ਇਸਾਈ ਪਾਦਰੀ ਡਬਲਿਊ।ਐੱਚ। ਮੈਕਲੋਡ ਨੇ ਪੱਛਮੀ ਵਿਦਵਾਨਾਂ ਨੂੰ ਸਿੱਖ ਧਰਮ ਵਿਰੋਧੀ ਫਰੇਮਵਰਕ (Framework) ਕਿਵੇਂ ਤੇ ਕਿਉਂ ਤਿਆਰ ਕਰਕੇ ਦਿੱਤਾ

ਜਥੇਦਾਰ ਮਹਿੰਦਰ ਸਿੰਘ ਯੂ।ਕੇ।

ਪੱਛਮ ਦਾ ਗਿਆਨਵਾਦੀ ਫ਼ਲਸਫਾ ਹਕੀਕੀ ਤੌਰ &lsquoਤੇ ਬ੍ਰਾਹਮਣਵਾਦ ਦਾ ਹੀ ਇਕ ਰੂਪ ਹੈ । ਇਸ ਲਈ ਉਦਾਰ ਕਹਾਉਣ ਵਾਲੀ ਭਾਰਤੀ ਸਟੇਟ ਇਸ ਫ਼ਲਸਫੇ ਨੂੰ ਆਪਣੀ ਹਿੱਕ ਨਾਲ ਲਾਈ ਫਿਰਦੀ ਹੈ । ਭਾਰਤੀ ਯੂਨੀਵਰਸਿਟੀਆਂ ਵਿੱਚ ਇਸ ਦਰਸ਼ਨ ਦੇ ਅਧੀਨ ਹੀ (ਕਲਾਸਿਕ ਬ੍ਰਾਹਮਣਵਾਦੀ ਦਰਸ਼ਨ ਸਮੇਤ) ਸਿੱਖੀ ਦੀ ਵਿਆਖਿਆ ਕੀਤੀ ਜਾਂਦੀ ਹੈ । ਇਹ ਸਾਰਾ ਕੁਝ ਸਿੱਖ ਕੌਮ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਦੀ ਕਵਾਇਦ ਦਾ ਹੀ ਹਿੱਸਾ ਹੈ । ਇਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਦਹਾਕੇ ਪਹਿਲਾਂ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼, ਚੰਡੀਗੜ੍ਹ ਨਾਲ ਸੰਬੰਧਿਤ ਸਿੱਖ ਵਿਦਵਾਨਾਂ ਨੇ ਆਪਣੀਆਂ ਲਿਖਤਾਂ ਦੁਆਰਾ ਇਕ ਵਾਰੀ ਤਾਂ ਮੈਕਲੋਡ ਨੂੰ ਮੂੰਹ ਤੋੜਵਾਂ ਜੁਆਬ ਦਿੱਤਾ ਸੀ ਅਤੇ ਉਸ (ਮੈਕਲੋਡ) ਨੂੰ ਟਰਾਂਟੋ ਵਿੱਚ ਸਥਾਪਤ ਚੇਅਰ ਆਫ਼ ਸਿੱਖ ਸਟੱਡੀਜ਼ ਨੂੰ ਛੱਡਣ ਲਈ ਮਜਬੂਰ ਹੋਣਾ ਪਿਆ ਸੀ, ਪਰ ਪੱਛਮੀ ਸਾਮਰਾਜੀ ਸ਼ਕਤੀਆਂ ਨੇ ਉਸ ਨੂੰ ਆਪਣੇ ਹੇਠ ਹੀ ਰੱਖਿਆ (ਹਵਾਲਾ ਪੁਸਤਕ, ਪੰਜਾਬ ਦਾ ਸੰਤਾਪ 1947 ਤੋਂ 2015 ਤੱਕ, ਲੇਖਕ ਡਾ: ਗੁਰਦਰਸ਼ਨ ਸਿੰਘ ਢਿੱਲੋਂ) ਮੈਕਲੋਡ ਨੇ ਪੱਛਮੀ ਵਿਦਵਾਨਾਂ ਨੂੰ ਇਕ ਆਲੋਚਨਾਤਮਕ ਢਾਂਚਾ (Framework) ਤਿਆਰ ਕਰਕੇ ਦਿੱਤਾ ਜਿਸ ਦੇ ਦਾਇਰੇ ਵਿੱਚ ਹੀ ਉਨ੍ਹਾਂ ਦੀਆਂ ਸਿੱਖ ਵਿਰੋਧੀ ਲਿਖਤਾਂ ਘੁੰਮਦੀਆਂ ਹਨ । ਮੈਕਲੋਡ ਵੱਲੋਂ ਦਿੱਤੇ ਢਾਂਚੇ ਵਿੱਚ ਇਸ ਗੱਲ &lsquoਤੇ ਪੂਰਾ ਜ਼ੋਰ ਦਿੱਤਾ ਗਿਆ ਹੈ ਕਿ ਸਿੱਖ ਧਰਮ ਦੀ ਵੱਖਰੀ ਪਛਾਣ ਪਹਿਲੀ ਵਾਰੀ ਸਿੰਘ ਸਭਾ ਲਹਿਰ ਦੇ ਬਾਨੀਆਂ ਨੇ ਅੰਗ੍ਰੇਜ਼ੀ ਸਰਕਾਰ ਦੀ ਸਹਾਇਤਾ ਨਾਲ ਤਿਆਰ ਕਰਵਾਈ । ਮੈਕਲੋਡ ਕਹਿੰਦਾ ਹੈ ਇਸ ਤੋਂ ਪਹਿਲਾਂ ਨਾ ਤਾਂ ਸਿੱਖਾਂ ਨੂੰ ਆਪਣਾ ਵੱਖਰਾ ਧਰਮ ਹੋਣ ਦਾ ਗਿਆਨ ਸੀ ਤੇ ਨਾ ਹੀ ਉਨ੍ਹਾਂ ਦਾ ਕੋਈ ਵੱਖਰਾ ਇਤਿਹਾਸ ਸੀ । (ਨੋਟ-ਸਿੱਖਾਂ ਕੋਲ ਆਪਣੇ ਵੱਖਰੇ ਧਰਮ ਅਤੇ ਖ਼ਾਲਸਾ ਪੰਥ ਦੀ ਅੱਡਰੀ ਤੇ ਨਿਆਰੀ ਹੋਂਦ ਹਸਤੀ ਦਾ 239 (1469-1708) ਸਾਲ ਦਾ ਗੁਰੂ ਗ੍ਰੰਥ, ਗੁਰੂ ਖ਼ਾਲਸਾ ਪੰਥ ਦਾ ਮੌਲਿਕ ਸਿਧਾਂਤ ਤੇ ਇਤਿਹਾਸ ਮੌਜੂਦ ਹੈ) ਮੈਕਲੋਡ ਵਾਰ-ਵਾਰ ਦੁਹਰਾਉਂਦਾ ਹੈ ਕਿ ਗੁਰਮਤਿ ਸਿਧਾਂਤ ਨਹੀਂ ਹਨ ਅਤੇ ਸਿੱਖ ਪਰੰਪਰਾਵਾਂ ਹਿੰਦੂ ਧਰਮ ਦੀ ਦੇਣ ਹਨ । ਉਸ ਦਾ ਕਹਿਣਾ ਹੈ ਕਿ ਗੁਰੂ ਨਾਨਕ ਦਾ ਧਰਮ ਅੰਤਰਮੁਖੀ (interiority) ਧਰਮ ਹੈ ਅਤੇ ਸੰਤ ਪਰੰਪਰਾਵਾਂ ਨਾਲ ਮੇਲ ਰੱਖਦਾ ਹੈ ਅਤੇ ਇਸ ਵਿੱਚ ਨਾਮ ਸਿਮਰਨ ਤੋਂ ਬਿਨਾਂ ਸਮਾਜਿਕ ਤੇ ਰਾਜਸੀ ਪਹਿਲੂਆਂ ਦਾ ਕੋਈ ਸਥਾਨ ਨਹੀਂ । ਉਸ ਦਾ ਮੰਨਣਾ ਹੈ ਕਿ ਪਹਿਲੇ ਗੁਰੂ ਤੋਂ ਬਾਅਦ ਦੇ 9 ਗੁਰੂ, ਗੁਰੂ ਨਾਨਕ ਦੇ ਅੰਤਰ-ਮੁਖੀ ਧਰਮ ਦੀ ਉਲੰਘਣਾ ਕਰਦੇ ਹਨ । ਮੈਕਲੋਡ ਦੇ ਢਾਂਚੇ ਵਿੱਚ ਸਿੱਖ ਗੁਰੂਆਂ ਦੀ ਸ਼ਹਾਦਤ, ਖ਼ਾਲਸੇ ਦੀ ਸਿਰਜਣਾ ਅਤੇ ਦੱਸਵੇਂ ਗੁਰੂ ਵੱਲੋਂ ਦਿੱਤੇ ਸੰਤ ਸਿਪਾਹੀ ਦੇ ਮਹਾਨ ਸੰਕਲਪ ਦਾ ਬਿਲਕੁੱਲ ਕੋਈ ਮਹੱਤਵ ਨਹੀਂ ਹੈ । ਅਰਵਿੰਦਰਪਾਲ ਸਿੰਘ ਮੰਡੇਰ ਵੀ ਮੈਕਲੋਡ ਨੂੰ ਸਿੱਖੀ ਦੇ ਅਧਿਐਨ ਖੇਤਰ ਵਿੱਚ ਸਭ ਤੋਂ ਵੱਡੇ ਵਿਦਵਾਨ ਵਜੋਂ ਪੇਸ਼ ਕਰਦਾ ਹੈ । ਅਰਵਿੰਦਰਪਾਲ ਸਿੰਘ ਮੰਡੇਰ ਆਪਣੀ Religion and specter of the West Sikhism, India, postcoloniality and the politics of translation (ਦਾਸ ਪਾਸ ਇਹ ਕਿਤਾਬ ਮੌਜੂਦ ਹੈ) ਦੇ ਪੰਨਾ 255 &lsquoਤੇ ਗੁਰੂ ਨਾਨਕ ਸਾਹਿਬ ਤੋਂ ਬਾਅਦ 9 ਗੁਰੂ ਸਾਹਿਬ ਨੂੰ ਘੱਟ ਪੱਧਰ (weaker copies) ਦਾ ਦਰਜਾ ਦਿੰਦਾ ਹੈ ਅਤੇ ਪੰਨਾ 295 ਉੱਤੇ ਸਿੱਖ ਧਰਮ ਨੂੰ ਗੁਰੂ ਨਾਨਕ ਸਾਹਿਬ ਤੋਂ ਬਾਅਦ ਨਿਘਾਰਵਾਦੀ (Degenerative evolution) ਦੌਰ ਵਿੱਚ ਵਿਚਰਦਾ ਦੱਸਦਾ ਹੈ ਅਤੇ ਖ਼ਾਲਸੇ ਦੀ ਸਿਰਜਣਾ ਦਾ ਜ਼ਿਕਰ ਨਹੀਂ ਕਰਦਾ । ਅਰਵਿੰਦਰਪਾਲ ਸਿੰਘ ਵੱਲੋਂ ਗੁਰੂ ਨਾਨਕ ਜੋਤਿ ਦੀ ਏਕਤਾ ਤੇ ਇਕਸਾਰਤਾ, ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰ ਪਲਟੀਐ (ਅੰਗ 966) ਦੇ ਸਿੱਖੀ ਸਿਧਾਂਤ ਉੱਤੇ ਕੀਤਾ ਗਿਆ ਬਹੁਤ ਹੀ ਘਾਤਕ ਤੇ ਸਾਜਿਸ਼ੀ ਹਮਲਾ ਹੈ । ਖ਼ਾਲਸੇ ਦੀ ਸਿਰਜਣਾ, ਸਿੱਖ ਧਰਮ ਦਾ ਅਨਿੱਖੜਵਾਂ ਅੰਗ ਹੈ । ਗੁਰੂ ਨਾਨਕ ਨੂੰ ਖ਼ਾਲਸੇ ਦੀ ਸਿਰਜਣਾ ਨਾਲੋਂ ਅਲੱਗ ਨਹੀਂ ਕੀਤਾ ਜਾ ਸਕਦਾ । ਸਿੱਖ ਧਰਮ ਵਿੱਚ ਵਿਕਸਤ ਹੋਣ ਵਾਲੀਆਂ ਸਾਰੀਆਂ ਸੰਸਥਾਵਾਂ ਦਾ ਮੂਲ ਰੂਪ ਗੁਰੂ ਨਾਨਕ ਦੀ ਬਾਣੀ ਵਿੱਚ ਹੈ । ਸਿੱਖ ਧਰਮ ਵਿੱਚ ਜੋ ਵੀ ਸੰਸਥਾ ਖੜੀ ਕੀਤੀ ਗਈ, ਉਹ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚੋਂ ਪ੍ਰਾਪਤ ਸ਼ਬਦਾਂ ਦੇ ਅਰਥਾਂ ਉੱਤੇ ਹੀ ਉਸਾਰੀ ਗਈ । ਲਗਪਗ 200 ਸਾਲਾਂ ਦੇ ਉਪਦੇਸ਼, ਅਭਿਆਸ ਅਤੇ ਘਾੜਤ ਦੀ ਇਸ ਖ਼ਾਲਸ ਉਪਜ ਨੂੰ ਸਮੂਹਿਕ ਰੂਪ ਵਿੱਚ ਖ਼ਾਲਸਾ ਪੰਥ ਦਾ ਨਾਂ ਦਿੱਤਾ ਗਿਆ । ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੇ ਬਾਕੀ ਨੌਂ ਸਰੂਪਾਂ ਨੇ ਆਪਣੇ ਜਿਗਰ ਦਾ ਖੂਨ ਪਾ ਪਾ ਕੇ ਖ਼ਾਲਸਾ ਪੰਥ ਦੇ ਇਸ ਬੂਟੇ ਨੂੰ ਪਾਲਿਆ । ਲੋੜ ਪੈਣ ਉੱਤੇ ਸੱਚੇ ਪਾਤਸ਼ਾਹ ਨਾਨਕ ਤੱਤੀਆਂ ਤਵੀਆਂ ਉੱਤੇ ਬੈਠੇ, ਕ੍ਰਿਪਾਨ ਫੜਕੇ ਰਣ ਤੱਤੇ ਵਿੱਚ ਜੂਝੇ, ਜਲਾਦਾਂ ਦਾ ਵਾਰ ਆਪਣੇ ਪਰਮ-ਪਾਕ ਸੀਸ ਉੱਤੇ ਸਹਾਰਿਆ ਅਤੇ ਚਰਮ-ਸੀਮਾ ਉੱਤੇ ਪਹੁੰਚ ਕੇ ਆਪਣਾ ਸਰਬੰਸ ਇਸ ਪੁਤਰਨ ਕੇ ਸੀਸ ਪਰ ਵਾਰ ਦਿੱਤਾ । ਸੱਚੇ ਸਾਹਿਬ ਦੇ ਨਿਰਾਲੇ ਚੋਜ ਨਿਰਭੈ-ਨਿਰਵੈਰ ਪਹੁੰਚ, ਆਪਾ-ਵਾਰੂ ਪ੍ਰਵਿਰਤੀ ਨੇ ਸਦੀਆਂ ਦੇ ਦੱਬੇ-ਕੁਚਲੇ ਲੋਕਾਂ ਦੇ ਕਪਾਟ ਖੋਲ੍ਹ ਦਿੱਤੇ । ਉਹ ਹਰ ਕਿਸਮ ਦੇ ਭੈਅ ਨੁੰ ਵਿਸਾਰ ਕੇ ਲੋਹੜੇ ਦਾ ਆਤਮ ਵਿਸ਼ਵਾਸ਼ ਲੈਕੇ, ਸਵਾ ਲੱਖ ਨਾਲ ਜੂਝਣ ਦੇ ਜਜ਼ਬੇ ਅਧੀਨ ਵੱਡੇ ਤੋਂ ਵੱਡੇ ਜਰਵਾਣੇ ਨਾਲ ਦੋ ਹੱਥ ਕਰਨ ਲੱਗ ਪਏ । ਪਲਾਂ ਪਲਾਂ ਵਿੱਚ ਹਜਾਰਾਂ ਲੋਕ ਸਾਹਿਬਾਂ ਦਾ ਅੰਮ੍ਰਿਤ ਛੱਕ ਕੇ ਚਿੜੀਆਂ ਬਾਜਾਂ ਉੱਤੇ ਭਾਰੂ ਪੈਣ ਲੱਗ ਪਈਆਂ । ਮਨੁੱਖੀ ਜ਼ਮੀਰ ਨੇ ਅਜਿਹੀ ਕਰਵਟ ਲਈ ਕਿ ਹੰਨੇ-ਹੰਨੇ ਮੀਰ ਪੈਦਾ ਹੋ ਗਏ, ਸਭ ਜਾਲਮ ਮੈਦਾਨੋਂ ਖਦੇੜ ਦਿੱਤੇ ਗਏ ਅਤੇ ਸਹੀ ਮਾਅਨਿਆਂ ਵਿੱਚ ਏਥੇ ਪਹਿਲਾ ਲੋਕ ਰਾਜ ਸਥਾਪਤ ਹੋਇਆ । ਇਹ ਵੱਡਾ ਕ੍ਰਿਸ਼ਮਾ ਸੀ ਜੋ ਕਿਸੇ ਦੁਨੀਆਵੀ ਅੱਖ ਨੇ ਪਹਿਲਾਂ ਕਦੀ ਨਹੀਂ ਸੀ ਵੇਖਿਆ । ਮਨੁੱੁਖੀ ਜੀਵਨ ਦੀ ਧਰਾਤਲ ਦੀਆਂ ਕਦਰਾਂ-ਕੀਮਤਾਂ ਵਿੱਚ ਜੁਗਗਰਦੀ ਆ ਗਈ (ਹਵਾਲਾ ਪੁਸਤਕ ਓੜਕਿ ਸਚਿ ਰਹੀ-ਲੇਖਕ ਗੁਰਤੇਜ ਸਿੰਘ) ਆਸ ਕਰਦਾਂ ਹਾਂ ਕਿ ਅਰਵਿੰਦਰਪਾਲ ਸਿੰਘ ਮੰਡੇਰ ਸਮਝ ਜਾਵੇਗਾ ਕਿ ਸਿੱਖ ਧਰਮ ਗੁਰੂ ਨਾਨਕ ਸਾਹਿਬ ਤੋਂ ਬਾਅਦ ਨਿਘਾਰਵਾਦੀ ਦੌਰ ਵਿੱਚ ਨਹੀਂ ਵਿਚਰਿਆ ਸਗੋਂ ਰਬਾਬ ਦੀ ਤਾਰ ਤੋਂ ਅਰੰਭ ਹੋ ਕੇ ਖੰਡੇ ਦੀ ਧਾਰ &lsquoਤੇ ਜਾ ਕੇ ਸੰਪੂਰਨ ਹੋਇਆ । ਇਸ ਨੂੰ ਰਬਾਬ ਤੇ ਨਗਾਰੇ ਤੱਕ ਦਾ ਧਰਮ ਯੁੱਧ ਵੀ ਕਿਹਾ ਜਾਂਦਾ ਹੈ । ਇਹ ਕਹਿਣਾ ਵੀ ਕੋਈ ਅਤਕੱਥਨੀ ਨਹੀਂ ਹੈ ਕਿ ਸਿੱਖ ਧਰਮ ਤਾਂ ਖ਼ਾਲਸੇ ਦੀ ਸਿਰਜਣਾ ਤੋਂ ਬਾਅਦ ਸਗੋਂ ਆਪਣੇ ਪੂਰੇ ਜਾਹੋ-ਜਲਾਲ ਵਿੱਚ ਆਇਆ ਅਤੇ ਸੰਤ-ਸਿਪਾਹੀ ਦੇ ਸੰਕਲਪ ਨੂੰ ਅਮਲੀ ਰੂਪ ਦਿੱਤਾ । ਹਾਲ ਹੀ ਵਿੱਚ ਦਾਸ ਦਾ ਲੇਖ ਸੰਗ੍ਰਹਿ ਸਿੱਖ ਕੌਮ ਦੀ ਵਿਲੱਖਣ ਹੋਂਦ ਹਸਤੀ ਉੱਤੇ ਹਿੰਦੂਤਵ ਵੱਲੋਂ ਸਿਧਾਂਤਕ ਹਮਲੇ ਛਪਿਆ ਹੈ । ਜਿਥੇ ਸਿੱਖ ਕੌਮ ਦੀ ਵਿਲੱਖਣ ਹੋਂਦ ਹਸਤੀ ਉੱਤੇ ਹਿੰਦੂਤਵੀਆਂ ਵੱਲੋਂ ਕੀਤੇ ਜਾ ਰਹੇ ਸਿਧਾਂਤਕ ਹਮਲਿਆਂ ਦਾ ਜੁਆਬ ਦੇਣਾ ਜਰੂਰੀ ਹੈ, ਉਥੇ ਮੈਕਲੋਡ ਦੀ ਸਿੱਖ ਧਰਮ ਵਿਰੋਧੀ ਥੀਊਰੀ ਉੱਤੇ ਕੰਮ ਕਰ ਰਹੇ ਅਰਵਿੰਦਰਪਾਲ ਸਿੰਘ ਮੰਡੇਰ ਹੁਰਾਂ ਵੱਲੋਂ ਸਿੱਖ ਧਰਮ, ਸਿੱਖ ਕੌਮ ਉੱਤੇ ਕੀਤੇ ਜਾ ਰਹੇ ਘਾਤਕ ਹਮਲਿਆਂ ਦਾ ਜੁਆਬ ਦੇਣਾ ਵੀ ਜਰੂਰੀ ਹੈ । &ldquoਪੱਛਮ ਦੇ ਗਿਆਨਵਾਦੀ ਫਲਸਫ਼ੇ ਦੀ ਅਤੇ ਧੁਰ ਕੀ ਬਾਣੀ ਦੀ ਵਿਆਖਿਆ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ । ਗੁਰਬਾਣੀ ਇਲਹਾਮ ਹੈ, ਜਿਸ ਦਾ ਪ੍ਰਕਾਸ਼ ਗੁਰੂ ਸਾਹਿਬਾਨ ਦੇ ਜ਼ਰੀਏ ਇਸ ਧਰਤੀ &rsquoਤੇ ਹੋਇਆ । ਫ਼ਲਸਫ਼ੇ ਤਾਂ ਇੰਦਰੀਆਂ ਰਾਹੀਂ ਜਾਣਕਾਰੀ ਹਾਸਲ ਕਰਕੇ ਦਿਮਾਗੀ ਚਿੰਤਨ ਦੇ ਸਦਕਾ ਆਪਣੀ ਹੋਂਦ ਬਣਾਉਂਦੇ ਹਨ । ਪਰ ਗੁਰਬਾਣੀ ਕੋਈ ਦਿਮਾਗੀ ਚਿੰਤਨ ਰਾਹੀਂ ਹਾਸਲ ਹੋਇਆ ਗਿਆਨੀ ਨਹੀਂ ਹੈ । ਇਹ ਤਾਂ ਅਕਾਲ ਪੁਰਖ ਦੀ ਦਰਗਾਹ ਵਿਚੋਂ ਸ਼ਬਦ ਦੇ ਰੂਪ ਵਿੱਚ ਇਸ ਧਰਤੀ &rsquoਤੇ ਪ੍ਰਗਟ ਹੋਇਆ ਅਕਾਲੀ ਸੱਚ ਹੈ । ਗੁਰਬਾਣੀ ਜੁਗੋ ਜੁਗ ਅਟੱਲ ਹੈ ।&rdquo -ਹਵਾਲਾ ਖਾਲਸਾ ਫ਼ਤਹਿਨਾਮਾ 2015, ਪੰਨਾ 10
ਸਿੱਖ ਪੰਥ ਨੂੰ ਬ੍ਰਾਹਮਣਵਾਦੀ ਅਤੇ ਪੱਛਮੀ ਗਿਆਨੀ ਦੇ ਫ਼ਲਸਫ਼ੇ ਨਾਲੋਂ ਤੋੜ-ਵਿਛੋੜਾ ਕਰਨਾ ਪਵੇਗਾ । ਸਿੱਖ ਰੂਹ ਨੂੰ ਨਾਮ ਦੇ ਰੰਗਣ ਵਿੱਚ ਰੰਗਣਾਂ ਪਵੇਗਾ ਅਤੇ ਸੰਤ-ਸਿਪਾਹੀ ਦੇ ਸਿਧਾਂਤਾਂ &rsquoਤੇ ਦ੍ਰਿੜਤਾ ਨਾਲ ਪਹਿਰਾ ਦੇਣਾ ਪਵੇਗਾ ।
ਤਾਂ ਹੀ ਅਸੀਂ ਮੈਕਲੋਡ ਦੇ ਚੇਲਿਆਂ ਦੇ ਮਕੜ ਜਾਲ ਵਿੱਚੋਂ ਆਉਣ ਵਾਲੀ ਪੀੜ੍ਹੀ ਨੂੰ ਛੁਡਾ ਸਕਾਂਗੇ । ਦਾਸ ਦੀ ਸਾਰੇ ਪੰਥ ਪ੍ਰਸਤ ਲੇਖਕਾਂ ਨੂੰ ਬੇਨਤੀ ਹੈ ਕਿ ਮੈਕਲੋਡ ਦੇ ਚੇਲਿਆਂ ਵੱਲੋਂ ਸਿੱਖ ਧਰਮ ਦੀ ਵਿਲੱਖਣ ਹੋਂਦ ਹਸਤੀ ਉੱਤੇ ਕੀਤੇ ਜਾ ਰਹੇ ਸਿਧਾਂਤਕ ਹਮਲਿਆਂ ਨੂੰ ਗੰਭੀਰਤਾ ਨਾਲ ਲੈਣ ਅਤੇ ਇਸ ਵਿਸ਼ੇ &lsquoਤੇ ਵੱਧ ਤੋਂ ਵੱਧ ਸੈਮੀਨਾਰ ਕਰਨ/ਕਰਾਉਣ । ਸਿੱਖ ਸੰਸਥਾਵਾਂ ਨੂੰ ਵੀ ਇਹ ਮਾਰੂ ਹਮਲੇ ਰੋਕਣ ਲਈ ਉਪਰਾਲੇ ਕਰਨੇ ਚਾਹੀਦੇ ਹਨ ।
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