ਨਵੰਬਰ 1984 ਸਿੱਖ ਕਤਲੇਆਮ ਦੇ ਸੱਚ ਦੀ ਕਹਾਣੀ ਮਰਹੂਮ ਜਰਨਲਿਸਟ ਸ: ਜਰੈਨਲ ਸਿੰਘ ਦੀ ਜ਼ੁਬਾਨੀ
ਸ: ਜਰਨੈਲ ਸਿੰਘ 2011 ਵਿੱਚ ਆਪਣੀ ਕਿਤਾਬ, 1984 : ਸਿੱਖ ਕਤਲੇਆਮ ਦਾ ਸੱਚ ਨੂੰ ਆਮ ਸੰਗਤਾਂ ਤੱਕ ਪਹੁੰਚਾਣ ਅਤੇ ਇਸ ਦਾ ਪ੍ਰਚਾਰ ਕਰਨ ਹਿੱਤ ਇੰਗਲੈਂਡ ਆਏ ਸਨ । 2009 ਵਿੱਚ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਨੂੰ ਕਾਂਗਰਸ ਨੇ ਕਲੀਨ ਚਿੱਟ ਦੇ ਦਿੱਤੀ । 2 ਅਪ੍ਰੈਲ 2009 ਨੂੰ ਦੇਸ਼ ਦੇ ਗ੍ਰਹਿ ਮੰਤਰੀ ਪੀ। ਚਿੰਦਬਰਮ ਨੇ ਟਾਈਟਲਰ ਨੂੰ ਕਲੀਨ ਚਿੱਟ ਮਿਲਣ ਤੇ ਖੁਸ਼ੀ ਦਾ ਇਜ਼ਹਾਰ ਕੀਤਾ । ਇਸ ਕਰਕੇ 7 ਅਪ੍ਰੈਲ ਨੂੰ ਜਰਨੈਲ ਸਿੰਘ ਨੇ ਕਾਂਗਰਸ ਦੇ ਮੁੱਖ-ਦਫ਼ਤਰ ਵਿੱਚ ਪ੍ਰੈੱਸ ਕਾਨਫਰੰਸ ਵਿੱਚ ਸਿੱਖਾਂ ਨਾਲ ਹੋ ਰਹੀ ਨਾ-ਇਨਸਾਫ਼ੀ ਤੇ ਦੋਸ਼ੀਆਂ ਨੂੰ ਬਚਾਉਣ ਦੀ ਸਾਜਿਸ਼ ਬਾਰੇ ਤਿੱਖੇ ਸੁਆਲ ਪੁੱਛੇ । ਜੁਆਬ ਵਿੱਚ ਕਿਹਾ ਗਿਆ ਕਿ ਉਹ ਪ੍ਰੈੱਸ ਕਾਨਫਰੰਸ ਦੀ ਦੁਰਵਰਤੋਂ ਕਰ ਰਹੇ ਹਨ ਤਾਂ ਜਰਨੈਲ ਸਿੰਘ ਨੇ ਗ੍ਰਹਿ ਮੰਤਰੀ ਵੱਲ ਆਪਣਾ ਜੁੱਤਾ ਸੁੱਟ ਕੇ ਇਸ ਅਣ-ਮਨੁੱਖੀ ਰਵੱਈਏ ਅਤੇ ਨਾ-ਇਨਸਾਫ਼ੀ ਦੇ ਖਿਲਾਫ਼ ਆਪਣਾ ਵਿਰੋਧ ਦਰਜ ਕਰਵਾਇਆ । ਮੀਡੀਆ ਨੇ ਇਸ ਨੂੰ ਅਹਿਮੀਅਤ ਦਿੱਤੀ ਅਤੇ ਦੁਨੀਆਂ ਭਰ ਵਿੱਚ 25 ਸਾਲਾਂ ਬਾਅਦ ਪਹਿਲੀ ਵਾਰ 1984 ਦੇ ਇਸ ਕਤਲੇਆਮ ਦਾ ਦਰਦ ਉੱਭਰ ਕੇ ਸਾਹਮਣੇ ਆਇਆ । ਸਿੱਖ ਸੜਕਾਂ ਤੇ ਉਤਰ ਆਏ ਅਤੇ ਦਬਾਅ ਕਰਕੇ ਮੁੱਖ ਆਰੋਪੀਆਂ ਦੇ ਟਿਕਟ ਰੱਦ ਕਰਨੇ ਪਏ । ਬਾਅਦ ਵਿੱਚ ਜਰਨੈਲ ਸਿੰਘ ਨੂੰ ਨੌਕਰੀ ਵਿੱਚੋਂ ਕੱਢ ਦਿੱਤਾ ਗਿਆ ਅਤੇ ਪੱਤਰਕਾਰਤਾ ਦਾ ਕਾਰਡ ਜ਼ਬਤ ਕਰ ਲਿਆ ਗਿਆ, ਪਰ ਉਨ੍ਹਾਂ ਨੇ ਸਿੱਖਾਂ ਨਾਲ ਹੋ ਰਹੀ ਨਾ-ਇਨਸਾਫ਼ੀ ਦੇ ਖਿਲਾਫ਼ ਲੜਾਈ ਜਾਰੀ ਰੱਖੀ ਅਤੇ ਉਨ੍ਹਾਂ ਨੇ 1984 : ਸਿੱਖ ਕਤਲੇਆਮ ਦਾ ਸੱਚ ਨੂੰ ਕਿਤਾਬੀ ਰੂਪ ਦੇ ਕੇ ਲੋਕਾਂ ਸਾਹਮਣੇ ਲਿਆਂਦਾ । 2011 ਵਿੱਚ ਜਦੋਂ ਸ: ਜਰਨੈਲ ਸਿੰਘ ਜੀ ਇੰਗਲੈਂਡ ਆਏ ਤਾਂ ਮੈਨੂੰ ਇਕ ਦੇਸੀ ਟੀ।ਵੀ। ਚੈਨਲ ਦੇ ਸਟੂਡੀਉ ਵਿੱਚ ਉਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਿਆ । ਨਵੰਬਰ 1984 ਨੂੰ ਦਿੱਲੀ ਵਿਖੇ ਸਿੱਖਾਂ ਦੇ ਹੋਏ ਸਮੂਹਿਕ ਕਤਲੇਆਮ ਬਾਰੇ ਖੁੱਲ੍ਹ ਕੇ ਵਿਚਾਰਾਂ ਹੋਈਆਂ ਅਤੇ ਅਸੀਂ ਦੋਹਵਾਂ ਨੇ ਉਸੇ ਦੇਸੀ ਟੀ।ਵੀ। ਚੈਨਲ &lsquoਤੇ ਜਰਨੈਲ ਸਿੰਘ ਦੀ ਕਿਤਾਬ ਨੂੰ ਪਰਮੋਟ ਕਰਨ ਲਈ ਸਾਂਝਾ ਪ੍ਰੋਗਰਾਮ ਵੀ ਕੀਤਾ । ਉਨ੍ਹਾਂ ਨੇ ਮੈਨੂੰ ਦੱਸਿਆ ਕਿ ਸਿੱਖ ਕਤਲੇਆਮ ਵੇਲੇ ਭਾਵੇਂ ਉਨ੍ਹਾਂ ਦੀ ਉਮਰ ਸਿਰਫ਼ 11 ਸਾਲ ਸੀ ਪਰ ਨਿਰਦੋਸ਼ੇ ਸਿੱਖਾਂ ਉੱਤੇ ਅਜਿਹਾ ਦਿਲ ਕੰਬਾਊ ਕਤਲੇਆਮ ਦਾ ਵਰਤਾਰਾ ਵੇਖਕੇ ਉਨ੍ਹਾਂ (ਜਰਨੈਲ ਸਿੰਘ) ਦੇ ਦਿਲ ਉੱਤੇ ਡੂੰਘੀ ਸੱਟ ਵੱਜੀ ਅਤੇ ਨਿਰਦੋਸ਼ ਸਿੱਖਾਂ ਉੱਤੇ ਹੋਏ ਇਸ ਘਿਨਾਉਣੇ ਜ਼ੁਲਮ ਵਿਰੁੱਧ ਅਵਾਜ਼ ਚੁੱਕਣ ਦਾ ਜਜ਼ਬਾ ਹੀ ਉਸ ਨੂੰ ਪੱਤਰਕਾਰਿਤਾ ਵੱਲ ਲੈ ਆਇਆ ਅਤੇ ਐੱਮ।ਏ। (ਪੋਲੀਟਿਕਲ ਸਾਇੰਸ) ਦੇ ਨਾਲ ਹੀ ਉਸ ਨੇ ਪੱਤਰਕਾਰਿਤਾ ਦਾ ਕੋਰਸ ਪੂਰਾ ਕੀਤਾ, ਕਰੜੀ ਮਿਹਨਤ ਬਾਅਦ ਕੌਮੀ ਮੀਡੀਏ ਵਿੱਚ ਆਪਣੀ ਇਕ ਥਾਂ ਬਣਾ ਲਈ । ਜਰਨੈਲ ਸਿੰਘ ਨੇ ਦੱਸਿਆ ਕਿ, 1984 : ਸਿੱਖ ਕਤਲੇਆਮ ਦਾ ਸੱਚ ਕਿਤਾਬ ਛੱਪਵਾਉਣ ਲਈ ਉਸ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜਿਹੜੀ ਗੱਲ ਵੀ ਮੈਂ ਲਿਖੀ ਪ੍ਰਕਾਸ਼ਕਾਂ ਹਰ ਗੱਲ ਦਾ ਠੋਸ ਸਬੂਤ ਮੇਰੇ ਕੋਲੋਂ ਮੰਗਿਆ, ਜੋ ਮੈਂ ਬੜੀ ਮਿਹਨਤ ਨਾਲ ਸਾਰੇ ਤੱਥ ਇਕੱਠੇ ਕਰਕੇ ਠੋਸ ਸਬੂਤਾਂ ਸਮੇਤ ਉਨ੍ਹਾਂ ਨੂੰ ਦਿੱਤੇ । ਜਰਨੈਲ ਸਿੰਘ ਦੀ ਉਕਤ ਕਿਤਾਬ ਵਿੱਚੋਂ ਦਾਸ ਕੁਝ ਅੰਸ਼ ਪਾਠਕਾਂ ਨਾਲ ਸਾਂਝੇ ਕਰੇਗਾ । ਆਪਣੀ ਕਿਤਾਬ ਵਿੱਚ ਨਿਰਦੋਸ਼ ਸਿੱਖਾਂ ਦੇ ਕਤਲੇਆਮ ਬਾਰੇ ਜਰਨੈਲ ਸਿੰਘ ਜੀ ਲਿਖਦੇ ਹਨ : 31 ਅਕਤੂਬਰ 1984 ਦੀ ਸ਼ਾਮ ਨੂੰ ਏਮਸ ਹਸਪਤਾਲ ਦੇ ਬਾਹਰ ਕੁਝ ਸ਼ਰਾਰਤਾਂ ਤਾਂ ਹੋਈਆਂ ਪਰ ਇਹ ਸਿੱਖਾਂ ਦੀ ਪਗੜੀ ਉਛਾਲਣ, ਬੇਇਜ਼ਤ ਕਰਨ ਜਾਂ ਕੁਝ ਮਾਰ-ਕੁੱਟ ਕਰਨ ਤੋਂ ਅੱਗੇ ਨਹੀਂ ਵਧੀਆਂ । ਪਰ ਪੀੜਤਾਂ ਦੇ ਹਲਫ਼ਨਾਮੇ ਦੱਸਦੇ ਹਨ ਕਿ ਫਿਰ ਰਾਤ ਨੂੰ ਕਾਂਗਰਸ ਨੇਤਾਵਾਂ ਦੀਆਂ ਬੈਠਕਾਂ ਹੋਈਆਂ ਤੇ ਨਿਰਦੇਸ਼ ਆ ਚੁੱਕੇ ਸਨ ਕਿ ਹੁਣ ਪੂਰੀ ਸਿੱਖ ਕੌਮ ਨੂੰ ਸਬਕ ਸਿਖਾਉਣਾ ਹੈ । ਸਿੱਖਾਂ ਤੇ ਉਨ੍ਹਾਂ ਦੇ ਘਰਾਂ ਨੂੰ ਸਾੜਨ ਲਈ ਬਕਾਇਦਾ ਤੇਜ਼ੀ ਨਾਲ ਅੱਗ ਲਾਉਣ ਵਾਲੇ ਪਾਊਡਰ ਦੀਆਂ ਬੋਰੀਆਂ ਮੰਗਵਾ ਕੇ ਦਿੱਲੀ ਵਿੱਚ ਵੰਡੀਆਂ ਗਈਆਂ । ਅੱਗ ਲਾਉਣ ਵਾਲੀਆਂ ਹਿੰਦੂ ਭੀੜਾਂ ਨੂੰ ਮਿੱਟੀ ਦਾ ਤੇਲ ਦੇਣ ਲਈ ਡਿਪੂਆਂ ਨੂੰ ਕਿਹਾ ਗਿਆ । ਸਿੱਖਾਂ ਦੇ ਘਰਾਂ ਦੀਆਂ ਵੋਟਰ ਲਿਸਟਾਂ ਵਿੱਚ ਨਿਸ਼ਾਨ ਦੇਹੀ ਕੀਤੀ ਗਈ । ਪੁਲਸ ਨੂੰ ਅੱਖਾਂ ਬੰਦ ਕਰਨ ਜਾਂ ਫਿਰ ਲੋੜ ਪੈਣ &lsquoਤੇ ਕਾਤਲ ਭੀੜਾਂ ਦਾ ਸਾਥ ਦੇਣ ਲਈ ਨਿਰਦੇਸ਼ ਦਿੱਤੇ ਗਏ । ਸਿੱਖਾਂ ਨੂੰ ਮਾਰਨ ਲਈ ਬਕਾਇਦਾ ਹਰਿਆਣੇ ਤੋਂ ਰੇਲ ਮੰਗਵਾਈ ਗਈ । ਡੀ।ਟੀ।ਸੀ। ਦੀਆਂ ਬੱਸਾਂ ਨੂੰ ਹਰਿਆਣਾ ਦੀਆਂ ਉਨ੍ਹਾਂ ਜਾਤਾਂ ਨੂੰ ਲਿਆਉਣ ਦੀ ਡਿਊਟੀ ਸੌਂਪੀ ਗਈ ਜੋ ਮਾਰ-ਕੁੱਟ ਤੇ ਲੁੱਟ-ਘਸੁੱਟ ਨੂੰ ਲੈ ਕੇ ਬਦਨਾਮ ਰਹੀਆਂ ਹਨ । ਜੋ ਝੁੱਗੀ-ਝੌਂਪੜੀਆਂ ਤੇ ਅਵੈਧ ਕਾਲੋਨੀਆਂ ਵੋਟ ਦੇ ਵਾਂਗ ਵਰਤੋਂ ਕਰਨ ਲਈ ਬਣਾਈਆਂ ਗਈਆਂ ਸਨ । ਉਥੋਂ ਦੇ ਲੋਕਾਂ ਨੂੰ ਲਾਲਚ ਵਿਖਾ ਕੇ ਲੁੱਟਣ ਤੇ ਮਾਰਨ ਨੂੰ ਕਿਹਾ ਗਿਆ । ਆਲਮ ਇਹ ਸੀ ਜਦੋਂ ਪੁਲਸ ਕਤਲੇਆਮ ਵਾਲੀ ਥਾਂ &lsquoਤੇ ਆ ਜਾਂਦੀ ਤਾਂ ਕਾਤਲ ਭੀੜਾਂ ਨੂੰ ਹੀ ਸਿੱਖਾਂ ਦਾ ਕਤਲੇਆਮ ਕਰਨ ਲਈ ਹੱਲਾ ਸ਼ੇਰੀ ਦਿੱਤੀ । ਜੇ ਕਿਧਰੇ ਸਿੱਖ ਗੁਰਦੁਆਰੇ ਬਚਾਉਣ ਲਈ ਇਕੱਠੇ ਹੋ ਜਾਂਦੇ ਤਾਂ ਪੁਲਸ ਉਨ੍ਹਾਂ ਕੋਲੋਂ ਹੱਥਿਆਰ ਇਹ ਆਖ ਕੇ ਲੈ ਲੈਂਦੀ ਕਿ ਹੁਣ ਅਸੀਂ ਤੁਹਾਡੀ ਰੱਖਿਆ ਕਰਾਂਗੇ । ਸਿੱਖਾਂ ਨੂੰ ਨਿਹੱਥੇ ਕਰਕੇ ਪੁਲਸ ਨੇ ਕਾਤਲ ਭੀੜਾਂ ਕੋਲੋਂ ਸਿੱਖਾਂ ਨੂੰ ਮਰਵਾਇਆ । ਜੇਕਰ ਕਿਸੇ ਨੇ ਬਚਾਉਣ ਲਈ ਫੋਨ ਕੀਤਾ ਤਾਂ ਕਿਹਾ ਗਿਆ ਕਿ ਚਿੰਤਾ ਨਾ ਕਰੋ ਤੁਹਾਨੂੰ ਸਾੜਨ ਵਾਲੇ ਵੀ ਆ ਰਹੇ ਹਨ । ਜੇਕਰ ਕੋਈ ਸਿੱਖ ਪੁਲਸ ਥਾਣੇ ਸ਼ਿਕਾਇਤ ਕਰਨ ਲਈ ਪਹੁੰਚ ਵੀ ਗਿਆ ਤਾਂ ਉਸ ਨੂੰ ਖ਼ੁਦ ਪੁਲਸ ਨੇ ਗੋਲੀ ਮਾਰੀ ਜਾਂ ਬੇਇੱਜ਼ਤ ਕਰਕੇ ਥਾਣੇ ਤੋਂ ਭਜਾ ਦਿੱਤਾ ਗਿਆ । ਆਤਮ ਸੁਰੱਖਿਆ ਲਈ ਲਾਇਸੰਸੀ ਹੱਥਿਆਰ ਕੱਢਣ ਵਾਲੇ ਸਿੱਖਾਂ ਦੇ ਖ਼ਿਲਾਫ਼ ਹੱਤਿਆ ਦੇ ਮੁਕੱਦਮੇ ਕਰਾਏ ਗਏ । ਪੁਲਸ ਦਾ ਕੰਮ ਇਕੱਠੇ ਹੋ ਰਹੇ ਸਿੱਖਾਂ ਨੂੰ ਵੱਖ-ਵੱਖ ਕਰਨਾ ਤੇ ਹੱਥਿਆਰ ਜ਼ਬਤ ਕਰਨ ਦੇ ਬਾਅਦ ਭੀੜ ਨੂੰ ਹਮਲਾ ਕਰਨ ਦੇ ਹੁਕਮ ਜਾਰੀ ਕਰਨਾ ਹੀ ਰਹਿ ਗਿਆ ਸੀ । ਇਸ ਕਤੇਲਆਮ ਦਾ ਤਰੀਕਾ ਪੂਰੀ ਦਿੱਲੀ ਵਿੱਚ ਇਕੋ ਜਿਹਾ ਸੀ । ਪਹਿਲਾਂ ਭੀੜ ਇਕੱਠੀ ਹੁੰਦੀ ਤੇ ਗੁਰਦੁਆਰੇ ਤੇ ਹਮਲਾ ਕਰਦੀ । ਜਦੋਂ ਸਿੱਖਾਂ ਵੱਲੋਂ ਵਿਰੋਧ ਹੋਣ ਲੱਗਦਾ ਤਾਂ ਪੁਲਸ ਉਲਟਾ ਗੁਰਦੁਆਰੇ ਤੇ ਹੋਏ ਹਮਲਾਵਰਾਂ ਦੀ ਮਦਦ ਕਰਦੀ । ਗੁਰਦੁਆਰੇ ਤੇ ਹਮਲਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾਂਦੀ । ਦੁਨੀਆਂ ਨੂੰ ਸ਼ਾਂਤੀ ਤੇ ਪਿਆਰ ਦਾ ਉਪਦੇਸ਼ ਦੇਣ ਵਾਲੇ ਇਸ ਇਸ਼ਟ ਦੇ ਸਰੂਪ ਨੂੰ ਫਾੜਿਆ ਜਾਂਦਾ, ਅੱਗ ਲਾਈ ਜਾਂਦੀ ਤੇ ਇਥੋਂ ਤੱਕ ਉਸ ਉੱਤੇ ਮਲ-ਮੂਤਰ ਵੀ ਸੁੱਟਿਆ ਜਾਂਦਾ । ਇਹ ਸੈਕੂਲਰ ਭਾਰਤ ਅੰਦਰ ਫਿਰਕੂਪਨੇ ਦੀ ਹੱਦ ਸੀ । ਸ: ਜਰਨੈਲ ਸਿੰਘ, 1984 : ਸਿੱਖ ਕਤਲੇਆਮ ਦਾ ਸੱਚ ਦੇ ਪੰਨਾ 57-58 ਉੱਤੇ ਲਿਖਦੇ ਹਨ । 1965 ਤੇ 1971 ਦੀਆਂ ਜੰਗਾਂ ਵਿੱਚ ਦੁਸ਼ਮਣਾਂ ਨਾਲ ਲੋਹਾ ਲੈ ਚੁੱਕੇ ਮਹਾਂ ਸਿੰਘ ਨੂੰ ਨਹੀਂ ਸੀ ਪਤਾ ਕਿ 1984 ਵਿੱਚ ਉਸ ਦਾ ਘਰ ਵੀ ਇਕ ਸਰਹੱਦ ਬਣ ਜਾਵੇਗਾ ਤੇ ਉਸ ਪਾਰ ਉਹ ਦੇਸ਼ ਵਾਸੀ ਹੀ ਦੁਸ਼ਮਣਾਂ ਦੇ ਤੌਰ &lsquoਤੇ ਖੜ੍ਹੇ ਹੋ ਜਾਣਗੇ ਜਿਨ੍ਹਾਂ ਦੀ ਸੁਰੱਖਿਆ ਲਈ ਉਸ ਨੇ 1965-1971 ਦੀਆਂ ਜੰਗਾਂ ਵਿੱਚ ਜਾਨ ਦੀ ਬਾਜ਼ੀ ਲਾ ਦਿੱਤੀ ਸੀ । ਵਹਿਸ਼ੀ ਹੋਈ ਭੀੜ ਨੇ ਭਾਰਤੀ ਫੌਜ ਤੋਂ ਰਿਟਾਇਰ ਇਸ ਹਵਾਲਦਾਰ ਦੀ ਪੱਗ ਉਛਾਲ ਦਿੱਤੀ । ਚੁੱਕਣ ਲਈ ਝੁਕੇ ਤਾਂ ਤਾਬੜ ਤੋੜ ਲੱਤਾਂ ਮੁੱਕੇ ਚਲਣੇ ਸ਼ੁਰੂ ਹੋ ਗਏ । ਹਿੰਸਕ ਭੀੜ ਨਾਅਰੇ ਲਾ ਰਹੀ ਸੀ ਮਾਰੋ ਇਨ ਸਰਦਾਰੋਂ ਕੋ, ਦੇਸ਼ ਕੇ ਗੱਦਾਰੋਂ ਕੋ । ਜਦੋਂ ਹਿੰਸਕ ਭੀੜ ਨੇ ਮਹਾਂ ਸਿੰਘ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਤਾਂ ਕੁਝ ਗਵਾਂਢੀਆਂ ਨੇ ਅੱਗੇ ਆ ਕੇ ਕਿਹਾ, ਭਾਈ ਯੇਹ ਤੋਂ ਪੁਰਾਣੇ ਫੌਜੀ ਹੈਂ, ਦੇਸ਼ ਕੇ ਲੀਏ ਲੜੇ ਹਨ । ਹੁਣ ਭੀੜ ਵਿੱਚੋਂ ਅਵਾਜ਼ ਆਈ, ਫੌਜ ਮੇਂ ਥੇ ਤੋ ਕਿਆ ਹੁਆ, ਹੈਂ ਤੋਂ ਸਰਦਾਰ ਹੀ, ਸਰਦਾਰ ਗੱਦਾਰ ਹੀ ਹੋਤਾ ਹੈ । ਪਿਉ ਨੂੰ ਭੀੜ ਦੇ ਹੱਥੋਂ ਇਸ ਤਰ੍ਹਾਂ ਮਾਰ ਖਾਂਦੇ ਹੋਏ ਵੇਖ ਕੇ ਉਸ ਦੇ ਛੋਟੇ ਪੁੱਤਰ ਹਰਕੀਰਤ ਸਿੰਘ ਤੋਂ ਰਿਹਾ ਨਾ ਗਿਆ । ਜਿਸ ਪਿਉ ਦੀ ਛਾਤੀ &lsquoਤੇ ਫੌਜ ਦੇ ਮੈਡਲ ਵੇਖਕੇ ਉਹ ਮਾਣ ਮਹਿਸੂਸ ਕਰਦਾ ਸੀ, ਉਸੇ ਛਾਤੀ ਤੇ ਉਹ ਅਕ੍ਰਿਤਘਣ ਲੋਕ ਬੇਰਹਿਮੀ ਨਾਲ ਡਾਂਗਾਂ ਮਾਰ ਰਹੇ ਸਨ, ਜਿਨ੍ਹਾਂ ਦੀ ਖ਼ਾਤਰ ਉਸ ਦੇ ਪਿਉ ਨੇ ਜੰਗਾਂ ਲੜਕੇ ਮੈਡਲ ਹਾਸਲ ਕੀਤੇ ਸਨ । ਉਹ ਆਪਣੇ ਪਿਤਾ ਨੂੰ ਭੀੜ ਹੱਥੋਂ ਇਸ ਤਰ੍ਹਾਂ ਮਾਰਦਿਆਂ ਨਹੀਂ ਸੀ ਦੇਖ ਸਕਦਾ, ਉਸ ਨੇ ਆਪਣੇ ਪਿਤਾ ਨੂੰ ਬਚਾਉਣ ਲਈ ਛੱਤ ਤੋਂ ਛਾਲ ਮਾਰ ਦਿੱਤੀ । ਇਕ ਪੁੱਤਰ ਨੇ ਆਪਣੇ ਪਿਤਾ ਨੂੰ ਬਚਾਉਣ ਲਈ ਆਪਣਾ ਫਰਜ਼ ਪੂਰਾ ਕਰ ਦਿੱਤਾ, ਪਰ ਵਹਿਸ਼ੀ ਹਿੰਸਕ ਭੀੜ ਨੇ ਮਾਸੂਮ ਹਰਕੀਰਤ ਸਿੰਘ ਦੇ ਵੀ ਸਰੀਰ ਦੇ ਤਿੰਨ ਟੁੱਕੜੇ ਕਰ ਦਿੱਤੇ । ਤਿੰਨ-ਚਾਰ ਦਿਨ ਸ਼ਰੇਆਮ ਹਿੰਸਕ ਹਿੰਦੂ ਭੀੜਾਂ ਨੇ ਸਿੱਖ ਔਰਤਾਂ ਦੇ ਬਲਾਤਕਾਰ ਕੀਤੇ, ਗਲਾਂ ਵਿੱਚ ਟਾਇਰ ਪਾ ਕੇ ਸਿੱਖਾਂ ਨੂੰ ਸਾੜਿਆ ਗਿਆ, ਉਨ੍ਹਾਂ ਦੀਆਂ ਦੁਕਾਨਾਂ ਲੁੱਟ ਲਈਆਂ ਗਈਆਂ ਅਤੇ ਸਾੜ ਦਿੱਤੀਆਂ ਗਈਆਂ । ਨਾਨਾਵਤੀ ਕਮਿਸ਼ਨ ਦੇ ਪੰਨਾ ਨੰ: 87 ਤੇ ਸੁਲਤਾਨਪੁਰੀ ਸਬੰਧੀ ਮੋਤਾ ਸਿੰਘ ਦਾ ਬਿਆਨ ਦਰਜ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਸੱਜਣ ਕੁਮਾਰ ਨੇ ਉਥੇ ਇਕੱਠੀ ਹੋਈ ਭੀੜ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸੀ ਕਿ ਜਿਸ ਨੇ ਵੀ ਰੌਸ਼ਨ ਸਿੰਘ ਤੇ ਭਾਗ ਸਿੰਘ ਦੀ ਹੱਤਿਆ ਕੀਤੀ ਹੈ ਉਨ੍ਹਾਂ ਨੂੰ 5000 