ਸਾਬਕਾ ਕ੍ਰਿਕਟਰ ਅਜ਼ਹਰੂਦੀਨ ਤਿਲੰਗਾਨਾ ਸਰਕਾਰ ’ਚ ਮੰਤਰੀ ਬਣਿਆ

ਕਾਂਗਰਸ ਆਗੂ ਤੇ ਸਾਬਕਾ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਨੇ ਮੁੱਖ ਮੰਤਰੀ ਏ.ਰੇਵੰਤ ਰੈੱਡੀ ਦੀ ਕੈਬਨਿਟ ਵਿਚ ਮੰਤਰੀ ਵਜੋਂ ਹਲਫ਼ ਲਿਆ ਹੈ। ਰਾਜ ਸਭਨ ਵਿਚ ਹੋਏ ਇਕ ਸਾਦੇ ਸਮਾਗਮ ਦੌਰਾਨ ਰਾਜਪਾਲ ਜਿਸ਼ਨੂ ਦੇਵ ਵਰਮਾ ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਨੂੰ ਮੁੱਖ ਮੰਤਰੀ ਸਣੇ ਹੋਰ ਅਹਿਮ ਆਗੂਆਂ ਦੀ ਮੌਜੂਦਗੀ ਵਿਚ ਹਲਫ਼ ਦਿਵਾਇਆ।
ਅਜ਼ਹਰੂਦੀਨ ਦੀ ਸ਼ਮੂਲੀਅਤ ਮਗਰੋੋਂ ਰੇਵੰਤ ਰੈੱਡੀ ਕੈਬਨਿਟ ਵਿਚ ਮੰਤਰੀਆਂ ਦੀ ਕੁੱਲ ਗਿਣਤੀ ਵਧ ਕੇ 16 ਹੋ ਗਈ ਹੈ ਜਦੋਂਕਿ ਅਜੇ ਵੀ ਦੋ ਜਣਿਆਂ ਲਈ ਥਾਂ ਖਾਲੀ ਹੈ। ਤਿਲੰਗਾਨਾ ਅਸੈਂਬਲੀ ਦੀ ਸਮਰੱਥਾ ਮੁਤਾਬਕ ਤਿਲੰਗਾਨਾ ਸਰਕਾਰ ਵਿਚ ਕੁੱਲ 18 ਮੰਤਰੀ ਹੋ ਸਕਦੇ ਹਨ।
ਸਾਬਕਾ ਕ੍ਰਿਕਟਰ ਦੀ ਮੰਤਰੀ ਵਜੋਂ ਨਿਯੁਕਤੀ ਨੂੰ ਇੱਕ ਅਹਿਮ ਪੇਸ਼ਕਦਮੀ ਮੰਨਿਆ ਜਾ ਰਿਹਾ ਹੈ ਕਿਉਂਕਿ ਕਾਂਗਰਸ ਪਾਰਟੀ ਜੁਬਲੀ ਹਿਲਜ਼ ਹਲਕੇ ਦੀ ਜ਼ਿਮਨੀ ਚੋਣ ਪੂਰੇ ਜ਼ੋਰ-ਸ਼ੋਰ ਨਾਲ ਲੜ ਰਹੀ ਹੈ, ਜਿੱਥੇ ਇੱਕ ਲੱਖ ਤੋਂ ਵੱਧ ਮੁਸਲਿਮ ਵੋਟਰ ਫੈਸਲਾਕੁੰਨ ਭੂਮਿਕਾ ਨਿਭਾ ਸਕਦੇ ਹਨ।