ਜਬਰ ਜ਼ਨਾਹ ਤੇ ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਨੂੰ ਲਾਇਆ ਜ਼ਹਿਰ ਦਾ ਟੀਕਾ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਫਲੋਰਿਡਾ ਦੇ ਇੱਕ ਵਿਅਕਤੀ ਜਿਸ ਨੂੰ ਆਪਣੀ ਗਵਾਂਢਣ ਨਾਲ ਜਬਰ ਜ਼ਨਾਹ ਕਰਨ ਉਪਰੰਤ ਹੱਤਿਆ ਕਰਨ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਹੋਈ ਸੀ, ਨੂੰ ਅੱਜ ਜ਼ਹਿਰ ਦਾ ਟੀਕਾ ਲਾ ਦਿੱਤਾ ਗਿਆ ਜਿਸ ਦੇ ਕੁਝ ਮਿੰਟਾਂ ਬਾਅਦ ਉਸ ਦੀ ਮੌਤ ਹੋ ਗਈ। ਰਿਪਬਲੀਕਨ ਗਵਰਨਰ ਰੋਨ ਡੇਸੈਂਟਿਸ ਦੇ ਦਫਤਰ ਅਨੁਸਾਰ ਨਾਰਮੈਨ ਮੀਅਰਲ ਗ੍ਰਿਮ ਜੁਨੀਅਰ ਨੂੰ ਫਲੋਰਿਡਾ ਸਟੇਟ ਜੇਲ ਵਿੱਚ ਮੌਤ ਦਿੱਤੀ ਗਈ। ਉਸ ਨੂੰ ਸ਼ਾਮ 6.15 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ। ਅਦਾਲਤੀ ਰਿਕਾਰਡ ਅਨੁਸਾਰ ਗ੍ਰਿਮ ਨੇ ਸਿੰਥੀਆ ਕੈਂਪਬੈਲ ਨਾਮੀ ਔਰਤ ਦੀ ਬੁਰੀ ਤਰਾਂ ਹੱਤਿਆ ਕਰ ਦਿੱਤੀ ਸੀ। ਜੁਲਾਈ 1998 ਵਿੱਚ ਸਿੰਥੀਆ ਲਾਪਤਾ ਹੋ ਗਈ ਸੀ। ਬਾਅਦ ਵਿੱਚ ਉਸ ਦੀ ਲਾਸ਼ ਪੈਨਸਾਕੋਲਾ ਬੇਅ ਬਰਿਜ ਨੇੜੇ ਪਾਣੀ ਵਿਚੋਂ ਮਿਲੀ ਸੀ। ਉਸ ਦੇ ਚੇਹਰੇ ਤੇ ਸਿਰ ਵਿੱਚ ਡੂੰਘੀਆਂ ਸੱਟਾਂ ਮਾਰੀਆਂ ਗਈਆਂ ਸਨ। ਉਸ ਉਪਰ ਹਥੌੜੇ ਨਾਲ ਵਾਰ ਕੀਤਾ ਗਿਆ ਸੀ। ਪੋਸਟ ਮਾਰਟਮ ਰਿਪੋਰਟ ਅਨੁਸਾਰ ਉਸ ਦੀ ਛਾਤੀ &#39ਤੇ 11 ਚਾਕੂਆਂ ਦੇ ਜਖਮ ਸਨ ਜਿਨਾਂ ਵਿਚੋਂ 7 ਜਖਮ ਇਕੱਲੇ ਦਿੱਲ ਉਪਰ ਪਾਏ ਗਏ ਸਨ। ਹੋਰ ਸਬੂਤਾਂ ਤੋਂ ਇਲਾਵਾ ਗ੍ਰਿਮ ਨੂੰ ਡੀ ਐਨ ਏ ਟੈਸਟ ਵਿੱਚ ਵੀ ਦੋਸ਼ੀ ਪਾਇਆ ਗਿਆ ਸੀ।