ਰੁਪੈ ਇਨਾਮ ਦਿੱਤਾ ਜਾਵੇਗਾ । ਜੋ ਬਾਕੀ ਸਿੱਖਾਂ ਨੂੰ ਮਾਰਨਗੇ ਉਨ੍ਹਾਂ ਨੂੰ ਪ੍ਰਤੀ ਵਿਅਕਤੀ 1000 ਰੁਪੈ ਦਾ ਇਨਾਮ ਦਿੱਤਾ ਜਾਵੇਗਾ । ਫੌਜ ਦਿੱਲੀ ਵਿੱਚ ਮੌਜੂਦ ਸੀ ਪਰ ਉਸ ਨੂੰ ਲਾਇਆ ਨਹੀਂ ਗਿਆ । ਰਾਜਪਾਲ ਪੀ।ਜੀ। ਗੱਵਈ ਰਾਸ਼ਟਰਪਤੀ ਨੂੰ ਕਹਿ ਰਹੇ ਸੀ ਕਿ ਫੌਜ ਲਾਉਣ ਨਾਲ ਹਾਲਾਤ ਵਿਗੜ ਜਾਣਗੇ । ਇਸ ਤੋਂ ਵੱਡਾ ਨਿਰਲੱਜ ਕੁਤਰਕ ਕੀ ਹੋ ਸਕਦਾ ਸੀ । ਕਤਲੇਆਮ ਜਿਸ ਯੋਜਨਾ ਬੱਧ ਤਰੀਕੇ ਨਾਲ ਕੀਤਾ ਗਿਆ ਉਸ ਨੂੰ ਵੇਖਕੇ ਨਾਨਾਵਤੀ ਕਮਿਸ਼ਨ ਨੂੰ ਕਹਿਣਾ ਪਿਆ ਕਿ : ਕਤਲੇਆਮ ਸੰਗਠਿਤ ਤੇ ਸੁਨਿਯੋਜਿਤ ਢੰਗ ਨਾਲ ਕੀਤਾ ਗਿਆ ਸੀ । ਮਰਹੂਮ ਜਰਨਲਿਸਟ ਜਰਨੈਲ ਸਿੰਘ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਬਾਰੇ ਖੁੱਲ੍ਹਕੇ ਲਿਖਦੇ ਰਹੇ ਪਰ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ । ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਇਕ ਪੱਤਰਕਾਰ ਨੇ ਇਕ ਸੁਆਲ ਪੁੱਛਿਆ ਸੀ ਕਿ : ਕੀ ਤੁਸੀਂ ਅਦਾਲਤੀ ਨਿਆਂ ਵਿੱਚ ਵਿਸ਼ਵਾਸ ਰੱਖਦੇ ਹੋ ? ਤਾਂ ਸੰਤਾਂ ਨੇ ਜੁਆਬ ਦਿੱਤਾ ਸੀ ਹਾਂ, ਜੇ ਅਦਾਲਤ ਹੋਵੇ ਤਾਂ, ਇਥੇ ਅਦਾਲਤ ਹੈ ਹੀ ਨਹੀਂ, ਭਾਰਤੀ ਨਿਆਂ ਸਿੱਖਾਂ ਲਈ ਨਹੀਂ ਹੈ । ਸੰਤ ਜਰਨੈਲ ਸਿੰਘ ਦੀ ਉਕਤ ਭਵਿੱਖਬਾਣੀ ਅੱਜ ਸੌ ਫੀਸਦੀ ਸੱਚ ਸਾਬਤ ਹੋ ਰਹੀ ਹੈ । ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਸਿੱਖਾਂ ਦੀ ਹੋਈ ਨਸਲਕੁਸ਼ੀ ਨੂੰ 40 ਸਾਲ ਹੋ ਗਏ ਹਨ, ਪਰ ਸਿੱਖਾਂ ਨੂੰ ਭਾਰਤੀ ਅਦਾਲਤਾਂ ਵਿੱਚੋਂ ਨਿਆਂ ਨਹੀਂ ਮਿਲਿਆ ਤੇ ਨਾ ਹੀ ਮਿਲਣ ਦੀ ਆਸ ਹੈ । 