਸਜ਼ਾਵਾਂ ਲਾਗੂ ਕਰਨੀਆਂ ਚਾਹੀਦੀਆਂ ਨੇ| ਸਕੂਲਾਂ ਵਿੱਚ ਨਸਲਵਾਦ ਵਿਰੋਧੀ ਸਿੱਖਿਆ ਅਤੇ ਪੁਲਿਸ ਵਿੱਚ ਵਿਭਿੰਨਤਾ ਵਧਾਉਣੀ ਚਾਹੀਦੀ ਹੈ|
ਪੰਜਾਬੀ ਅਤੇ ਸਿੱਖ ਜਥੇਬੰਦੀਆਂ ਨੂੰ ਵੀ ਇਸ ਵਿਸ਼ੇ ਤੇ ਹੋਰ ਸਰਗਰਮ ਹੋਣਾ ਚਾਹੀਦਾ ਹੈ| ਯੂਕੇ ਵਿੱਚ ਸਿੱਖ ਕੌਂਸਲ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਜਾਬੀ ਮੀਡੀਆ ਨੇ ਇਨ੍ਹਾਂ ਘਟਨਾਵਾਂ ਉੱਤੇ ਬਿਆਨ ਦਿੱਤੇ ਨੇ| ਪਰ ਇਸ ਮਸਲੇ ਉਪਰ ਇਕਜੁਟਤਾ ਨਹੀਂ ਦਿਖਾਈ ਦਿੰਦੀ? ਜਥੇਬੰਦੀਆਂ ਨੂੰ ਰੈਲੀਆਂ ਕੱਢਣੀਆਂ ਚਾਹੀਦੀਆਂ, ਪਾਰਲੀਮੈਂਟ ਵਿੱਚ ਪਟੀਸ਼ਨ ਦੇਣੀ ਚਾਹੀਦੀ ਅਤੇ ਪੰਜਾਬੀਆਂ ਨੂੰ ਜਾਗਰੂਕ ਕਰਨਾ ਚਾਹੀਦਾ| ਭਾਰਤ ਸਰਕਾਰ ਨੂੰ ਵੀ ਦਖਲ ਦੇਣਾ ਚਾਹੀਦਾ ਹੈ, ਕਿਉਂਕਿ ਇਹ ਭਾਰਤੀ ਨਾਗਰਿਕਾਂ ਨਾਲ ਵਾਪਰ ਰਿਹਾ ਹੈ|
ਇਹ ਘਟਨਾਵਾਂ ਸਿੱਖ ਭਾਈਚਾਰੇ ਲਈ ਵੱਡਾ ਸਬਕ ਨੇ| ਆਪਣੀ ਪਛਾਣ ਨੂੰ ਮਜ਼ਬੂਤ ਰੱਖਦੇ ਹੋਏ ਸੁਰੱਖਿਆ ਵਧਾਉਣੀ ਪਵੇਗੀ| ਗੁਰਦੁਆਰਿਆਂ ਵਿੱਚ ਸੈਲਫ-ਡਿਫੈਂਸ ਕਲਾਸਾਂ, ਕਮਿਊਨਿਟੀ ਪੈਟਰੋਲ ਅਤੇ ਪੁਲਿਸ ਨਾਲ ਸਹਿਯੋਗ ਜ਼ਰੂਰੀ ਹੈ| ਨੌਜਵਾਨਾਂ ਨੂੰ ਨਸਲਵਾਦ ਵਿਰੋਧੀ ਮੁਹਿੰਮਾਂ ਵਿੱਚ ਸ਼ਾਮਲ ਕਰਨਾ ਪਵੇਗਾ| ਬ੍ਰਿਟੇਨ ਦਾ ਸਮਾਜ ਵਿਭਿੰਨ ਹੈ, ਪਰ ਵਿਭਿੰਨਤਾ ਨੂੰ ਸਵੀਕਾਰ ਕਰਨ ਲਈ ਸਿੱਖਿਆ ਅਤੇ ਸਹਿਣਸ਼ੀਲਤਾ ਚਾਹੀਦੀ ਹੈ| ਜੇਕਰ ਅੱਜ ਚੁੱਪ ਰਹੇ ਤਾਂ ਕੱਲ੍ਹ ਹੋਰ ਘਟਨਾਵਾਂ ਵਾਪਰਨਗੀਆਂ| 
ਯੂ.ਪੀ. ਵਿੱਚ ਬੀਜੇਪੀ ਆਗੂ ਦਾ ਭੜਕਾਊ ਬਿਆਨ: ਮੁਸਲਿਮ ਕੁੜੀਆਂ ਨਾਲ ਵਿਆਹ ਕਰੋ, ਧਰਮ ਬਦਲਾਓ ਤੇ ਨੌਕਰੀ ਲਓ ਕਾਨੂੰਨ ਕੀ ਕਾਰਵਾਈ ਕਰੇਗਾ?
ਬੀਜੇਪੀ ਦੇ ਸਾਬਕਾ ਵਿਧਾਇਕ ਰਾਘਵੇਂਦਰ ਪ੍ਰਤਾਪ ਸਿੰਘ ਨੇ ਡੁਮਰੀਆਗੰਜ ਇਲਾਕੇ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਅਜਿਹਾ ਬਿਆਨ ਦਿੱਤਾ ਕਿ ਪੂਰੇ ਯੂ.ਪੀ. ਵਿੱਚ ਹੰਗਾਮਾ ਮੱਚ ਗਿਆ| ਉਨ੍ਹਾਂ ਨੇ ਹਿੰਦੂ ਨੌਜਵਾਨਾਂ ਨੂੰ ਖੁੱਲ੍ਹ ਕੇ ਕਿਹਾ ਕਿ ਘਟੋ ਘਟ ਦਸ ਮੁਸਲਿਮ ਔਰਤਾਂ ਨੂੰ ਚੁੱਕੋ ਤੇ ਹਿੰਦੂ ਬਣਾਓ| ਜਿਹੜਾ ਇਹ ਕੰਮ ਕਰੇਗਾ, ਉਸ ਨੂੰ ਇਨਾਮ ਵੀ ਮਿਲੂਗਾ ਤੇ ਨੌਕਰੀ ਵੀ ਪੱਕੀ! ਇਸ ਬਿਆਨ ਦਾ ਵੀਡੀਓ ਸੋਸ਼ਲ ਮੀਡੀਆ &rsquoਤੇ ਵਾਇਰਲ ਹੋ ਗਿਆ ਤੇ ਵਿਰੋਧੀ ਪਾਰਟੀਆਂ ਨੇ ਬੀਜੇਪੀ ਨੂੰ ਘੇਰ ਲਿਆ|
ਸਭਾ ਵਿੱਚ ਰਾਘਵੇਂਦਰ ਸਿੰਘ ਨੇ ਦੋ ਹਿੰਦੂ ਕੁੜੀਆਂ ਦੇ ਮੁਸਲਿਮ ਮੁੰਡਿਆਂ ਨਾਲ ਵਿਆਹ ਦਾ ਜ਼ਿਕਰ ਕੀਤਾ ਤੇ ਬੋਲੇ, ਦੋ ਹਿੰਦੂ ਕੁੜੀਆਂ ਗਈਆਂ, ਉਹ ਵਾਪਸ ਨਹੀਂ ਆਈਆਂ| ਹੁਣ ਅਸੀਂ ਉਨ੍ਹਾਂ ਦੇ ਬਦਲੇ ਘੱਟੋ-ਘੱਟ ਦਸ ਮੁਸਲਿਮ ਕੁੜੀਆਂ ਲਿਆਵਾਂਗੇ| ਵੀਹ ਕੁੜੀਆਂ ਦੇ ਬਦਲੇ ਦਸ ਵੀ ਨਹੀਂ ਮੰਨਾਂਗੇ! ਉਨ੍ਹਾਂ ਨੇ ਮੁਸਲਿਮ ਭਾਈਚਾਰੇ ਨੂੰ ਖੁੱਲ੍ਹੀ ਚੇਤਾਵਨੀ ਦਿੱਤੀ, ਮੁਸਲਿਮ ਭਾਈਓ, ਸੁਣ ਲਓ - ਅਸੀਂ ਦੋ ਹਿੰਦੂ ਕੁੜੀਆਂ ਦਾ ਮੁਸਲਿਮ ਮੁੰਡਿਆਂ ਨਾਲ ਵਿਆਹ ਬਰਦਾਸ਼ਤ ਨਹੀਂ ਕਰਾਂਗੇ| ਵੱਡਾ ਬਦਲਾ ਲਵਾਂਗੇ| ਮੌਲਵੀਆਂ ਨੂੰ ਵੀ ਚੇਤਾਵਨੀ ਹੈ! ਸਭਾ ਵਿੱਚ ਮੌਜੂਦ ਨੌਜਵਾਨਾਂ ਨੇ ਹੱਥ ਚੁੱਕ ਕੇ ਸਮਰਥਨ ਕੀਤਾ ਤੇ &lsquoਜੈ ਸ੍ਰੀ ਰਾਮ&rsquo ਦੇ ਨਾਹਰੇ ਗੂੰਜਣ ਲੱਗੇ|
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੈ ਸਿੰਘ ਨੇ ਕਿਹਾ ਕਿ ਬੀਜੇਪੀ ਦਾ ਸੰਸਕਾਰੀ ਸਾਬਕਾ ਵਿਧਾਇਕ ਕਹਿ ਰਿਹਾ ਹੈ ਕਿ ਹਿੰਦੂਓ, ਨੌਕਰੀ ਚਾਹੀਦੀ ਤਾਂ ਪਹਿਲਾਂ ਘਟੀਆ ਬਣੋ, ਦੂਜੇ ਧਰਮ ਦੀ ਕੁੜੀ ਭਜਾਓ| ਕਿਹੜਾ ਹਿੰਦੂ ਮਾਂ-ਬਾਪ ਆਪਣੇ ਪੁੱਤ ਨੂੰ ਗੁੰਡਾ ਬਣਾਉਣਾ ਚਾਹੁੰਦਾ? ਕੀ ਦੁਨੀਆਂ ਵਿੱਚ ਹਿੰਦੂ ਧਰਮ ਦੀ ਇਹ ਪਛਾਣ ਬਣੇਗੀ? ਸਮਾਜਵਾਦੀ ਪਾਰਟੀ, ਕਾਂਗਰਸ ਤੇ ਬਸਪਾ ਨੇ ਵੀ ਬਿਆਨ ਨੂੰ ਫਿਰਕਾਪ੍ਰਸਤੀ ਫੈਲਾਉਣ ਵਾਲਾ ਦੱਸਿਆ| ਸਮਾਜਵਾਦੀ ਪਾਰਟੀ ਦੇ ਬੁਲਾਰੇ ਨੇ ਕਿਹਾ, ਬੀਜੇਪੀ ਵੋਟਾਂ ਲਈ ਧਰਮ ਨੂੰ ਹਥਿਆਰ ਬਣਾ ਰਹੀ ਹੈ| ਇਹ ਬਿਆਨ ਸਮਾਜਿਕ ਸਾਂਝ ਨੂੰ ਤੋੜਨ ਦੀ ਸਾਜ਼ਿਸ਼ ਹੈ|
ਯੂ.ਪੀ. ਵਿੱਚ 2021 ਦਾ ਧਰਮਾਂਤਰਣ ਵਿਰੋਧੀ ਕਾਨੂੰਨ ਲਾਗੂ ਹੈ| ਇਸ ਤਹਿਤ ਜਬਰੀ ਜਾਂ ਲਾਲਚ ਦੇ ਕੇ ਧਰਮ ਬਦਲਣ &rsquoਤੇ ਸਖ਼ਤ ਸਜ਼ਾ ਹੈ| ਪਿਛਲੇ ਸਾਲਾਂ ਵਿੱਚ ਕਈ ਮੁਸਲਿਮ ਨੌਜਵਾਨਾਂ ਨੂੰ ਹਿੰਦੂ ਕੁੜੀਆਂ ਨਾਲ ਸਬੰਧ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ| ਪਰ ਰਾਘਵੇਂਦਰ ਸਿੰਘ ਦੇ ਬਿਆਨ ਨੇ ਸਵਾਲ ਖੜ੍ਹਾ ਕੀਤਾ - ਕੀ ਇਹ ਕਾਨੂੰਨ ਸਿਰਫ਼ ਇੱਕ ਧਰਮ ਲਈ ਹੈ? ਵਿਰੋਧੀਆਂ ਨੇ ਪੁੱਛਿਆ, ਜੇ ਮੁਸਲਿਮ ਨੌਜਵਾਨ ਨੂੰ ਲਵ ਜਿਹਾਦ ਦੇ ਨਾਂ ਤੇ ਜੇਲ੍ਹ ਹੋ ਜਾਂਦੀ, ਤਾਂ ਬੀਜੇਪੀ ਆਗੂ ਨੂੰ ਨੌਕਰੀ ਦਾ ਲਾਲਚ ਦੇ ਕੇ ਧਰਮਾਂਤਰਣ ਕਰਾਉਣ ਦੀ ਗੱਲ ਕਿਉਂ ਕਰਨ ਦੀ ਖੁੱਲ੍ਹ ਮਿਲੀ? ਅਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ|
ਬੀਜੇਪੀ ਦੇ ਕਈ ਆਗੂ ਪਹਿਲਾਂ ਵੀ ਲਵ ਜਿਹਾਦ ਦੇ ਨਾਂ &rsquoਤੇ ਮੁਹਿੰਮ ਚਲਾਉਂਦੇ ਰਹੇ, ਪਰ ਆਪਣੇ ਆਗੂ ਦੇ ਅਜਿਹੇ ਬਿਆਨ ਤੇ ਚੁੱਪ ਹਨ|
ਵਿਰੋਧੀ ਪਾਰਟੀਆਂ ਨੇ ਮੰਗ ਕੀਤੀ ਕਿ ਰਾਘਵੇਂਦਰ ਸਿੰਘ ਵਿਰੁੱਧ ਐਫ.ਆਈ.ਆਰ. ਦਰਜ ਹੋਵੇ ਤੇ ਬੀਜੇਪੀ ਉਨ੍ਹਾਂ ਨੂੰ ਪਾਰਟੀ &rsquoਚੋਂ ਕੱਢੇ| ਪੁਲਿਸ ਨੇ ਕਿਹਾ ਕਿ ਵੀਡੀਓ ਦੀ ਜਾਂਚ ਚੱਲ ਰਹੀ ਹੈ| ਪਰ ਸਵਾਲ ਇਹ ਹੈ - ਕੀ ਕਾਨੂੰਨ ਸਾਰਿਆਂ ਲਈ ਬਰਾਬਰ ਲਾਗੂ ਹੋਵੇਗਾ ਜਾਂ ਫਿਰ ਇਹ ਰਾਜਨੀਤਿਕ ਡਰਾਮਾ ਬਣ ਕੇ ਰਹਿ ਜਾਵੇਗਾ? ਸਮਾਜਿਕ ਸਾਂਝ ਨੂੰ ਬਚਾਉਣ ਲਈ ਸਿਆਸੀ ਆਗੂਆਂ ਨੂੰ ਸੰਜਮ ਵਰਤਣਾ ਪਵੇਗਾ, ਨਹੀਂ ਤਾਂ ਅਜਿਹੇ ਬਿਆਨ ਸਮਾਜ ਨੂੰ ਖਤਰੇ ਵਿੱਚ ਪਾ ਸਕਦੇ ਨੇ|
-ਰਜਿੰਦਰ ਸਿੰਘ ਪੁਰੇਵਾਲ