ਗਾਇਕ ਡਾ. ਸਤਿੰਦਰ ਸਰਤਾਜ ਨੂੰ "ਹਿੰਦ ਦੀ ਚਾਦਰ" ਗੀਤ ਲਈ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕੀਤਾ ਗਿਆ ਸਨਮਾਨਿਤ

ਨਵੀਂ ਦਿੱਲੀ,  (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਾਇਕ ਡਾ. ਸਤਿੰਦਰ ਸਰਤਾਜ ਨੂੰ ਉਹਨਾਂ ਦੇ ਗੀਤ &ldquoਹਿੰਦ ਦੀ ਚਾਦਰ&rdquo ਲਈ ਸਨਮਾਨਿਤ ਕੀਤਾ ਗਿਆ। ਅੱਜ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸਥਿਤ ਕਮੇਟੀ ਦੇ ਦਫ਼ਤਰ ਵਿੱਚ ਡਾ. ਸਰਤਾਜ ਦੇ ਆਗਮਨ ਉੱਤੇ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਚੇਅਰਮੈਨ ਸਰਦਾਰ ਜਸਪ੍ਰੀਤ ਸਿੰਘ ਕਰਮਸਰ, ਸਕੱਤਰ ਸਰਦਾਰ ਜੈਸਮੀਨ ਸਿੰਘ ਨੋਨੀ ਅਤੇ ਹੋਰ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਉਹਨਾਂ ਨੂੰ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਦਾ ਮਾਡਲ, ਇਤਿਹਾਸਕ ਸਿੱਕਾ ਅਤੇ ਸਿਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸਰਦਾਰ ਹਰਮੀਤ ਸਿੰਘ ਕਾਲਕਾ, ਸਰਦਾਰ ਜਗਦੀਪ ਸਿੰਘ ਕਾਹਲੋ ਅਤੇ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਗਾਇਕ ਵਜੋਂ ਡਾ. ਸਰਤਾਜ ਨੇ ਕਈ ਧਾਰਮਿਕ ਅਤੇ ਸਭਿਆਚਾਰਕ ਗੀਤ ਗਾਏ ਹਨ, ਪਰ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਦੇ 350ਵੇਂ ਸ਼ਹੀਦੀ ਦਿਵਸ ਉੱਤੇ ਉਹਨਾਂ ਵੱਲੋਂ ਗਾਇਆ ਗਿਆ &ldquoਹਿੰਦ ਦੀ ਚਾਦਰ&rdquo ਗੀਤ ਉਹਨਾਂ ਦੇ ਗਾਇਨ ਜੀਵਨ ਦਾ ਮੀਲ ਪੱਥਰ ਸਾਬਤ ਹੋਵੇਗਾ। ਦੇਸ਼ ਤੇ ਵਿਦੇਸ਼ ਵਿੱਚ ਜਦ ਲੋਕ ਇਹ ਗੀਤ ਆਪਣੇ ਘਰਾਂ ਤੇ ਗੱਡੀਆਂ ਵਿੱਚ ਸੁਣਣਗੇ, ਉਹਨਾਂ ਨੂੰ ਗੁਰੂ ਜੀ ਦੀ ਅਦੁੱਤੀ ਸ਼ਹਾਦਤ ਦਾ ਪੂਰਾ ਇਤਿਹਾਸ ਪਤਾ ਲੱਗੇਗਾ। ਇਸ ਗੀਤ ਵਿੱਚ ਡਾ. ਸਰਤਾਜ ਨੇ ਗੁਰੂ ਤੇਗ ਬਹਾਦੁਰ ਜੀ ਦੇ ਬਚਪਨ ਤੋਂ ਲੈ ਕੇ ਉਹਨਾਂ ਦੇ &ldquoਤੇਗ ਮਲ ਤੋਂ ਤੇਗ ਬਹਾਦੁਰ&rdquo ਬਣਨ ਤੱਕ ਦਾ ਸਫ਼ਰ, ਗੁਰਤਾ ਗੱਦੀ ਪ੍ਰਾਪਤ ਕਰਨਾ, ਕਸ਼ਮੀਰੀ ਪੰਡਤਾਂ ਦਾ ਗੁਰੂ ਜੀ ਕੋਲ ਫ਼ਰਿਆਦ ਲੈ ਕੇ ਆਉਣਾ, ਆਨੰਦਪੁਰ ਸਾਹਿਬ ਤੋਂ ਸ਼ਹੀਦੀ ਲਈ ਚੱਲ ਪੈਣਾ, ਆਗਰਾ ਵਿੱਚ ਗ੍ਰਿਫ਼ਤਾਰੀ, ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹਾਦਤ ਅਤੇ ਭਾਈ ਜੈਤਾ ਜੀ ਵੱਲੋਂ ਗੁਰੂ ਜੀ ਦਾ ਸੀਸ ਸ਼੍ਰੀ ਆਨੰਦਪੁਰ ਸਾਹਿਬ ਲੈ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਂਟ ਕਰਨਾ &mdash ਇਹ ਸਾਰਾ ਇਤਿਹਾਸ ਕੁਝ ਹੀ ਮਿੰਟਾਂ ਦੇ ਗੀਤ ਵਿੱਚ ਬਿਆਨ ਕੀਤਾ ਹੈ। ਸਰਦਾਰ ਕਾਲਕਾ, ਕਾਹਲੋ ਅਤੇ ਕਰਮਸਰ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸ਼ਹੀਦੀ ਸ਼ਤਾਬਦੀ ਵਜੋਂ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਕਮੇਟੀ ਵੱਲੋਂ ਖ਼ਾਸ ਗੀਤ ਤਿਆਰ ਕਰਵਾਇਆ ਜਾ ਰਿਹਾ ਸੀ, ਪਰ ਡਾ. ਸਰਤਾਜ ਦਾ ਇਹ ਗੀਤ ਸੁਣਣ ਤੋਂ ਬਾਅਦ ਹੁਣ ਇਸੇ ਨੂੰ ਸ਼ਹੀਦੀ ਸ਼ਤਾਬਦੀ ਦਾ ਮੁੱਖ ਗੀਤ ਬਣਾਉਂਦੇ ਹੋਏ ਹਰ ਦੇਸ਼ਵਾਸੀ ਨੂੰ &ldquoਹਿੰਦ ਦੀ ਚਾਦਰ&rdquo ਗੀਤ ਸੁਣਨ ਅਤੇ ਵੇਖਣ ਦੀ ਅਪੀਲ ਕੀਤੀ ਜਾਵੇਗੀ। ਅੱਜ ਦਿੱਲੀ ਆਉਣ ਤੇ ਕਮੇਟੀ ਵੱਲੋਂ ਡਾ. ਸਰਤਾਜ ਨੂੰ ਸਨਮਾਨਿਤ ਕੀਤਾ ਗਿਆ। ਡਾ. ਸਤਿੰਦਰ ਸਰਤਾਜ ਨੇ ਆਪਣੇ ਆਪ ਨੂੰ ਖੁਸ਼ਕਿਸਮਤ ਦੱਸਿਆ ਕਿ ਉਹਨਾਂ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਈ ਅਤੇ ਉਹਨਾਂ ਨੂੰ ਇਹ ਗੀਤ ਲਿਖਣ ਤੇ ਗਾਉਣ ਦਾ ਮੌਕਾ ਮਿਲਿਆ। ਉਹਨਾਂ ਕਿਹਾ ਕਿ ਆਮ ਤੌਰ &lsquoਤੇ ਉਹਨਾਂ ਦੇ ਸਾਰੇ ਗੀਤ ਪੰਜਾਬੀ ਵਿੱਚ ਹੁੰਦੇ ਹਨ, ਪਰ ਇਹ ਗੀਤ ਉਹਨਾਂ ਨੇ ਹਿੰਦੀ ਵਿੱਚ ਇਸ ਲਈ ਲਿਖਿਆ ਤਾਂ ਜੋ ਹਿੰਦੀ ਭਾਸ਼ਾ ਰਾਹੀਂ ਦੇਸ਼ ਦੇ ਹਰ ਰਾਜ ਅਤੇ ਹਰ ਘਰ ਤੱਕ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਦੀ ਕਹਾਣੀ ਪਹੁੰਚ ਸਕੇ।