1984 : ਸਿੱਖ ਕਤਲੇਆਮ ਦਾ ਸੱਚ ਦੇ ਲੇਖਕ ਜਰਨਲਿਸਟ ਜਰਨੈਲ ਸਿੰਘ ਭਾਵੇਂ ਅੱਜ ਸਾਡੇ ਵਿੱਚ ਨਹੀਂ ਰਹੇ ਪਰ ਉਨ੍ਹਾਂ ਦੀ ਇਹ ਕਿਤਾਬ ਨਵੰਬਰ 1984 ਵਿੱਚ ਹੋਈ ਸਿੱਖਾਂ ਦੀ ਨਸਲਕੁਸ਼ੀ ਦੀ ਮੂੰਹੋਂ ਬੋਲਦੀ ਤਸਵੀਰ ਹੈ । ਦਾਸ ਨੇ ਕੇਵਲ ਚੌਣਵੀਆਂ ਟੂਕਾਂ ਦੇ ਹਵਾਲੇ ਦਿੱਤੇ ਹਨ, ਪਰ ਪੂਰੀ ਕਿਤਾਬ ਸੱਚ ਵਿੱਚ ਹੀ 1984 : ਦੇ ਸਿੱਖ ਕਤਲੇਆਮ ਦਾ ਸੱਚ ਬਿਆਨ ਕਰਦੀ ਹੈ, ਇਹ ਕਿਤਾਬ ਹਰ ਘਰ ਵਿੱਚ ਹੋਣੀ ਚਾਹੀਦੀ ਹੈ ।
ਅੰਤ ਵਿੱਚ ਵਿੱਚ ਸਾਨੂੰ ਇਨ੍ਹਾਂ ਸੁਆਲਾਂ ਦੇ ਜੁਆਬ ਲੱਭਣ ਦੀ ਵੀ ਲੋੜ ਹੈ ਕਿ : ਤੋਪਾਂ ਟੈਂਕਾਂ ਨਾਲ ਅਕਾਲ ਤਖ਼ਤ ਢਾਉਣ ਵਾਲੀ ਇੰਦਰਾ ਗਾਂਧੀ ਦਾ ਬੁੱਤ ਪੰਜਾਬ ਵਿੱਚ ਲੱਗਾ ਹੋਇਆ ਹੈ ਅਤੇ ਨਵੰਬਰ 1984 ਵਿੱਚ ਸਿੱਖਾਂ ਦਾ ਸਮੂਹਿਕ ਕਤਲ ਕਰਾਉਣ ਵਾਲੇ ਰਾਜੀਵ ਗਾਂਧੀ ਦਾ ਬੁੱਤ ਵੀ ਪੰਜਾਬ ਵਿੱਚ ਲੱਗਾ ਹੋਇਆ ਹੈ । 84 ਦੇ ਸਿੱਖ ਕਤਲੇਆਮ ਵਿੱਚ ਆਰ।ਐੱਸ।ਐੱਸ। ਦੀ ਭੂਮਿਕਾ ਵੀ ਜ਼ਿਕਰਯੋਗ ਹੈ । ਆਰ।ਐੱਸ।ਐੱਸ। ਦੇ ਨਾਮਵਰ ਮਰਹੂਮ ਆਗੂ ਨਾਨਦੇਸ਼ਮੁੱਖ ਨੇ, ਇੰਦਰਾ ਕਾਂਗਰਸ, ਆਰ।ਐੱਸ।ਐੱਸ। ਗੱਠਜੋੜ ਦੇ ਸਿਰਲੇਖ ਹੇਠ ਇਕ ਲੰਬਾ-ਚੌੜਾ ਲੇਖ ਲਿਖ ਕੇ ਸਿੱਖਾਂ ਦੇ ਕਤਲੇਆਮ ਨੂੰ ਜਾਇਜ਼ ਠਹਿਰਾਉਣ ਦੀ ਥਿਊਰੀ ਨੂੰ ਅੱਗੇ ਵਧਾਇਆ ਸੀ । ਉਸ ਦੀ ਮੌਤ ਤੋਂ ਬਾਅਦ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਨੇ ਨਾਨਦੇਸ਼ਮੁੱਖ ਨੂੰ ਭਾਰਤ ਰਤਨ ਦੇ ਐਵਾਰਡ ਨਾਲ ਸਨਮਾਨਿਆ ਹੈ ਤੇ ਫਿਰ ਹੁਣ ਸਿੱਖ ਕੌਮ ਕਿਸ ਕੋਲੋਂ ਇਨਸਾਫ਼ ਭਾਲਦੀ ਹੈ ? 
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਯੂ।ਕੇ।